ਪ੍ਰੋ. ਅੱਛਰੂ ਸਿੰਘ ਦੀ ਪੁਸਤਕ ‘ਜੇਤੂ ਰਾਹਾਂ ਦੇ ਪਾਂਧੀ’ ਰਿਲੀਜ਼
ਨਿੱਜੀ ਪੱਤਰ ਪੇ੍ਰਕ
ਫ਼ਤਹਿਗੜ੍ਹ ਸਾਹਿਬ, 4 ਜਨਵਰੀ
ਸਰਹਿੰਦ ਦੇ ਲੇਖਕ ਪ੍ਰੋ. ਅੱਛਰੂ ਸਿੰਘ ਦੇ 75ਵੇਂ ਜਨਮ ਦਿਹਾੜੇ ਮੌਕੇ ਇੱਕ ਨਿਵੇਕਲੇ ਜਸ਼ਨ ਵਿੱਚ ਉਨ੍ਹਾਂ ਦੀ 76ਵੀਂ ਪੁਸਤਕ ‘ਜੇਤੂ ਰਾਹਾਂ ਦੇ ਪਾਂਧੀ’ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੇਕ ਕੱਟਣ ਦੀ ਰਸਮ ਦੌਰਾਨ ਰਿਲੀਜ਼ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ, ਪੁੱਤਰ ਡਾ. ਧਰਮਿੰਦਰ ਸਿੰਘ ਉੱਭਾ, ਨੂੰਹ ਸਵਰਨਜੀਤ ਕੌਰ ਉੱਭਾ, ਪੋਤਰਾ ਸੁਹਜਬੀਰ ਸਿੰਘ ਉੱਭਾ ਆਦਿ ਸ਼ਾਮਲ ਸਨ। ਪ੍ਰੋ. ਅੱਛਰੂ ਸਿੰਘ ਪੰਜਾਬੀ ਸਾਹਿਤ ਵਿੱਚ ਆਪਣੀਆਂ ਵਿਲੱਖਣ ਰਚਨਾਵਾਂ ਲਈ ਜਾਣੇ ਜਾਂਦੇ ਲੇਖਕ ਹਨ। ਪੁਸਤਕ ਵਿੱਚ 22 ਪ੍ਰਮੁੱਖ ਵਿਅਕਤੀਆਂ ਦੀਆਂ ਪ੍ਰੇਰਣਾਦਾਇਕ ਜੀਵਨੀਆਂ ਪੇਸ਼ ਕੀਤੀਆਂ ਗਈਆਂ ਹਨ, ਜਿਨ੍ਹਾਂ ਨੇ ਜ਼ਿੰਦਗੀ ਦੀਆਂ ਔਕੜਾਂ ’ਤੇ ਜਿੱਤ ਪ੍ਰਾਪਤ ਕੀਤੀ। ਪੁਸਤਕ ਵਿੱਚ ਸ਼ਾਮਲ ਕੀਤੀਆਂ ਗਈਆਂ ਨਾਮਵਰ ਸ਼ਖ਼ਸੀਅਤਾਂ ’ਚ ਡਾ. ਏਪੀਜੇ ਅਬਦੁਲ ਕਲਾਮ, ਡਾ. ਬੀਆਰ ਅੰਬੇਡਕਰ, ਅਬਰਾਹਿਮ ਲਿੰਕਨ, ਪ੍ਰੋ. ਕਿਰਪਾਲ ਸਿੰਘ ਕਸੇਲ, ਹੈਲਨ ਕੈਲਰ, ਭਗਤ ਪੂਰਨ ਸਿੰਘ, ਸੁਧਾ ਚੰਦਰਨ, ਸਟੀਵ ਜੌਬ ਆਦਿ ਸ਼ਖ਼ਸੀਅਤਾਂ ਸ਼ਾਮਲ ਹਨ।
ਪੁਸਤਕ ‘ਆਯੁਰਵੈਦਿਕ ਸਲਾਹਕਾਰ’ ਲੋਕ ਅਰਪਣ
ਐੱਸ.ਏ.ਐੱਸ.ਨਗਰ (ਮੁਹਾਲੀ) (ਖੇਤਰੀ ਪ੍ਰਤੀਨਿਧ): ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਇੱਥੇ ਫੇਜ਼ ਤਿੰਨ ਦੇ ਖਾਲਸਾ ਕਾਲਜ ਵਿੱਚ ਡਾ. ਸ਼ਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਕੇਂਦਰ ਦੇ ਸਾਬਕਾ ਪ੍ਰਧਾਨ ਸਵਰਗੀ ਸੇਵੀ ਰਾਇਤ ਦੀ ਲਿਖੀ ਕਿਤਾਬ ‘ਆਯੁਰਵੈਦਿਕ ਸਲਾਹਕਾਰ’ ਲੋਕ ਅਰਪਣ ਕੀਤੀ ਗਈ। ਡਾ. ਅਵਤਾਰ ਸਿੰਘ ਪਤੰਗ, ਪਰਮਜੀਤ ਕੌਰ ਪਰਮ, ਗੁਰਨਾਮ ਕੰਵਰ, ਬਲਕਾਰ ਸਿੱਧੂ, ਗੁਰਦਰਸ਼ਨ ਸਿੰਘ ਮਾਵੀ ਨੇ ਸੇਵੀ ਰਾਇਤ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੂੰ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਲੇਖਕ ਦੱਸਿਆ। ਇਸ ਮੌਕੇ ਸੇਵੀ ਰਾਇਤ ਦੀ ਧਰਮ ਪਤਨੀ ਸ੍ਰੀਮਤੀ ਸੁਦਰਸ਼ਨ ਕੌਰ ਨੂੰ ਸਨਮਾਨ ਚਿੰਨ੍ਹ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਦੂਜੇ ਦੌਰ ਵਿੱਚ ਕਵੀ ਦਰਬਾਰ ਹੋਇਆ। ਇਸ ਵਿੱਚ ਮਲਕੀਤ ਸਿੰਘ ਨਾਗਰਾ, ਮਨਜੀਤ ਕੌਰ ਮੁਹਾਲੀ, ਜਸਵੀਰ ਸਿੰਘ ਢਿੱਲੋਂ, ਨਰਿੰਦਰ ਕੌਰ ਲੌਂਗੀਆ, ਬਹਾਦਰ ਸਿੰਘ ਗੋਸਲ ਆਦਿ ਨੇ ਕਵਿਤਾਵਾਂ ਸੁਣਾਈਆਂ।