ਡੀਏਵੀ ਕਾਲਜ ਦਾ ਪ੍ਰੋਫੈਸਰ ਜਾਂਚ ਕਮੇਟੀ ਕੋਲ ਪੇਸ਼
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 10 ਅਕਤੂਬਰ
ਇੱਥੋਂ ਦੇ ਡੀਏਵੀ ਕਾਲਜ ਸੈਕਟਰ-10 ਵਿਚ ਵਿਦਿਆਰਥਣਾਂ ਨੂੰ ਇਤਰਾਜ਼ਯੋਗ ਸੰਦੇਸ਼ ਭੇਜਣ ਦੇ ਮਾਮਲੇ ਵਿਚ ਅੱਜ ਅਸਿਸਟੈਂਟ ਪ੍ਰੋਫੈਸਰ ਜਾਂਚ ਕਮੇਟੀ ਕੋਲ ਪੇਸ਼ ਹੋਇਆ ਜਿਸ ਨੇ ਮੁੜ ਇਸ ਮਾਮਲੇ ਵਿਚ ਦੋਸ਼ ਨਕਾਰੇ ਹਨ। ਇਸ ਪ੍ਰੋਫੈਸਰ ਨੇ ਕਿਹਾ ਕਿ ਉਸ ਨੂੰ ਇਸ ਮਾਮਲੇ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਰਾਹੀਂ ਫਸਾਇਆ ਜਾ ਰਿਹਾ ਹੈ ਜਦਕਿ ਉਸ ਦਾ ਰਿਕਾਰਡ ਵੀ ਸਾਫ਼ ਹੈ। ਦੂਜੇ ਪਾਸੇ ਕਾਲਜ ਪ੍ਰਬੰਧਕਾਂ ਨੇ ਹਾਲੇ ਇਸ ਮਾਮਲੇ ’ਤੇ ਕੋਈ ਫੈਸਲਾ ਨਹੀਂ ਕੀਤਾ। ਕਾਲਜ ਪ੍ਰਬੰਧਕਾਂ ਨੇ ਸਿਰਫ ਇਹ ਹੀ ਕਿਹਾ ਕਿ ਹਾਲੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਜਾਣਕਾਰੀ ਅਨੁਸਾਰ ਇਸ ਕਾਲਜ ਦੇ ਇਕ ਪ੍ਰੋਫੈਸਰ ’ਤੇ ਐੱਨਐੱਸਐੱਸ ਦੀਆਂ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਨਿੱਜੀ ਖਾਤਿਆਂ ਵਿਚ ਦੇਰ ਰਾਤ ਇਤਰਾਜ਼ਯੋਗ ਸੰਦੇਸ਼ ਭੇਜਣ ਦੇ ਦੋਸ਼ ਲੱਗੇ ਸਨ। ਲੜਕੀਆਂ ਨੇ ਦੋਸ਼ ਲਾਇਆ ਸੀ ਕਿ ਇਹ ਅਸਿਸਟੈਂਟ ਪ੍ਰੋਫੈਸਰ ਇਨ੍ਹਾਂ ਸੰਦੇਸ਼ਾਂ ਨੂੰ ਬਾਅਦ ਵਿਚ ਡਿਲੀਟ ਕਰ ਦਿੰਦਾ ਸੀ। ਇਹ ਮਾਮਲਾ ਪਿਛਲੇ ਸਾਲ ਸਤੰਬਰ ਤੇ ਦਸੰਬਰ ਦਰਮਿਆਨ ਦਾ ਹੈ ਜਿਸ ਬਾਰੇ ਵਿਦਿਆਰਥਣਾਂ ਨੇ ਕਾਲਜ ਪ੍ਰਬੰਧਕਾਂ ਤੋਂ ਇਲਾਵਾ ਯੂਟੀ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਿਕਾਇਤ ਵਿਚ ਦੱਸਿਆ ਕਿ ਇਹ ਐਸੋਸੀਏਟ ਪ੍ਰੋਫੈਸਰ ਵਟਸ ਐਪ ਤੇ ਟੈਲੀਗ੍ਰਾਮ ’ਤੇ ਅੱਧੀ ਰਾਤ ਨੂੰ ਚੈਟ ਕਰਦਾ ਸੀ ਤੇ ਜਵਾਬ ਨਾ ਦੇਣ ’ਤੇ ਅਗਲੇ ਦਿਨ ਦੁਰਵਿਹਾਰ ਕਰਦਾ ਸੀ ਤੇ ਆਉਣ ਵਾਲੇ ਕੈਂਪ ਵਿਚੋਂ ਕੱਢਣ ਦੀਆਂ ਧਮਕੀਆਂ ਵੀ ਦਿੰਦਾ ਸੀ। ਕਾਲਜ ਪ੍ਰਬੰਧਕਾਂ ਨੇ ਇਸ ਪ੍ਰੋਫੈਸਰ ਨੂੰ ਜਾਂਚ ਸਮਾਪਤ ਹੋਣ ਤਕ ਛੁੱਟੀ ’ਤੇ ਭੇਜਿਆ ਹੋਇਆ ਹੈ। ਕਾਲਜ ਦੇ ਪ੍ਰਿੰਸੀਪਲ ਜੇ ਖੱਤਰੀ ਨੇ ਦੱਸਿਆ ਕਿ ਉਹ ਵਿਦਿਆਰਥਣਾਂ ਦੀ ਨਿੱਜਤਾ ਨੂੰ ਮੁੱਖ ਤਰਜੀਹ ਦੇ ਰਹੇ ਹਨ ਤੇ ਇਸ ਮਾਮਲੇ ਦੀ ਹਾਲੇ ਜਾਂਚ ਚਲ ਰਹੀ ਹੈ। ਉਨ੍ਹਾਂ ਦੱਸਿਆ ਕਿ ਕਾਲਜ ਵੱਲੋਂ ਪਾਰਦਰਸ਼ੀ ਢੰਗ ਨਾਲ ਜਾਂਚ ਕੀਤੀ ਜਾਵੇਗੀ।