ਪ੍ਰੋ. ਨਿਰੰਜਨ ਸਿੰਘ ਸਹੋਤਾ ਦੀਆਂ ਰਚਨਾਵਾਂ ’ਤੇ ਵਿਚਾਰ-ਚਰਚਾ
ਮੰਗਤ ਕੁਲਜਿੰਦ
ਸਿਆਟਲ:
ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਇੱਥੇ ਅਗਸਤ ਮਹੀਨੇ ਦਾ ਸਾਹਿਤਕ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਹ ਇਕੱਤਰਤਾ ਸਮਾਜਿਕ, ਸੱਭਿਆਚਾਰਕ ਹਲਕਿਆਂ ਵਿੱਚ ਸਿਆਟਲ ਦੀ ਹਰਮਨ ਪਿਆਰੀ ਰਹੀ ਸ਼ਖ਼ਸੀਅਤ ਮਰਹੂਮ ਪ੍ਰੋ. ਨਿਰੰਜਨ ਸਿੰਘ ਸਹੋਤਾ ਨੂੰ ਸਮਰਪਿਤ ਸੀ। ਇਸ ਵਿੱਚ ਉਨ੍ਹਾਂ ਦੀ ਪਤਨੀ ਕੁਲਵੰਤ ਕੌਰ ਸਹੋਤਾ ਅਤੇ ਬਾਕੀ ਪਰਿਵਾਰ ਹਾਜ਼ਰ ਸੀ।
ਸਭਾ ਦੇ ਸਕੱਤਰ ਪ੍ਰਿਤਪਾਲ ਸਿੰਘ ਟਿਵਾਣਾ ਨੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਸਭਾ ਦੇ ਪ੍ਰਧਾਨ ਬਲਿਹਾਰ ਲੇਹਲ ਨੇ ਪ੍ਰੋਗਰਾਮ ਦੀ ਰੂਪ ਰੇਖਾ ਸਾਂਝੀ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਬਿਸਮਨ ਕੌਰ ਟਿਵਾਣਾ ਨੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਸਿਰ ਝੁਕਾਉਂਦਿਆਂ ਕੀਤੀ ।
ਸਹੋਤਾ ਪਰਿਵਾਰ ਵੱਲੋਂ ਸਹੋਤਾ ਜੀ ਦੀ ਕਲਮ-ਪੂੰਜੀ ਸਾਰੀਆਂ ਰਚਨਾਵਾਂ ਨੂੰ ਕਿਤਾਬੀ ਰੂਪ ਦੇ ਕੇ ਤਿੰਨ ਪੁਸਤਕਾਂ ‘ਮਜਬੂਰੀਆਂ’, ‘ਕਿੰਤੂ ਪ੍ਰੰਤੂ’ ਅਤੇ ‘ਕੀ ਕਰਾਂ’ ਕਾਵਿ-ਸੰਗ੍ਰਹਿ ਨਾਂ ਹੇਠ ਪੰਜਾਬੀ-ਸਾਹਿਤ ਭੰਡਾਰ ਵਿੱਚ ਸੁਰੱਖਿਅਤ ਕੀਤੇ ਗਏ ਹਨ। ਇਸ ਦੌਰਾਨ ਇਨ੍ਹਾਂ ਕਿਤਾਬਾਂ ਉੱਪਰ ਵਿਚਾਰ ਚਰਚਾ ਕਰਦਿਆਂ ਸ਼ਿੰਦਰਪਾਲ ਸਿੰਘ ਔਜਲਾ, ਅਵਤਾਰ ਸਿੰਘ ਆਦਮਪੁਰੀ, ਹਰਦਿਆਲ ਸਿੰਘ ਚੀਮਾ, ਮਿੱਤਰਪਾਲ ਸਿੰਘ, ਹਰਰਤਨ ਸਿੰਘ, ਮਲਕੀਤ ਸਿੰਘ ਗਿੱਲ, ਜਸਕਰਨ ਸਿੰਘ ਸਰਾਓ ਅਤੇ ਪ੍ਰਿਤਪਾਲ ਸਿੰਘ ਟੀਵਾਣਾ ਨੇ ਕਿਤਾਬਾਂ ਦੇ ਵਿਸ਼ੇ ਅਤੇ ਕਲਾ ਪੱਖਾਂ ’ਤੇ ਚਾਨਣਾ ਪਾਉਂਦਿਆਂ ਸਹੋਤਾ ਜੀ ਦੀਆਂ ਕਈ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਇਸ ਪ੍ਰੋਗਰਾਮ ਦੀ ਮੁੱਖ ਮਹਿਮਾਨ ਬਠਿੰਡਾ ਤੋਂ ਆਈ ਲੇਖਿਕਾ, ਨਿਰਦੇਸ਼ਕ ਅਤੇ ਅਦਾਕਾਰਾ ਸੁਖਵੀਰ ਕੌਰ ਸਰਾਂ ਸੀ। ਉਸ ਦੀਆਂ ਹੁਣੇ ਜਿਹੇ ਛਪੀਆਂ ਦੋ ਕਾਵਿ-ਪੁਸਤਕਾਂ ‘ਰੀਝਾਂ ਦੀ ਫੁਲਕਾਰੀ’ ਅਤੇ ‘ਰੇਤ ’ਤੇ ਪੈੜਾਂ’ ਨੂੰ ਲੋਕ-ਅਰਪਣ ਕੀਤਾ ਗਿਆ। ਕਿਤਾਬਾਂ ਬਾਰੇ ਜਾਣ ਪਹਿਚਾਣ ਲੇਖਕ ਰਾਜਦੇਵ ਕੌਰ ਸਿੱਧੂ ਅਤੇ ਰਾਜੇਸ਼ ਕੌਰ ਵਿਰਕ ਨੇ ਕਰਵਾਈ, ਜਦੋਂ ਕਿ ਬਲਿਹਾਰ ਸਿੰਘ ਲੇਹਲ ਨੇ ਸੁਖਵੀਰ ਕੌਰ ਸਰਾਂ ਦੀ ਸਮੁੱਚੀ ਸ਼ਖ਼ਸੀਅਤ ’ਤੇ ਚਾਨਣਾ ਪਾਇਆ।
ਕਵਿਤਾਵਾਂ ਅਤੇ ਗੀਤ-ਸੰਗੀਤ ਦੇ ਦੌਰ ਵਿੱਚ ਸਭਾ ਦੇ ਸਹਾਇਕ ਸਕੱਤਰ ਸਾਧੂ ਸਿੰਘ ਝੱਜ, ਗਾਇਕ ਅਤੇ ਗੀਤਕਾਰ ਬਲਬੀਰ ਸਿੰਘ ਲਹਿਰਾ, ਸਾਬਕਾ ਪ੍ਰਧਾਨ ਹਰਦਿਆਲ ਸਿੰਘ ਚੀਮਾ ਵਹਿਣੀਵਾਲ, ਸਾਬਕਾ ਪ੍ਰਧਾਨ ਅਵਤਾਰ ਸਿੰਘ ਆਦਮਪੁਰੀ, ਜਗੀਰ ਸਿੰਘ, ਕਵਿੱਤਰੀ ਨਵਦੀਪ ਕੌਰ ਭੰਦੋਲ ਅਤੇ ਜਸਵਿੰਦਰ ਕੌਰ ਲੇਹਲ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਜੰਗਪਾਲ ਸਿੰਘ ਹਰੀ ਅਤੇ ਡਾ. ਜਸਬੀਰ ਕੌਰ ਨੇ ਵੀ ਆਪਣੀ ਪੇਸ਼ਕਾਰੀ ਦਿੱਤੀ।
ਸਮਾਗਮ ਵਿੱਚ ਲਾਲੀ ਸੰਧੂ, ਜਸਬੀਰ ਕੌਰ, ਅਮਰ ਸਿੰਘ ਖ਼ੈਰਾ, ਹਿੰਮਤ ਸਿੰਘ, ਰਣਜੀਤ ਸਿੰਘ ਮੱਲ੍ਹੀ, ਪਰਮਜੀਤ ਕੌਰ ਟਿਵਾਣਾ, ਫਤਹਿਜੀਤ ਸਿੰਘ ਸਰਾਂ, ਯਸ਼ਲੀਨ ਕੌਰ ਸਰਾਂ, ਜਗਦੀਪ ਸਿੰਘ ਵਿਰਕ ਬਠਿੰਡਾ, ਅਰਸ਼ਪ੍ਰੀਤ ਕੌਰ ਭੰਦੋਲ, ਸ਼ਾਹ ਨਿਵਾਜ਼, ਸੁਖਦਰਸ਼ਨ ਸਿੰਘ, ਕੁਲਦੀਪ ਸਿੰਘ ਸਰਾਂ, ਮਨਜੀਤ ਕੌਰ, ਰਵਿੰਦਰਜੀਤ ਸਹੋਤਾ, ਕੁਲਵੰਤ ਕੌਰ, ਸੀਤਲ ਸਹੋਤਾ, ਹਰਕੀਰਤ ਕੌਰ, ਸੁਖਦਰਸ਼ਨ ਸਿੰਘ, ਸ਼ਿਵੰਦਰਪਾਲ ਕੌਰ, ਰਮਿੰਦਰ ਕੌਰ ਸੰਧੂ, ਦਲਜੀਤ ਸਿੰਘ ਆਦਿ ਹਾਜ਼ਰ ਸਨ। ਮਰਹੂਮ ਨਿਰੰਜਨ ਸਿੰਘ ਸਹੋਤਾ ਦੀ ਪਤਨੀ ਕੁਲਵੰਤ ਕੌਰ ਸਹੋਤਾ ਅਤੇ ਮੁੱਖ ਮਹਿਮਾਨ ਸੁਖਵੀਰ ਕੌਰ ਸਰਾਂ ਨੂੰ ਸਭਾ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਸੰਪਰਕ: +1 425 286 0163