ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਬੱਡੀ ਦਾ ਪੇਸ਼ਾਵਰ ਖਿਡਾਰੀ ਬਲਵਿੰਦਰ ਫਿੱਡਾ

04:27 AM Dec 14, 2024 IST

ਪ੍ਰਿੰਸੀਪਲ ਸਰਵਣ ਸਿੰਘ
Advertisement

ਕਬੱਡੀ ਦੇ ਧੱਕੜ ਧਾਵੀ ਬਲਵਿੰਦਰ ਸਿੰਘ ਨੂੰ ਕੋਈ ਫਿੱਡਾ ਕਹਿੰਦਾ ਹੈ, ਕੋਈ ਫਿੱਡੂ। ਕੋਈ ਪੰਜਾਬ ਦਾ ਟਰੱਕ, ਕੋਈ ਟੈਂਕ। ਉਹ ਪਹਿਲਾ ਖਿਡਾਰੀ ਹੈ ਜਿਸ ਨੇ ਪੰਜਾਬੀਆਂ ਦੀ ਦੇਸੀ ਖੇਡ ‘ਕੌਡੀ’ ਨੂੰ ਪੌਂਡਾਂ ਤੇ ਡਾਲਰਾਂ ਦੀ ਖੇਡ ਬਣਾਇਆ। ਯਾਨੀ ਪੇਸ਼ਾਵਰ ਖੇਡ ਬਣਨ ਦੇ ਰਾਹ ਪਾਇਆ। ਉਸ ਨੇ ਪੰਜਾਬੀਆਂ ਦੀ ਮਾਂ ਖੇਡ ਕਹੀ ਜਾਂਦੀ ਕਬੱਡੀ ਦੇ ਸਿਰੋਂ ਕਰੋੜਾਂ ਕਮਾਏ। ਉਹ ਕਬੱਡੀ ਦੇ ਸਿਰ ’ਤੇ ਕਾਂਸਟੇਬਲ ਭਰਤੀ ਹੋਇਆ ਸੀ ਤੇ ਐੱਸ.ਪੀ. ਬਣ ਕੇ ਰਿਟਾਇਰ ਹੋਇਆ। ਹੁਣ ਉਹ ਕੈਨੇਡਾ ਦਾ ਪੱਕਾ ਪਰਵਾਸੀ ਹੈ। ਧੀਆਂ ਪੁੱਤ ਪਹਿਲਾਂ ਹੀ ਕੈਨੇਡਾ ਵਿੱਚ ਸੈੱਟ ਕਰ ਦਿੱਤੇ ਸਨ। ਗਰਮੀਆਂ ਉਹ ਕੈਨੇਡਾ ’ਚ ਕੱਟਦਾ ਹੈ, ਸਰਦੀਆਂ ਪੰਜਾਬ ਵਿੱਚ।
ਕਬੱਡੀ ਦੇ ਕੁਮੈਂਟੇਟਰਾਂ ਨੇ ਉਹਦਾ ਨਾਂ ਹਜ਼ਾਰਾਂ ਵਾਰ ਹਵਾ ਦੀਆਂ ਤਰੰਗਾਂ ’ਚ ਗੁੰਜਾਇਆ ਤੇ ਖੇਡ ਲੇਖਕਾਂ ਨੇ ਸੈਂਕੜੇ ਵਾਰ ਲਿਖਿਆ। ਉਹਦੀ ਮਸ਼ਹੂਰੀ ਦਾ ਕੋਈ ਲੇਖਾ ਨਹੀਂ ਰਿਹਾ। ਚੰਗੀ ਵੀ ਤੇ ਮੰਦੀ ਵੀ।
ਜਦੋਂ ਮੈਂ ਪੰਜਾਬ ਪਰਤ ਕੇ ਮੈਂ ਫਿੱਡੂ ਨੂੰ ਪੁਰੇਵਾਲ ਖੇਡ ਮੇਲੇ ’ਚ ਮਿਲਿਆ। ਮੈਨੂੰ ਉਹ ਉਦਾਸ ਤੇ ਉਪਰਾਮ ਲੱਗਾ। ਛੇ ਕੁ ਮਹੀਨਿਆਂ ਵਿੱਚ ਈ ਉਹ ਕਾਫ਼ੀ ਬਦਲ ਗਿਆ ਸੀ। ਪੀਲੇ ਚਿਹਰੇ ਉਤੇ ਲੰਮੀ ਤੇ ਭਰਵੀਂ ਦਾੜ੍ਹੀ ਨਾਲ ਪਹਿਲੀ ਨਜ਼ਰੇ ਮਸੀਂ ਸਿਆਣਿਆ ਗਿਆ। ਉਹਦੇ ਬੋਲਾਂ ’ਚੋਂ ਦਬਕਾ ਤੇ ਗੜ੍ਹਕਾ ਗਾਇਬ ਸੀ। ਉਹ ਬੜੀ ਹਲੀਮੀ ਨਾਲ ਧੀਮੀ ’ਵਾਜ਼ ਵਿੱਚ ਬੋਲ ਰਿਹਾ ਸੀ। ਚਿਹਰੇ ਤੋਂ ਗੁੱਸੇ ਗਿਲੇ ਦੀ ਝਲਕ ਸਾਫ਼ ਪੜ੍ਹੀ ਜਾ ਸਕਦੀ ਸੀ। ਉਸ ਨੂੰ ਡੂੰਘਾ ਰੰਜ ਸੀ ਕਿ ਅਰਜਨ ਐਵਾਰਡ ਨਾ ਦੇ ਕੇ ਉਸ ਨਾਲ ਵਿਤਕਰਾ ਕੀਤਾ ਜਾ ਰਿਹਾ ਸੀ। ਕੋਈ ਹਾਅ ਦਾ ਨਾਅਰਾ ਵੀ ਨਹੀਂ ਸੀ ਮਾਰ ਰਿਹਾ ਸਗੋਂ ਸ਼ਰੀਕ ਉਲਟੀਆਂ ਚਹੇਡਾਂ ਕਰ ਰਹੇ ਸਨ। ਬਾਅਦ ਵਿੱਚ ਉਸ ਨੂੰ ਅਰਜਨ ਐਵਾਰਡ ਮਿਲ ਗਿਆ ਸੀ। ਫਿੱਡੇ ਨੂੰ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲਿਆਂ ਵਿੱਚ ਸਨਮਾਨਿਆ ਜਾਂਦਾ ਰਿਹੈ। ਆਖ਼ਰ ਭਾਰਤ ਸਰਕਾਰ ਦਾ ਖੇਡ ਪੁਰਸਕਾਰ ਅਰਜਨ ਐਵਾਰਡ ਵੀ ਮਿਲ ਗਿਆ ਜੀਹਦੇ ਨਾਲ ਉਹਦੀ ਮਾਨਸਿਕ ਬੇਚੈਨੀ ਦਾ ਵੀ ਇਲਾਜ ਹੋ ਗਿਆ।

ਬਲਵਿੰਦਰ ਸਿੰਘ ਫਿੱਡਾ

ਬਲਵਿੰਦਰ ਸਿੰਘ ਫਿੱਡੇ ਦਾ ਜਨਮ 23 ਮਾਰਚ 1956 ਨੂੰ ਪਿੰਡ ਟਾਂਡੀ ਜ਼ਿਲ੍ਹਾ ਕਪੂਰਥਲਾ ਵਿੱਚ ਲੁਬਾਣੇ ਕਿਸਾਨ ਬੰਤਾ ਸਿੰਘ ਦੇ ਘਰ ਮਾਤਾ ਚਰਨ ਕੌਰ ਦੀ ਕੁੱਖੋਂ ਹੋਇਆ ਸੀ। ਉਹ ਚਾਰ ਭੈਣਾਂ ਤੇ ਚਾਰ ਭਰਾਵਾਂ ਵਿਚਾਲੇ ਚੌਥੀ ਥਾਂ ਜੰਮਿਆ ਸੀ। ਕਿਰਸਾਣੀ ਕੰਮਕਾਰ ’ਚ ਹੱਥ ਵਟਾਉਂਦਿਆਂ ਆਪਣੇ ਪਿੰਡ ਦੇ ਸਕੂਲ ਤੇ ਨਡਾਲੇ ਦੇ ਕਾਲਜ ਵਿੱਚ ਪੜ੍ਹਿਆ। ਫਿਰ ਬੀਬੀ ਰਾਜ ਕੌਰ ਨਾਲ ਵਿਆਹਿਆ ਗਿਆ ਜਿਸ ਦੀ ਕੁੱਖੋਂ ਦੋ ਪੁੱਤਰ ਸਤਿੰਦਰਜੀਤ ਸਿੰਘ ਤੇ ਬਲਰਾਜਵੀਰ ਸਿੰਘ ਅਤੇ ਦੋ ਧੀਆਂ ਰਵਿੰਦਰ ਕੌਰ ਤੇ ਉਪਿੰਦਰ ਕੌਰ ਨੇ ਜਨਮ ਲਿਆ। ਕਬੱਡੀ ਖੇਡਦੇ ਫਿੱਡੇ ਨੇ ਆਪਣੇ ਪਰਿਵਾਰ ਨੂੰ ਪੱਛਮੀ ਮੁਲਕਾਂ ਦੀ ਸੈਰ ਕਰਾਈ ਤੇ ਕੈਨੇਡਾ ਵਿੱਚ ਸੈੱਟ ਕਰ ਦਿੱਤਾ। ਵਿਦੇਸ਼ਾਂ ਵਿੱਚ ਉਸ ਨੂੰ ਇਨਾਮ ਵੀ ਚੋਖੇ ਮਿਲਦੇ ਰਹੇ।
ਉਸ ਨੇ ਕਬੱਡੀ ਖੇਡਣੀ ਛੱਡ ਦਿੱਤੀ ਸੀ, ਪਰ ਕਬੱਡੀ ਖਿਡਾਉਣੀ ਨਹੀਂ ਸੀ ਛੱਡੀ। ਉਹ ਕਬੱਡੀ ਦੀ ਕੋਚਿੰਗ ਦਿੰਦਾ ਰਿਹਾ ਤੇ ਕਬੱਡੀ ਦੇ ਟੂਰਨਾਮੈਂਟਾਂ ਦੀ ਸ਼ਾਨ ਬਣਦਾ ਰਿਹਾ। ਉਹ ਲਗਾਤਾਰ ਖੇਡ ਮੇਲਿਆਂ ’ਤੇ ਜਾਂਦਾ ਰਿਹਾ, ਦੇਸ਼ ਵਿੱਚ ਵੀ ਤੇ ਵਿਦੇਸ਼ ’ਚ ਵੀ। 2006 ’ਚ ਕਪੂਰਥਲੇ ਦੇ ਕਬੱਡੀ ਟੂਰਨਾਮੈਂਟ ਵਿੱਚ ਉਸ ਨੂੰ ਮਹਿੰਗੀ ਕਾਰ ਦਾ ਇਨਾਮ ਦੇ ਕੇ ਸਨਮਾਨਿਆ ਗਿਆ। ਕਬੱਡੀ ਤੇ ਫਿੱਡਾ ਹੀਰ ਰਾਂਝੇ ਵਾਂਗ ਜੁੜੇ ਨਾਂ ਹਨ। ਕਬੱਡੀ ਨਾਲ ਉਹਦਾ ਨਾਤਾ ਏਨਾ ਗੂੜ੍ਹਾ ਹੈ ਕਿ ਉਹ ਕਦੇ ਟੁੱਟ ਨਹੀਂ ਸਕਦਾ। ਫਿੱਡੇ ਨੇ ਕਬੱਡੀ ਨੂੰ ਕੱਲਰਾਂ ਦੀ ਖੇਡ ਤੋਂ ਖੇਡ ਭਵਨਾਂ ਦੀ ਖੇਡ ਬਣਾਇਆ ਤੇ ਕਬੱਡੀ ਨੇ ਵੀ ਉਸ ਨੂੰ ਮਾਲਾ ਮਾਲ ਕੀਤਾ। ਉਹ ਪੱਚੀ ਸਾਲ ਉੱਚ ਪੱਧਰੀ ਕਬੱਡੀ ਖੇਡਿਆ। ਖ਼ੁਦ ਪੇਸ਼ਾਵਰ ਖਿਡਾਰੀ ਬਣਿਆ ਤੇ ਕਬੱਡੀ ਨੂੰ ਵੀ ਪੇਸ਼ਾਵਰ ਖੇਡ ਬਣਾਇਆ। ਉਸ ਨੇ ਆਪਣੀ ਖੇਡ ਦੇ ਹਜ਼ਾਰਾਂ ਪ੍ਰਸੰਸਕ ਬਣਾਏ ਤੇ ਨਿੱਜ ਦੇ ਸੈਂਕੜੇ ਨਿੰਦਕ। ਇਹ ਸਤਰਾਂ ਲਿਖਦਿਆਂ ਮੈਨੂੰ ਉਹਦੀ ਖੇਡ ਤੇ ਉਹਦੇ ਵਿਹਾਰ ਦੇ ਅਨੇਕਾਂ ਦ੍ਰਿਸ਼ ਯਾਦ ਆ ਰਹੇ ਹਨ ਜਿਨ੍ਹਾਂ ’ਚੋਂ ਕੁਝ ਦਾ ਜ਼ਿਕਰ ਕਰਨਾ ਵਾਜਬ ਹੋਵੇਗਾ।
ਫਿੱਡੂ ਦੱਸਦੈ ਕਿ ਉਨ੍ਹਾਂ ਦੀ ਟੀਮ ਨੂੰ ਪੰਜ ਹਜ਼ਾਰ ਰੁਪਏ ਦਾ ਪਹਿਲਾ ਵੱਡਾ ਇਨਾਮ ਗੁਰਦੁਆਰਾ ਮਹਿਦੇਆਣਾ ਸਾਹਿਬ ਦੇ ਕਬੱਡੀ ਮੈਚ ’ਚ ਮਿਲਿਆ ਸੀ। ਮਹਿਦੇਆਣਾ ਸਾਡੇ ਪਿੰਡ ਚਕਰ, ਲੱਖਾ, ਮਾਣੂੰਕੇ ਤੇ ਮੱਲ੍ਹੇ ਵਿਚਕਾਰ ਹੈ। ਮੈਂ ਉਸ ਮੈਚ ਦਾ ਚਸ਼ਮਦੀਦ ਗਵਾਹ ਹਾਂ ਕਿਉਂਕਿ ਮਾਈਕ ਮੇਰੇ ਹੱਥ ਸੀ। ਇੱਕ ਪਾਸੇ ਕਪੂਰਥਲੇ ਦੀ ਟੀਮ ਸੀ ਤੇ ਦੂਜੇ ਪਾਸੇ ਲੁਧਿਆਣੇ ਦੀ। 1980 ਦੇ ਆਸ ਪਾਸ ਅਸੀਂ ਫਿੱਡੂ ਨੂੰ ਪੰਜ ਸੌ ਦੀ ਸਾਈ ਦੇ ਕੇ ਪੰਜ ਹਜ਼ਾਰ ਦੇ ਇਨਾਮ ਵਾਲਾ ਮੈਚ ਖੇਡਣ ਲਈ ਸੱਦਿਆ ਸੀ। ਫਿੱਡੂ ਤੇ ਉਹਦੇ ਸਾਥੀਆਂ ਨੂੰ ਸੱਚ ਨਹੀਂ ਸੀ ਆ ਰਿਹਾ ਕਿ ਕਬੱਡੀ ਖੇਡਣ ਦੇ ਸੱਚਮੁੱਚ ਪੰਜ ਹਜ਼ਾਰ ਮਿਲਣਗੇ। ਇਹ ਇਤਿਹਾਸਕ ਤੱਥ ਹੈ ਕਿ ਕਬੱਡੀ ਮਹਿਦੇਆਣੇ ਦੇ ਮੈਚ ਤੋਂ ਪੇਸ਼ਾਵਰ ਖੇਡ ਬਣਨ ਦੇ ਰਾਹ ਪਈ। ਫਿਰ ਪੰਜ ਹਜ਼ਾਰ ਤੋਂ ਵਧਦਾ-ਵਧਦਾ ਫਿੱਡੂ ਦਾ ਭਾਅ ਵੈਨਕੂਵਰ ਵਿੱਚ ਇੱਕ ਪੁਆਇੰਟ ਉਤੇ ਇੱਕ ਲੱਖ ਰੁਪਏ ਤੱਕ ਜਾ ਪੁੱਜਾ।
ਲੱਖ ਰੁਪਏ ਦੀ ਗੱਲ ਵੀ ਸੁਣ ਲਓ। 6 ਅਗਸਤ 1995 ਦੇ ਦਿਨ ਵੈਨਕੂਵਰ ਦੇ ਬੀਸੀ ਪਲੇਸ ਵਿੱਚ ਕਬੱਡੀ ਦਾ ਵਰਲਡ ਕੱਪ ਖੇਡਿਆ ਜਾਣਾ ਸੀ। ਹਜ਼ਾਰਾਂ ਦਰਸ਼ਕਾਂ ਦਾ ’ਕੱਠ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਦਾ ਮੈਚ ਉਡੀਕ ਰਿਹਾ ਸੀ। ਜਦੋਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਜੁਆਨ ਮੈਦਾਨ ’ਚ ਨਿੱਤਰੇ ਤਾਂ ਮੈਂ ਮਾਈਕ ਤੋਂ ਭੂਮਿਕਾ ਬੰਨ੍ਹੀ, “ਲਓ ਆ ਗਏ ਪੰਜਾਬ ਦੇ ਬੱਬਰ ਸ਼ੇਰ। ਮਾਵਾਂ ਦੇ ਬਲੀ ਪੁੱਤਰ। ਬਾਘੀਆਂ ਪਾਉਂਦੇ ਤੇ ਬੜ੍ਹਕਾਂ ਮਾਰਦੇ। ਸੋਹਣੇ ਸੁਡੌਲ ਜੁੱਸੇ, ਮੇਹਲਦੇ ਤੇ ਮਚਲਦੇ। ਨਿਗਾਹਾਂ ਤਿਲ੍ਹਕ ਤਿਲ੍ਹਕ ਪੈਂਦੀਆਂ। ਇਨ੍ਹਾਂ ਦੀ ਚੜ੍ਹਤ ਵੇਖੋ ਤੇ ਵੇਖਿਓ ਇਨ੍ਹਾਂ ਦੀਆਂ ਪਕੜਾਂ। ਇੱਕ ਇੱਕ ਕਬੱਡੀ ਲੱਖ-ਲੱਖ ਦੀ ਪਊ ਜੋ ਸਭਨਾਂ ਦਾ ਸੇਰ-ਸੇਰ ਲਹੂ ਵਧਾਊ। ਲਓ ਟੇਕ-ਤਾ ਧਰਤੀ ਮਾਂ ਨੂੰ ਮੱਥਾ ਤੇ ਹੋਣ ਲੱਗੇ ਆ ਨਿਤਾਰੇ...।”
ਮੈਚ ਸ਼ੁਰੂ ਹੋਇਆ ਤਾਂ ਇੱਕ ਪਾਕਿਸਤਾਨੀ ਸੱਜਣ ਨੇ ਮੈਨੂੰ ਕਿਹਾ ਪਈ ਐਲਾਨ ਕਰ ਦਿਓ ਕਿ ਪਾਕਿਸਤਾਨ ਦਾ ਜਿਹੜਾ ਜਾਫੀ ਹਿੰਦੁਸਤਾਨ ਦੇ ਫਿੱਡੂ ਜਾਂ ਹਰਜੀਤ ਨੂੰ ਡੱਕ ਗਿਆ ਉਹਨੂੰ ਪਾਕਿਸਤਾਨੀ ਕਰੰਸੀ ਵਿੱਚ ਇੱਕ ਲੱਖ ਰੁਪਿਆ ਇਨਾਮ ਦਿੱਤਾ ਜਾਵੇਗਾ, ਪਰ ਨਾ ਫਿੱਡੂ ਡੱਕਿਆ ਜਾ ਸਕਿਆ ਤੇ ਨਾ ਹੀ ਹਰਜੀਤ ਬਰਾੜ। ਟੋਰਾਂਟੋ ਵਿੱਚ ਫਿੱਡੂ ਦੀ ਇੱਕ ਰੇਡ ਉਤੇ ਤਿੰਨ ਹਜ਼ਾਰ ਡਾਲਰ ਇਨਾਮ ਲੱਗ ਗਿਆ ਸੀ। ਇੱਕ ਮੈਚ ਵਿੱਚ ਸਰੀਰ ਕਸਰਿਆ ਹੋਣ ਕਰਕੇ ਫਿੱਡੂ ਕਬੱਡੀ ਨਹੀਂ ਸੀ ਪਾ ਰਿਹਾ। ਇੱਕ ਸਰਦਾਰ ਨੇ ਪੰਜ ਸੌ ਡਾਲਰ ਮੈਨੂੰ ਫੜਹਉਂਦਿਆਂ ਕਿਹਾ ਕਿ ਫਿੱਡੂ ਤੋਂ ਕਬੱਡੀ ਪੁਆ ਦਿਓ ਤਾਂ ਇਹ ਇਨਾਮ ਉਹਦਾ। ਫਿੱਡੂ ਕੱਛਾਂ ’ਚ ਹੱਥ ਦੇਈ ਖੜ੍ਹਾ ਸੀ। ਜਦੋਂ ਮਾਈਕ ਤੋਂ ਡਾਲਰਾਂ ਦਾ ਐਲਾਨ ਹੋਇਆ ਤਾਂ ਫਿੱਡੂ ਨੇ ਖੜ੍ਹੇ ਖੜੋਤੇ ਛਾਲ ਮਾਰੀ ਤੇ ਥਾਪੀਆਂ ਮਾਰਦਾ ਕਬੱਡੀ ਪਾਉਣ ਲੱਗਾ।
1990 ਵਿੱਚ ਪੰਜਾਬੀਆਂ ਦੇ ਗੜ੍ਹ ਯੂਬਾ ਸਿਟੀ ਵਿੱਚ ਕਬੱਡੀ ਦਾ ਕੌਮਾਂਤਰੀ ਮੈਚ ਸੀ। ਦੀਦਾਰ ਸਿੰਘ ਬੈਂਸ ਹੋਰਾਂ ਨੇ ਮੈਨੂੰ ਮਾਈਕ ਦੀ ਥਾਂ ਵਿਸਲ ਫੜਾ ਦਿੱਤੀ। ਮੇਰੇ ਹੱਥ ਵਿਸਲ ਫੜੀ ਵੇਖ ਕੇ ਫਿੱਡੂ ਕਹਿਣ ਲੱਗਾ, “ਭਾਅ ਜੀ ਮੇਰੀ ਬਾਹਰ ਬੜੀ ਬਣੀ ਹੋਈ ਜੇ। ਮੇਰਾ ਖ਼ਿਆਲ ਰੱਖਣਾ।” ਮੈਂ ਆਖਿਆ, “ਮੈਂ ਸਭ ਦਾ ਖ਼ਿਆਲ ਰੱਖਾਂਗਾ। ਜੇ ਤੈਂ ਕਿਸੇ ਦੇ ਮੂੰਹ ’ਤੇ ਹੱਥੜ ਮਾਰਿਆ ਤਾਂ ਤੇਰੇ ਖ਼ਿਲਾਫ਼ ਵੀ ਪੈਂਟ੍ਹ ਦੇਵਾਂਗਾ। ਮੇਰੇ ਲਈ ਸਾਰੇ ਇੱਕੋ ਜਿਹੇ ਨੇ।” ਉੱਦਣ ਫਿੱਡੂ ਸਾਫ਼ ਸੁਥਰੀ ਖੇਡ ਖੇਡਿਆ। ਜਦੋਂ ਉਹ ਕਬੱਡੀ ਪਾਉਣ ਜਾਂਦਾ ਤਾਂ ਦਰਸ਼ਕ ਕੂਕਦੇ, “ਫੜ-ਲੋ ਇਹਨੂੰ, ਪੈ-ਜੋ ਲੱਤੀਂ। ਜਾਵੇ ਨਾ ਐਤਕੀਂ, ਰੱਖ-ਲੋ ’ਕੇਰਾਂ...।” ਪਰ ਉਹ ਕਿਸੇ ਤੋਂ ਡੱਕਿਆ ਨਹੀਂ ਸੀ ਜਾ ਰਿਹਾ। ਮੈਚ ਦੇ ਅਖ਼ੀਰ ਵਿੱਚ ਉਹ ਇੱਕ ਵਾਰ ਰੁਕਿਆ ਤਾਂ ਦਰਸ਼ਕਾਂ ਨੇ ਡਾਢੀ ਖ਼ੁਸ਼ੀ ਮਨਾਈ। ਉਨ੍ਹਾਂ ਨੇ ਬੀਅਰ ਦੀਆਂ ਡੱਬੀਆਂ ਹਵਾ ’ਚ ਚਲਾ ਮਾਰੀਆਂ ਤੇ ਪਾਣੀ ਪਿਆਉਣ ਵਾਲਿਆਂ ਨੇ ਜੱਗ ਸੁੱਟ ਦਿੱਤੇ। ਹਾਤ-ਹੂਤ ਕਰਦੇ ਕੈਲੀਫੋਰਨੀਆ ਦੇ ਪੰਜਾਬੀ ਮੁੰਡੇ ‘ਪੰਜਰੇਜ਼ੀ’ ਵਿੱਚ ਚੀਕਾਂ ਮਾਰਨ ਲੱਗੇ ਜਿਵੇਂ ਦੋਗਲੇ ਵੱਛੜੇ ਰੰਭਦੇ ਹੋਣ!
ਯੂਬਾ ਸਿਟੀ ਪਿੱਛੋਂ ਵੈਨਕੂਵਰ ਦਾ ਖੇਡ ਮੇਲਾ ਭਰਿਆ। ਉੱਥੇ ਫਿੱਡੂ ਇੱਕ ਵਾਰ ਵੀ ਨਾ ਡੱਕ ਹੋਇਆ। ਫਾਈਨਲ ਮੈਚ ਮੁੱਕਾ ਤਾਂ ਦਰਸ਼ਕ ਪਾਰਕ ’ਚੋਂ ਬਾਹਰ ਨਿਕਲਣ ਲੱਗੇ। ਮੈਂ ਵੇਖਿਆ ਕਿ ਸ਼ਰਾਬੀ ਹੋਇਆ ਇੱਕ ਬਾਬਾ ਮੇਪਲ ਰੁੱਖ ਨੂੰ ਮੁੜ ਮੁੜ ਜੱਫਾ ਮਾਰ ਕੇ ਆਖੀ ਜਾਵੇ, “ਮੈਂ ਮਣ ਘਿਓ ਖੁਆ ਦੇਣਾ ਆਵਦੇ ਮੁੰਡੇ ਨੂੰ ਤੇ ਅਗਲੇ ਸਾਲ ਫਿੱਡੂ ਨੂੰ ਅਏਂ ਜੱਫਾ ਲੁਆਉਣਾ!”
ਫਿੱਡੂ ਨੂੰ ਲੋਕਾਂ ਨੇ ਪਿੰਡਾਂ ਦੇ ਛੋਟੇ ਟੂਰਨਾਮੈਂਟਾਂ ਵਿੱਚ ਵੀ ਖੇਡਦੇ ਵੇਖਿਆ ਤੇ ਦੇਸਾਂ ਪਰਦੇਸਾਂ ਦੇ ਵੱਡੇ ਖੇਡ ਮੇਲਿਆਂ ਨੂੰ ਰੰਗ ਭਾਗ ਲਾਉਂਦੇ ਵੀ ਤੱਕਿਆ। ਉਹ ਹਾਰਾਂ ਨਾਲ ਲੱਦਿਆ ਜਾਂਦਾ ਤੇ ਮੋਢਿਆਂ ’ਤੇ ਚੁੱਕਿਆ ਜਾਂਦਾ। ਕਬੱਡੀ ਪ੍ਰੇਮੀ ਉਹਦੇ ਨਾਲ ਹੱਥ ਮਿਲਾਉਣ ਤੇ ਫੋਟੋ ਖਿਚਾਉਣ ਨੂੰ ਧੰਨਭਾਗ ਸਮਝਦੇ। ਉਹਦੀ ਖੇਡ ਉਤੇ ਡਾਲਰਾਂ ਤੇ ਪੌਂਡਾਂ ਦਾ ਮੀਂਹ ਵਰ੍ਹਦਾ। ਕੋਈ ਉਹਨੂੰ ‘ਪੰਜਾਬ ਦਾ ਟਰੱਕ’ ਕਹਿੰਦਾ ਤੇ ਕੋਈ ‘ਹੀਰੋ ਆਫ ਫਾਈਵ ਰਿਵਰਜ਼’ ਆਖਦਾ। ਉਸ ਨੂੰ ‘ਕਬੱਡੀ ਦਾ ਰੁਸਤਮੇ ਹਿੰਦ’ ਵੀ ਕਿਹਾ ਜਾਂਦਾ। ਦਾਇਰੇ ਵਾਲੀ ਕਬੱਡੀ ਤੋਂ ਬਿਨਾਂ ਉਸ ਨੇ ਕਬੱਡੀ ਨੈਸ਼ਨਲ ਸਟਾਈਲ ਵਿੱਚ ਵੀ ਬਥੇਰੀਆਂ ਧੁੰਮਾਂ ਪਾਈਆਂ ਤੇ ਪੰਜਾਬ ਲਈ ਅਨੇਕਾਂ ਵਾਰ ਕਬੱਡੀ ਦੀ ਨੈਸ਼ਨਲ ਚੈਂਪੀਅਨਸ਼ਿਪ ਜਿੱਤੀ। ਪੁਲੀਸ ਦੀਆਂ ਖੇਡਾਂ ਵਿੱਚ ਉਹ ਹਮੇਸ਼ਾਂ ਕਬੱਡੀ ਦੀ ਖੇਡ ਦਾ ਸਰਵੋਤਮ ਖਿਡਾਰੀ ਸਿੱਧ ਹੋਇਆ।
ਜਦੋਂ ਉਹ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸੀ ਤਾਂ ਉਹ ਸਭ ਤੋਂ ਨਿੱਕੇ ਕੱਦ ਵਾਲਾ ਮੁੰਡਾ ਸੀ। ਇੱਕ ਮਾਸਟਰ ਨੇ ਉਸ ਨੂੰ ਮਿੱਡਾ ਜਿਹਾ ਕਹਿ ਦਿੱਤਾ। ਨਾਲ ਦੇ ਜਮਾਤੀ ਉਸ ਨੂੰ ਮਿੱਡੇ ਤੋਂ ਫਿੱਡਾ ਕਹਿਣ ਲੱਗ ਪਏ ਤੇ ਉਹਦਾ ਨਾਂ ਹੀ ਫਿੱਡਾ ਪੱਕ ਗਿਆ। ਹੁਣ ਉਸ ਨੇ ਸਾਰੇ ਐਬ ਛੱਡ ਦਿੱਤੇ ਹਨ ਤੇ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ ਹੈ। ਉਸ ਦੀ ਲੰਮੀ ਝੂਲਦੀ ਦਾੜ੍ਹੀ ਦੂਰੋਂ ਹੀ ਦਿਸ ਪੈਂਦੀ ਹੈ। ਬੰਗਿਆਂ ਵਾਲੇ ‘ਸੁਹੇਲੇ’ ਨੇ ਉਹਦੇ ਬਾਰੇ ਸਚਿੱਤਰ ਪੁਸਤਕ ਛਾਪੀ ਸੀ ਜਿਸ ਨੂੰ ਕਬੱਡੀ ਦਾ ਗਰੰਥ ਕਿਹਾ ਜਾ ਸਕਦੈ।
ਮੈਂ ਭਾਵੇਂ ਕਬੱਡੀ ਮੇਲਿਆਂ ’ਚ ਜਾਣਾ ਘਟਾ ਦਿੱਤਾ ਹੈ ਫਿਰ ਵੀ ਫਿੱਡੇ ਵਰਗਿਆਂ ਦੇ ਦਰਸ਼ਨ ਹੋ ਹੀ ਜਾਂਦੇ ਹਨ। 3 ਨਵੰਬਰ 2024 ਦਾ ਦਿਨ ਜੋ ਕੈਨੇਡਾ ਤੇ ਭਾਰਤ ਦੀਆਂ ਮਾੜੀਆਂ ਖ਼ਬਰਾਂ ਦਾ ਦਿਨ ਬਣਿਆ ਅਸੀਂ ਪੈਨਸ਼ਨ ਲਈ ਲਾਈਫ ਸਰਟੀਫਿਕੇਟ ਬਣਾਉਣ ਗਏ ਗੋਰ ਮੰਦਰ ’ਚ ਮਿਲ ਪਏ। ਅਸੀਂ ਮੰਦਰ ਦੇ ਅੰਦਰ ਬੈਠੇ ਗੱਲਾਂ ’ਚ ਏਨੇ ਮਸਤ ਹੋਏ ਕਿ ਪਤਾ ਹੀ ਨਾ ਲੱਗਾ ਕਿ ਬਾਹਰ ਸੜਕ ’ਤੇ ਕੋਈ ਮੁਜ਼ਾਹਰਾ ਵੀ ਹੋ ਰਿਹੈ। ਫਿੱਡੂ ਅਜੇ ਕਾਇਮ ਹੈ ਤੇ ਕਾਇਮ ਰਹਿਣ ਲਈ ਵਰਜਿਸ਼ ਵੀ ਕਰਦਾ ਹੈ। ਕੁਦਰਤ ਕਰੇ ਕਿ ਉਹ ਲੰਮੀ ਉਮਰ ਜੀਵੇ ਤੇ ਕਬੱਡੀ ਦੀ ਖੇਡ ਨੂੰ ਹੋਰ ਰੰਗ ਭਾਗ ਲਾਵੇ।
ਈ-ਮੇਲ: principalsarwansingh@gmail.com

Advertisement

Advertisement