ਪ੍ਰੋਫੈਸਰ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ: ਜਲਵੇੜਾ
ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ, 30 ਅਕਤੂਬਰ
ਪੰਜਾਬ ਦੇ ਪੰਜ ਦਰਜਨ ਸਰਕਾਰੀ ਕਾਲਜਾਂ ’ਚ ਕੰਮ ਕਰਦੇ 850 ਦੇ ਕਰੀਬ ਗੈਸਟ ਪ੍ਰੋਫੈਸਰਾਂ ਨੇ ਆਪਣੀ ਨੌਕਰੀ ਨਿਯਮਤ ਕਰਨ ਸਬੰਧੀ ਪੰਜਾਬ ਸਰਕਾਰ ਵੱਲੋਂ ਕੋਈ ਪੱਕੀ ਨੀਤੀ ਨਾ ਬਣਾਏ ਜਾਣ ਕਾਰਨ ਨਿਰਾਸ਼ਾ ਦੇ ਆਲਮ ’ਚ ਘਿਰੇ ਗੈਸਟ ਪ੍ਰੋਫੈਸਰਾਂ ਨੇ ਕਾਲੀ ਦਿਵਾਲੀ ਮਨਾਉਣ ਦਾ ਐਲਾਨ ਕੀਤਾ।
ਨੇੜਲੇ ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ ਤੂਰਾ ’ਚ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਗੈਸਟ ਪ੍ਰੋਫੈਸਰਾਂ ਦੀ ਅਗਵਾਈ ਕਰਦਿਆਂ ਸੰਯੁਕਤ ਫਰੰਟ ਦੇ ਆਗੂ ਪ੍ਰੋਫੈਸਰ ਧਰਮਜੀਤ ਜਲਵੇੜਾ ਨੇ ਕਿਹਾ ਕਿ ਉਚੇਰੀ ਸਿੱਖਿਆ ਵਿਭਾਗ ਦੇ ਮੰਤਰੀ ਅਤੇ ਅਫਸਰਾਂ ਨਾਲ਼ ਮੀਟਿੰਗਾਂ ਅਸਫਲ ਰਹਿਣ ਕਾਰਨ ਉਹ ਸੰਘਰਸ਼ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਭਗਵੰਤ ਮਾਨ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਨੌਕਰੀ ਨੂੰ ਨਿਯਮਤ ਕਰਨ ਲਈ ਜਲਦ ਕੋਈ ਨੀਤੀ ਬਣਾਈ ਜਾਵੇ ਜਿਸ ਨਾਲ਼ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ। ਇਸ ਮੌਕੇ ਪ੍ਰੋਫੈਸਰ ਕਮਾਲ, ਪ੍ਰੋਫੈਸਰ ਗੁਰਵਿੰਦਰ ਸਿੰਘ, ਪ੍ਰੋਫੈਸਰ ਲਖਵਿੰਦਰ ਸਿੰਘ, ਪ੍ਰੋਫੈਸਰ ਯਸ਼ਪ੍ਰੀਤ ਕੌਰ, ਪ੍ਰੋਫੈਸਰ ਰੀਤੂ ਰਾਣੀ, ਪ੍ਰੋਫੈਸਰ ਮਨਮੀਤ ਕੌਰ ਅਤੇ ਪ੍ਰੋਫੈਸਰ ਚਰਨਜੀਤ ਕੌਰ ਆਦਿ ਹਾਜ਼ਰ ਸਨ।