ਅਣਹੋਇਆਂ ਨੂੰ ਹੋਇਆਂ ’ਚ ਸ਼ਾਮਲ ਕਰਨ ਵਾਲਾ ਪ੍ਰੋ. ਗੁਰਦਿਆਲ ਸਿੰਘ
ਨਿਰੰਜਣ ਬੋਹਾ
ਅਸੀਂ ਇਹ ਤਾਂ ਜਾਣਦੇ ਹਾਂ ਕਿ ਉੱਘੇ ਨਾਵਲਕਾਰ ਪ੍ਰੋ. ਗੁਰਦਿਆਲ ਸਿੰਘ ਦਾ ਜਨਮ 10 ਜਨਵਰੀ 1933 ਨੂੰ ਹੋਇਆ ਤੇ ਉਹ 16 ਅਗਸਤ 2016 ਨੂੰ ਸਾਨੂੰ ਸਰੀਰਕ ਰੂਪ ਵਿਚ ਅਲਵਿਦਾ ਕਹਿ ਗਏ, ਪਰ ਉਨ੍ਹਾਂ ਦੀ ਵਿਚਾਰਧਾਰਕ ਉਮਰ ਸਾਡੀਆਂ ਗਿਣਤੀਆਂ ਮਿਣਤੀਆਂ ਵਿਚ ਨਹੀਂ ਆਉਂਦੀ। ਉਨ੍ਹਾਂ ਵਿਚਾਰਧਾਰਕ ਤੌਰ ‘ਤੇ ਕਿੰਨਾ ਚਿਰ ਜਿਉਣਾ ਹੈ ਤੇ ਸਾਡੀਆਂ ਆਉਣ ਵਾਲੀਆਂ ਕਿੰਨੀਆਂ ਪੀੜ੍ਹੀਆਂ ਨੇ ਉਨ੍ਹਾਂ ਦੀ ਸਾਹਿਤਕ ਦੇਣ ‘ਤੇ ਸੰਵਾਦ ਰਚਾਉਣਾ ਹੈ, ਇਸ ਬਾਰੇ ਅਸੀਂ ਕੋਈ ਪੁਖ਼ਤਾ ਫ਼ੈਸਲਾ ਨਹੀਂ ਦੇ ਸਕਦੇ। ਕਿਸੇ ਲੇਖਕ, ਚਿੰਤਕ ਜਾਂ ਵਿਦਵਾਨ ਦੇ ਵਿਚਾਰਧਾਰਕ ਫਲਸਫੇ ਦੀ ਮਹਾਨਤਾ ਦਾ ਅਸਲ ਮਾਪਦੰਡ ਇਹੀ ਹੁੰਦਾ ਹੈ ਕਿ ਉਹ ਆਪਣੇ ਦੇਹਾਂਤ ਤੋਂ ਬਾਅਦ ਵੀ ਸਦੀਆਂ ਤੱਕ ਜੀਵੇ ਤੇ ਆਪਣੇ ਜਿਉਂਦੇ ਜੀਅ ਆਪਣੀ ਵਿਚਾਰਧਾਰਾ ਦੀ ਸੰਭਾਲ ਕਰਨ ਵਾਲੇ ਵਾਰਸ ਪੈਦਾ ਕਰ ਕੇ ਜਾਵੇ।
ਪੰਜਾਬੀ ਨਾਵਲ ਦੀ ਜਿਹੜੀ ਕਲਾਸਿਕ ਪਛਾਣ ਗੁਰਦਿਆਲ ਸਿੰਘ ਦੇ ਨਾਵਲ ‘ਮੜ੍ਹੀ ਦਾ ਦੀਵਾ’ ਦੇ ਹਿੱਸੇ ਆਈ ਹੈ ਉਹ ਅਜੇ ਤੱਕ ਕਿਸੇ ਹੋਰ ਪੰਜਾਬੀ ਨਾਵਲ ਨੂੰ ਨਸੀਬ ਨਹੀਂ ਹੋਈ। ਸੰਨ 1964 ਵਿਚ ਪ੍ਰਕਾਸ਼ਿਤ ਉਸਦੇ ਇਸ ਪਹਿਲੇ ਨਾਵਲ ਨੇ ਇਕਦਮ ਉਸਦੀ ਪਛਾਣ ਇੱਕ ਕਹਾਣੀਕਾਰ ਤੋਂ ਸੰਸਾਰ ਪੱਧਰ ਦੇ ਕਲਾਸਿਕ ਨਾਵਲਕਾਰ ਵਜੋਂ ਬਣਾ ਦਿੱਤੀ। ਜਿੰਨਾ ਇਹ ਨਾਵਲ ਪੰਜਾਬੀ ਪਾਠਕਾਂ ਵੱਲੋਂ ਪੜਿ੍ਹਆ ਗਿਆ, ਉਸ ਤੋਂ ਵੱਧ ਰੂਸੀ ਤੇ ਹੋਰ ਵਿਦੇਸ਼ੀ ਭਾਸਾਵਾਂ ਦੇ ਪਾਠਕਾਂ ਨੇ ਪੜਿ੍ਹਆ। ਇਸ ਨਾਵਲ ਨੂੰ ਸੋਵੀਅਤ ਰੂਸ ਦੇ ਪਰਚੇ ‘ਵਿਦੇਸ਼ੀ ਸਾਹਿਤ’ ਵਿਚ ਛਪਣ ਦਾ ਮਾਣ ਵੀ ਹਾਸਿਲ ਹੋਇਆ, ਜਿਸ ਦੀਆਂ ਉਸ ਵੇਲੇ ਚਾਰ ਲੱਖ ਕਾਪੀਆਂ ਛਪਦੀਆਂ ਤੇ ਸਾਰੀ ਦੁਨੀਆਂ ਵਿਚ ਪਹੁੰਚਦੀਆਂ ਸਨ। ਜਦੋਂ ਤੱਕ ਸਾਡਾ ਕੋਈ ਲੇਖਕ ਵਿਦੇਸ਼ੀ ਪਾਠਕਾਂ ਵੱਲੋਂ ਪ੍ਰਵਾਨ ਨਾ ਕਰ ਲਿਆ ਜਾਵੇ, ਜਾਂ ਉਸਨੂੰ ਕੌਮੀ ਜਾਂ ਕੌਮਾਂਤਰੀ ਪੱਧਰ ‘ਤੇ ਕੋਈ ਵੱਡਾ ਇਨਾਮ-ਸਨਮਾਨ ਨਾ ਮਿਲ ਜਾਵੇ, ਉਦੋਂ ਤੱਕ ਪੰਜਾਬੀ ਉਸਨੂੰ ਵੱਡਾ ਜਾਂ ਮਹਾਨ ਲੇਖਕ ਨਹੀਂ ਮੰਨਦੇ। ਇਸ ਸਦੰਰਭ ਵਿਚ ਪ੍ਰੋ. ਗੁਰਦਿਆਲ ਸਿੰਘ ਦੀ ਇਹ ਖਾਸ ਪ੍ਰਾਪਤੀ ਹੈ ਕਿ ਉਸ ਨੂੰ ਜਿਉਂਦੇ ਜੀਅ ਵੀ ਦੇਸੀ ਤੇ ਵਿਦੇਸ਼ੀ ਪਾਠਕਾਂ ਦੀ ਵੱਧ ਤੋਂ ਵੱਧ ਪ੍ਰਵਾਨਗੀ ਹਾਸਿਲ ਰਹੀ ਤੇ ਜਹਾਨੋਂ ਤੁਰ ਜਾਣ ਤੋਂ ਬਾਅਦ ਵੀ ਇਹ ਪ੍ਰਵਾਨਗੀ ਉਸਦੀ ਵਿਚਾਰਧਾਰਕ ਉਮਰ ਨੂੰ ਲਮੇਰੀ ਕਰ ਰਹੀ ਹੈ।
ਉਸਨੂੰ ਸਾਹਿਤਕ ਖੇਤਰ ਦਾ ਸਭ ਤੋਂ ਵੱਡਾ ਇਨਾਮ ਗਿਆਨਪੀਠ ਐਵਾਰਡ ਸਮੇਤ ਸੋਵੀਅਤ ਨਹਿਰੂ ਐਵਾਰਡ ਤੇ ਸਾਹਿਤ ਅਕਾਦਮੀ ਐਵਾਰਡ ਵੀ ਪ੍ਰਾਪਤ ਹੋਏ ਤੇ ਭਾਰਤ ਸਰਕਾਰ ਵੱਲੋਂ ਪਦਮ ਸ੍ਰੀ ਦੀ ਉਪਾਧੀ ਦਿੱਤੀ ਗਈ ਪਰ ਏਨੀ ਪ੍ਰਸਿਧੀ ਤੇ ਮਾਨਤਾ ਦੇ ਬਾਵਜੂਦ ਉਸ ਆਪਣੇ ਅੰਦਰਲੇ ਸਧਾਰਨ ਤੇ ਕਿਰਤੀ ਬੰਦੇ ਨੂੰ ਜਿਉਂਦਾ ਰੱਖਿਆ। ਹੁਣ ਅਸੀਂ ਇੰਟਰਨੈਟ ਦੇ ਯੁਗ ਵਿਚ ਜਿਉਂ ਰਹੇ ਹਾਂ, ਇਸ ਲਈ ਸਾਡੇ ਵਿਚੋਂ ਹਰ ਕੋਈ ਵਿਦੇਸ਼ੀ ਪਰਚਿਆਂ ਵਿਚ ਛਪਣ ਦਾ ਮਾਣ ਹਾਸਿਲ ਕਰ ਸਕਦਾ ਹੈ ਪਰ 1964 ਵਿਚ ਜਦੋਂ ਉਸਦਾ ਪਹਿਲਾ ਨਾਵਲ ‘ਮੜ੍ਹੀ ਦਾ ਦੀਵਾ’, ਛਪਿਆ ਤਾਂ ਉਸ ਵੇਲੇ ਟੈਲੀਫੋਨ ਦੀ ਸਹੂਲਤ ਵੀ ਨਹੀਂ ਸੀ ਹੁੰਦੀ। ਜੇ ਕੌਮੀ ਪੱਧਰ ਦੇ ਵਿਸ਼ਲੇਸ਼ਕਾਂ ਨੇ ਇਸ ਨਾਵਲ ਦੀ ਤੁਲਨਾ ਪ੍ਰਸਿੱਧ ਲੇਖਕ ਮੁਨਸ਼ੀ ਪ੍ਰੇਮ ਚੰਦ ਦੇ ਸੰਸਾਰ ਪ੍ਰਸਿੱਧ ਨਾਵਲ ‘ਗੋ ਦਾਨ’ ਤੇ ਫਰਨੇਸ਼ਵਰ ਰੇਣੂ ਦੇ ਨਾਵਲ ‘ਮੈਲਾ ਆਂਚਲ’ ਨਾਲ ਕੀਤੀ ਹੈ ਤਾਂ ਇਸ ਨਾਲ ਕੇਵਲ ਗੁਰਦਿਆਲ ਸਿੰਘ ਦਾ ਨਹੀਂ ਸਮੁੱਚੇ ਪੰਜਾਬੀ ਸਾਹਿਤ ਦਾ ਮਾਣ ਵਧਿਆ ਹੈ।
ਜਦੋਂ ਨਾਵਲ ‘ਮੜ੍ਹੀ ਦਾ ਦੀਵਾ’ ਨੇ ਪੰਜਾਬੀ ਨਾਵਲ ਵਿਚਲੀ ਆਦਰਸ਼ਵਾਦੀ ਤੇ ਰੁਮਾਂਸਵਾਦੀ ਪਰੰਪਰਾ ਦੇ ਬਰਾਬਰ ਯਥਾਰਥਵਾਦੀ ਪਰੰਪਰਾ ਲਿਆਂਦੀ ਤਾਂ ਜਗਸੀਰ ਵਰਗੇ ਮਿਹਨਤਕਸ਼ ਲੋਕਾਂ ਨੂੰ ਵੀ ਸਾਹਿਤ ਦੇ ਖੇਤਰ ਵਿਚ ਨਵੀਂ ਪਛਾਣ ਮਿਲੀ। ਕੌਮੀ ਪੱਧਰ ‘ਤੇ ਸਾਹਿਤ ਚਿੰਤਕਾਂ ਵੱਲੋਂ ਇਸ ਗੱਲ ਦਾ ਉਚੇਚਾ ਨੋਟਿਸ ਲਿਆ ਗਿਆ ਕਿ ਗੁਰਦਿਆਲ ਸਿੰਘ ਨੇ ਪਹਿਲੀ ਵਾਰ ਦਲਿਤ ਜਮਾਤ ਵਿਚੋਂ ਕੋਈ ਹੀਰੋ ਲਿਆ ਹੈ। ਨਾਵਲ ਦੇ ਪ੍ਰਕਾਸ਼ਿਤ ਹੋਣ ਨਾਲ ਖੇਤ ਮਜ਼ਦੂਰ ਜਗਸੀਰ ਕੇਵਲ ਇੱਕ ਨਾਵਲ ਦਾ ਪਾਤਰ ਨਾ ਹੋ ਕੇ ਸਮੁੱਚੀ ਖੇਤ ਮਜ਼ਦੂਰ ਜਮਾਤ ਦਾ ਪ੍ਰਤੀਨਿਧ ਪਾਤਰ ਬਣ ਗਿਆ ਤੇ ਨਾਵਲ ਨੇ ਸਮਾਜ ਸਾਹਮਣੇ ਇਕ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਕਿ ਉਸ ਵਰਗੇ ਮਿਹਨਤਕਸ਼ ਲੋਕ ਜੱਗ ਵਿਚ ਆ ਕੇ ਵੀ ਜੱਗ ਵਿਚ ਸੀਰ ਕਿਉਂ ਨਹੀਂ ਪਾ ਸਕਦੇ? ਹੁਣ ਜਦੋਂ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਤੋਂ ਬਾਅਦ ਕਿਸਾਨ ਦਿਲੀ ਤੋਂ ਪਰਤੇ ਹਨ ਤਾਂ ਲੱਗਦਾ ਹੈ ਕਿ ਉਸਦੇ ਨਾਵਲ ‘ਅਣਹੋਏ’ ਦਾ ਪਾਤਰ ਬਿਸ਼ਨਾ ਵੀ ਉਨ੍ਹਾਂ ਵਿਚ ਸ਼ਾਮਿਲ ਹੋ ਕੇ ਉੱਚੀ ਉੱਚੀ ਬੋਲ ਰਿਹਾ ਹੈ, “ਵੇਖ ਲੈ ਸਰਕਾਰੇ, ਹੁਣ ਮੈਂ ਵੀ ਅਣਹੋਏ ਤੋ ਹੋਏ ਵਿਚ ਸ਼ਾਮਿਲ ਹੋ ਗਿਆ ਹਾਂ।”
ਸੰਨ 1980 ਦੇ ਨੇੜ ਤੇੜ ਮੈਂ ਸਾਹਿਤ ਸਭਾ ਬਾਘਾ ਪੁਰਾਣਾ ਦਾ ਜਨਰਲ ਸਕੱਤਰ ਸਾਂ ਤਾਂ ਸਭਾ ਨੇ ‘ਗੁਰਦਿਆਲ ਸਿੰਘ ਦੇ ਨਾਵਲਾਂ ਦਾ ਨਾਇਕ’ ਵਿਸ਼ੇ ‘ਤੇ ਗੋਸ਼ਟੀ ਕਰਵਾਈ। ਪਰਚਾ ਡਾ. ਤੇਜਵੰਤ ਮਾਨ ਨੇ ਪੜਿ੍ਹਆ ਤੇ ਸੰਤ ਸਿੰਘ ਸੇਖੋਂ ਸਮੇਤ ਪੰਜਾਬੀ ਦੇ ਬਹੁਤ ਸਾਰੇ ਨਾਮਵਰ ਲੇਖਕਾਂ ਤੇ ਆਲੋਚਕਾਂ ਤੇ ਇਸ ‘ਤੇ ਏਨੀ ਭਖਵੀਂ ਬਹਿਸ ਕੀਤੀ ਕਿ ਇਹ ਬਹਿਸ ਮੇਰੀ ਨਜ਼ਰ ਵਿਚੋਂ ਲੰਘੀ ਸਭ ਤੋਂ ਭਖਵੀ ਅਤੇ ਲੰਮੀ ਬਹਿਸ ਬਣ ਗਈ। ਬਾਅਦ ਵਿਚ ਇਹ ਪਰਚਾ ਉਸ ਸਮੇ ਦੇ ਪ੍ਰਸਿੱਧ ਪਰਚੇ ‘ਸੇਧ’ ਵਿਚ ਛਪਿਆ ਤਾਂ ਇੱਥੇ ਵੀ ਪੰਜਾਬੀ ਦੇ ਪ੍ਰਮੁੱਖ ਚਿੰਤਕ ਤੇ ਲੇਖਕ ਪ੍ਰੋ. ਗੁਰਦਿਆਲ ਸਿੰਘ ਬਾਰੇ ਡਾ. ਤੇਜਵੰਤ ਮਾਨ ਵੱਲੋਂ ਪ੍ਰਗਟਾਏ ਵਿਚਾਰਾਂ ਨੂੰ ਲੈਂ ਕੇ ਦੋ ਸਾਲ ਤੱਕ ਆਪਸ ਵਿਚ ਭਿੜਦੇ ਰਹੇ।
ਉਸ ਦੀ ਕਲਮ ਤੋਂ ਦਸ ਨਾਵਲਾਂ ਤੇ ਦਸ ਹੀ ਕਹਾਣੀਆਂ ਦੀਆ ਪੁਸਤਕਾਂ ਨੇ ਜਨਮ ਲਿਆ। ਉਸਦੀਆਂ ਪ੍ਰਕਾਸ਼ਿਤ ਕਿਤਾਬਾਂ ਦੀ ਗਿਣਤੀ ਚਾਲੀ ਬਣਦੀ ਹੈ। ਪੰਜਾਬੀ ਦੇ ਨਵੇਂ ਲੇਖਕ ਗੁਰਦਿਆਲ ਸਿੰਘ ਦੀਆਂ ਲਿਖਤਾਂ ਪੜ੍ਹ ਕੇ ਸਿੱਖ ਸਕਦੇ ਹਨ ਕਿ ਨਿੱਕੀ ਤੋਂ ਨਿੱਕੀ ਘਟਨਾ ਨੂੰ ਕਿਵੇਂ ਗੰਭੀਰ ਅਰਥ ਦਿੱਤੇ ਜਾ ਸਕਦੇ ਹਨ।
ਸੰਪਰਕ: 89682-82700