ਨਿਊਯਾਰਕ ’ਚ ਹਿੰਦੂ ਮੰਦਰ ਦੇ ਬਾਹਰ ਅਪਸ਼ਬਦ ਲਿਖੇ
ਨਿਊਯਾਰਕ, 17 ਸਤੰਬਰ
ਅਮਰੀਕਾ ਦੇ ਨਿਊਯਾਰਕ ’ਚ ਬੀਏਪੀਐੱਸ ਸਵਾਮੀਨਾਰਾਇਣ ਮੰਦਰ ਦੇ ਬਾਹਰ ਸ਼ਰਾਰਤੀ ਅਨਸਰਾਂ ਵੱਲੋਂ ਅਪਸ਼ਬਦ ਲਿਖੇ ਗਏ ਹਨ। ਇਸ ਘਟਨਾ ਦੀ ਭਾਰਤੀ ਕੌਂਸੁਲੇਟ ਜਨਰਲ ਨੇ ਆਲੋਚਨਾ ਕਰਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਨਿਊਯਾਰਕ ਸਥਿਤ ਭਾਰਤੀ ਕੌਂਸੁਲੇਟ ਨੇ ਐਕਸ ’ਤੇ ਪੋਸਟ ਕੀਤਾ, ‘ਨਿਊਯਾਰਕ ਦੇ ਮੇਲਵਿਲੇ ’ਚ ਬੀਏਪੀਐੱਸ ਸਵਾਮੀਨਾਰਾਇਣ ਮੰਦਰ ਦੇ ਨੇੜੇ ਸੰਕੇਤਕ ਬੋਰਡਾਂ ’ਤੇ ਅਪਸ਼ਬਦ ਲਿਖੇ ਜਾਣ ਦੀ ਘਟਨਾ ਸਵੀਕਾਰ ਨਹੀਂ ਕੀਤੀ ਜਾ ਸਕਦੀ।’ ਉਨ੍ਹਾਂ ਕਿਹਾ ਕਿ ਦੂਤਘਰ ਭਾਈਚਾਰੇ ਦੇ ਸੰਪਰਕ ਵਿੱਚ ਹੈ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਤੁਰੰਤ ਕਾਰਵਾਈ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਅਧਿਕਾਰੀਆਂ ਸਾਹਮਣੇ ਇਹ ਮਾਮਲਾ ਉਠਾਇਆ ਗਿਆ ਹੈ। ਅਮਰੀਕੀ ਸੰਸਦ ਮੈਂਬਰਾਂ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਫੁਟੇਜ ਅਨੁਸਾਰ ਮੰਦਰ ਦੇ ਬਾਹਰ ਸੜਕ ਅਤੇ ਪ੍ਰਤੀਕ ਚਿੰਨ੍ਹਾਂ ’ਤੇ ਸਪਰੇਅ ਪੇਂਟ ਨਾਲ ਇਤਰਾਜ਼ਯੋਗ ਸ਼ਬਦ ਲਿਖੇ ਗਏ ਹਨ। ਜ਼ਿਕਰਯੋਗ ਹੈ ਕਿ ਮੇਲਵਿਲੇ, ਲੌਂਗ ਆਈਲੈਂਡ ਦੇ ਸਫੋਲਕ ਕਾਊਂਟੀ ’ਚ ਸਥਿਤ ਹੈ ਅਤੇ ਨਾਸਾਊ ਵੈਟਰਨਜ਼ ਯਾਦਗਾਰ ਕੋਲਿਜਿਅਮ ਤੋਂ ਤਕਰੀਬਨ 28 ਕਿਲੋਮੀਟਰ ਦੂਰ ਹੈ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਸਤੰਬਰ ਨੂੰ ਭਾਈਚਾਰਕ ਸਮਾਗਮ ਨੂੰ ਸੰਬੋਧਨ ਕਰਨ ਵਾਲੇ ਹਨ। -ਪੀਟੀਆਈ