ਪ੍ਰੋ. ਮੋਹਨ ਸਿੰਘ ਯਾਦਗਾਰੀ ਕੌਮਾਂਤਰੀ ਪੰਜਾਬੀ ਸੱਭਿਆਚਾਰਕ ਮੇਲਾ ਸ਼ੁਰੂ
ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਅਕਤੂਬਰ
ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ 46ਵੇਂ ਪ੍ਰੋਫ਼ੈਸਰ ਮੋਹਨ ਸਿੰਘ ਯਾਦਗਾਰੀ ਕੌਮਾਂਤਰੀ ਪੰਜਾਬੀ ਸੱਭਿਆਚਾਰਕ ਮੇਲੇ ਦੀ ਸ਼ੁਰੂਆਤ ਅੱਜ ਯੁਗ ਕਵੀ ਪ੍ਰੋ. ਮੋਹਨ ਸਿੰਘ ਦੇ ਬੁੱਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਨਾਲ ਹੋਈ। ਫੁੱਲ ਭੇਟ ਕਰਨ ਮੌਕੇ ਫਾਊਂਡੇਸ਼ਨ ਦੇ ਸਰਪ੍ਰਸਤ ਪ੍ਰਗਟ ਸਿੰਘ ਗਰੇਵਾਲ, ਪ੍ਰਿਥੀਪਾਲ ਸਿੰਘ ਐੱਸਪੀ, ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ, ਸਕੱਤਰ ਜਨਰ ਡਾ. ਨਿਰਮਲ ਜੌੜਾ, ਸਵਾਗਤੀ ਕਮੇਟੀ ਦੇ ਚੇਅਰਮੈਨ ਅਮਰਿੰਦਰ ਸਿੰਘ ਜੱਸੋਵਾਲ ਤੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਮਗਰੋਂ ਪੰਜਾਬੀ ਭਵਨ ਦੇ ਸੈਮੀਨਾਰ ਹਾਲ ਵਿੱਚ ਸੈਮੀਨਾਰ ਤੇ ਕਵੀ ਦਰਬਾਰ ਕਰਵਾਇਆ ਗਿਆ। ਪੰਜਾਬੀ ਸੱਭਿਆਚਾਰਕ ਗਾਇਕੀ ਦਾ ਖੁੱਲਾ ਅਖਾੜਾ 21 ਅਕਤੂਬਰ ਨੂੰ ਡਾ. ਏ.ਵੀ.ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਲੱਗੇਗਾ। ਫਾਊਂਡੇਸ਼ਨ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਅੱਜ ਪੰਜਾਬੀ ਭਵਨ ਵਿੱਚ ਸੈਮੀਨਾਰ ਕਰਵਾਏ ਗਏ। ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਡਾ. ਗੁਲਜਾਰ ਸਿੰਘ ਪੰਧੇਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਜਦਕਿ ਪ੍ਰਧਾਨਗੀ ਡਾ. ਪਾਲ ਕੌਰ ਨੇ ਕੀਤੀ।