ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਵਿੱਚ ਚੀਕੂ ਦੀ ਫ਼ਸਲ ਲਈ ਉਤਪਾਦਨ ਤਕਨੀਕਾਂ

08:11 AM Aug 12, 2024 IST
featuredImage featuredImage

ਹਰਸਿਮਰਤ ਕੌਰ ਬੌਂਸ/ਅਰਵਿੰਦ ਪ੍ਰੀਤ ਕੌਰ/ਦਲਜਿੰਦਰ ਸਿੰਘ

Advertisement

ਚੀਕੂ ਇੱਕ ਸਖ਼ਤ-ਜਾਨ, ਬਹੁ-ਸਾਲੀ ਅਤੇ ਸਦਾਬਹਾਰ ਰੁੱਖ ਹੈ ਜੋ ਵਪਾਰਕ ਉਤਪਾਦਨ ਲਈ ਬਹੁਤ ਕਿਸਮ ਦੀਆਂ ਮਿੱਟੀਆਂ ਵਿੱਚ ਉਗਾਇਆ ਜਾ ਸਕਦਾ ਹੈ। ਇਸ ਨੂੰ ਨਿੱਘੇ ਅਤੇ ਨਮੀ ਵਾਲੇ ਮੌਸਮ ਦੀ ਜ਼ਰੂਰਤ ਹੁੰਦੀ ਹੈ ਜਿੱਥੇ ਇਹ ਪੂਰੇ ਸਾਲ ਵਿੱਚ ਫੁੱਲ ਅਤੇ ਫਲ ਦਿੰਦਾ ਹੈ। ਭਾਰਤ ਵਿੱਚ ਖ਼ਾਸ ਕਰ ਕੇ ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ ਅਤੇ ਕੇਰਲਾ ਵਿੱਚ ਸਮੁੰਦਰੀ ਤੱਟਾਂ ਦੇ ਨੇੜੇ ਚੀਕੂ ਦੀ ਕਾਸ਼ਤ ਵਪਾਰਕ ਪੱਧਰ ’ਤੇ ਕੀਤੀ ਜਾਂਦੀ ਹੈ।
ਪੰਜਾਬ ਵਿੱਚ ਚੀਕੂ ਦੀ ਕਾਸ਼ਤ ਨੀਮ ਪਹਾੜੀ ਇਲਾਕਿਆਂ ਜਿਵੇਂ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਮੁਹਾਲੀ ਅਤੇ ਪਟਿਆਲਾ ਵਿੱਚ ਬਾਖ਼ੂਬੀ ਕੀਤੀ ਜਾ ਸਕਦੀ ਹੈ। ਚੀਕੂ ਨੂੰ ਗਰਮ ਇਲਾਕਿਆਂ ਵਿੱਚ ਫੁੱਲ ਅਤੇ ਫਲ ਸਾਰਾ ਸਾਲ ਲੱਗਦੇ ਰਹਿੰਦੇ ਹਨ ਪਰ ਪੰਜਾਬ ਦੇ ਅਰਧ ਗਰਮ ਪੌਣ ਪਾਣੀ ਵਿੱਚ ਨਮੀ ਵਾਲੀਆਂ ਹਾਲਤਾਂ ਵਿੱਚ ਇੱਕ ਭਰਪੂਰ ਫ਼ਸਲ ਆਉਂਦੀ ਹੈ। ਚੀਕੂ ਦਾ ਗੁੱਦਾ ਨਰਮ, ਸੁਆਦ ਅਤੇ ਖੁਸ਼ਬੂ ਵਾਲਾ ਹੁੰਦਾ ਹੈ। ਚੀਕੂ ਵਿੱਚ ਗੁਲੂਕੋਜ਼, ਪ੍ਰੋਟੀਨ ਅਤੇ ਰੇਸ਼ੇ ਦੀ ਮਾਤਰਾ ਭਰਪੂਰ ਹੁੰਦੀ ਹੈ। ਇਸ ਦੇ ਨਾਲ ਹੀ ਚੀਕੂ ਖਣਿਜ ਪਦਾਰਥ ਜਿਵੇਂ ਕੈਲਸ਼ੀਅਮ, ਫਾਸਫੋਰਸ ਅਤੇ ਲੋਹੇ ਦਾ ਵੀ ਚੰਗਾ ਸਰੋਤ ਹੈ। ਇਹ ਫਿਨੋਲਸ, ਐਸਕੋਰਬਿਕ ਐਸਿਡ ਤੇ ਕੈਰੋਟੀਨੋਇਡਸ ਐਂਟੀਆਕਸੀਡੈਂਟਸ ਦਾ ਵੀ ਚੰਗਾ ਸਰੋਤ ਹੈ।
ਚੀਕੂ ਦੇ ਬਹੁਤੇ ਬਾਗ਼ ਬਿਨਾਂ ਕਿਸੇ ਵਿਉਂਤਬੰਦੀ, ਸਹੀ ਫ਼ਾਸਲਾ ਅਤੇ ਆਧੁਨਿਕ ਤਕਨੀਕ ਤੋਂ ਲਗਾਏ ਗਏ ਹਨ। ਇਨ੍ਹਾਂ ਬਾਗ਼ਾਂ ਦੀ ਔਸਤਨ ਪੈਦਾਵਾਰ ਬਹੁਤ ਘੱਟ ਹੈ। ਚੀਕੂ ਦੀ ਸੁਚੱਜੀ ਕਾਸ਼ਤ ਲਈ ਬਾਗ਼ਬਾਨ ਨੂੰ ਬਾਗ਼ ਲਗਾਉਣ ਤੋਂ ਪਹਿਲਾਂ ਹੀ ਯੋਗ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਵਧੇਰੇ ਮੁਨਾਫ਼ਾ ਕਮਾਇਆ ਜਾ ਸਕੇ। ਬਾਗ਼ ਲਗਾਉਣ ਤੋਂ ਪਹਿਲਾਂ ਮਿੱਟੀ ਅਤੇ ਪਾਣੀ ਦੀ ਪਰਖ਼, ਸਹੀ ਨਰਸਰੀ ਤੋਂ ਨਸਲੀ ਬੂਟਿਆਂ ਦੀ ਚੋਣ, ਬੂਟੇ ਲਗਾਉਣ ਦੇ ਢੰਗ ਤੇ ਵਿਉਂਤਬੰਦੀ ਬਾਰੇ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਕੰਮ ਲਈ ਬਾਗ਼ ਲਗਾਉਣ ਤੋਂ ਪਹਿਲਾਂ ਬਾਗ਼ਬਾਨੀ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰ ਲੈਣਾ ਜ਼ਰੂਰੀ ਹੈ। ਬਾਗ਼ ਲਗਾਉਣ ਤੋਂ ਪਹਿਲਾਂ ਸੁਚੱਜੀ ਵਿਉਂਤਬੰਦੀ ਕਰਨ ਨਾਲ ਨਾ ਸਿਰਫ਼ ਕੰਮ ਹੀ ਛੇਤੀ ਨਿਬੜਦਾ ਹੈ ਸਗੋਂ ਬਾਗ਼ਾਂ ਤੋਂ ਵਧੇਰੇ ਮੁਨਾਫ਼ਾ ਵੀ ਕਮਾਇਆ ਜਾ ਸਕਦਾ ਹੈ। ਚੀਕੂ ਦੀ ਵਪਾਰਕ ਫ਼ਸਲ ਲੈਣ ਲਈ ਕਿਸਾਨਾਂ ਨੂੰ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਦੀ ਇੰਨ-ਬਿੰਨ ਪਾਲਣਾ ਕਰਨੀ ਚਾਹੀਦੀ ਹੈ।

ਉੱਨਤ ਕਿਸਮਾਂ

Advertisement

ਕਾਲੀਪੱਤੀ: ਇਹ ਵਧੇਰੇ ਝਾੜ ਦੇਣ ਵਾਲੀ ਕਿਸਮ ਹੈ। ਫਲ ਲੰਬੂਤਰੇ, ਅੰਡਾਕਾਰ ਸ਼ਕਲ ਦੇ ਨਰਮ ਗੁੱਦੇ ਵਾਲੇ ਬਹੁਤ ਮਿੱਠੇ ਹੁੰਦੇ ਹਨ। ਸ਼ਾਖਾਵਾਂ ਉੱਪਰ ਫਲ ਇਕੱਲੇ ਲੱਗਦੇ ਹਨ ਅਤੇ ਫਲ ਵਿੱਚ 1 ਤੋਂ 4 ਬੀਜ ਹੁੰਦੇ ਹਨ। ਬੂਟੇ ਦਾ ਔਸਤ ਝਾੜ 166 ਕਿਲੋ ਹੈ।
ਕ੍ਰਿਕਟਬਾਲ: ਫਲ ਵੱਡੇ ਆਕਾਰ ਦੇ ਅਤੇ ਗੋਲ ਹੁੰਦੇ ਹਨ। ਫਲ ਵਿੱਚ 3 ਤੋਂ 5 ਬੀਜ ਹੁੰਦੇ ਹਨ। ਇਕੱਲੀ ਕ੍ਰਿਕਟਬਾਲ ਕਿਸਮ ਲਗਾਉਣ ਨਾਲ ਝਾੜ ਘੱਟ ਮਿਲਦਾ ਹੈ। ਇਸ ਲਈ ਚੰਗਾ ਝਾੜ ਲੈਣ ਵਾਸਤੇ ਬਾਗ਼ ਵਿੱਚ ਕ੍ਰਿਕਟਬਾਲ ਕਿਸਮ ਨਾਲ ਕਾਲੀਪੱਤੀ ਦੇ ਬੂਟੇ ਲਗਾਉਣੇ ਚਾਹੀਦੇ ਹਨ। ਬੂਟੇ ਦਾ ਔਸਤ ਝਾੜ 157 ਕਿਲੋ ਪ੍ਰਤੀ ਬੂਟਾ ਹੁੰਦਾ ਹੈ।
ਬਾਗ਼ ਲਗਾਉਣ ਦਾ ਸਮਾਂ ਅਤੇ ਢੰਗ: ਚੀਕੂ ਦਾ ਬਾਗ਼ ਫਰਵਰੀ-ਮਾਰਚ ਅਤੇ ਅਗਸਤ-ਸਤੰਬਰ ਵਿੱਚ ਲਗਾਇਆ ਜਾ ਸਕਦਾ ਹੈ। ਅਗਸਤ-ਸਤੰਬਰ ਦਾ ਸਮਾਂ ਵਧੇਰੇ ਢੱਕਵਾਂ ਹੈ ਕਿਉਂਕਿ ਇਸ ਸਮੇਂ ਵਿੱਚ ਵਾਤਾਵਰਨ ਵਿੱਚ ਵਧੇਰੇ ਨਮੀਂ ਹੁੰਦੀ ਹੈ ਤੇ ਤਾਪਮਾਨ ਵੀ ਘੱਟ ਹੁੰਦਾ ਹੈ। ਬੂਟੇ 1.0 ਮੀਟਰ ਡੂੰਘੇ ਅਤੇ 1.0 ਮੀਟਰ ਚੌੜੇ ਟੋਏ ਵਿੱਚ ਲਾਉ। ਉੱਪਰਲੀ ਅੱਧੀ ਮਿੱਟੀ ਵਿੱਚ ਗਲੀ-ਸੜੀ ਰੂੜੀ ਦੀ ਖਾਦ ਪਾ ਲੈਣੀ ਚਾਹੀਦੀ ਹੈ। ਸਿਉਂਕ ਤੋਂ ਬਚਾਅ ਲਈ 15 ਮਿਲੀਲਿਟਰ ਕਲੋਰੋਪਾਈਰੀਪਾਸ 20 ਈਸੀ ਪ੍ਰਤੀ ਟੋਆ ਪਾ ਦੇਣੀ ਚਾਹੀਦੀ ਹੈ। ਚੀਕੂ ਦੇ ਬੂਟੇ 9X9 ਮੀਟਰ ਫ਼ਾਸਲੇ ’ਤੇ ਵਰਗਾਕਾਰ ਢੰਗ ਨਾਲ ਲਗਾਏ ਜਾਂਦੇ ਹਨ। ਇਸ ਤਰ੍ਹਾਂ ਪ੍ਰਤੀ ਏਕੜ 49 ਬੂਟੇ ਲਾਏ ਜਾ ਸਕਦੇ ਹਨ।
ਬੂਟੇ ਤਿਆਰ ਕਰਨਾ: ਚੀਕੂ ਦੇ ਬੂਟੇ ਸਾਈਡ ਅਤੇ ਵੀਨੀਅਰ ਪਿਉਂਦ ਰਾਹੀਂ ਖਿਰਨੀ ਜੜ੍ਹ-ਮੁੱਢ ਉੱਪਰ ਜੂਨ ਤੋਂ ਅਗਸਤ ਤੱਕ ਤਿਆਰ ਕੀਤੇ ਜਾ ਸਕਦੇ ਹਨ। ਸਾਈਡ ਪਿਉਂਦ ਰਾਹੀਂ ਮਾਰਚ ਮਹੀਨੇ ਵਿੱਚ ਵੀ ਚੰਗੀ ਸਫਲਤਾ ਨਾਲ ਬੂਟੇ ਤਿਆਰ ਕੀਤੇ ਜਾ ਸਕਦੇ ਹਨ। ਇਨ੍ਹਾਂ ਵਿਧੀਆਂ ਰਾਹੀਂ 11-12 ਮਹੀਨਿਆਂ ਵਿਚ ਪਿਉਂਦੀ ਬੂਟੇ ਤਿਆਰ ਹੋ ਜਾਂਦੇ ਹਨ।
ਖਾਦਾਂ ਦੀ ਵਰਤੋਂ: ਚੰਗਾ ਝਾੜ ਅਤੇ ਗੁਣਾਤਮਕ ਫਲ ਲੈਣ ਲਈ ਖ਼ੁਰਾਕੀ ਤੱਤਾਂ ਦੀਆਂ ਲੋੜਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ। ਜ਼ਮੀਨਾਂ ਵਿੱਚ ਚੀਕੂ ਦੀ ਕਾਸ਼ਤ ਲਈ ਖ਼ਾਦਾਂ ਦੀ ਵਰਤੋਂ ਦਾ ਸਮਾਂ, ਤਰੀਕਾ ਅਤੇ ਮਾਤਰਾ ਨੂੰ ਹੇਠਾਂ ਵਿਸਥਾਰ ਵਿੱਚ ਬਿਆਨ ਕੀਤਾ ਗਿਆ ਹੈ। ਇਨ੍ਹਾਂ ਨੂੰ ਅਪਣਾ ਕੇ ਕਿਸਾਨ ਚੰਗਾ ਮੁਨਾਫ਼ਾ ਕਮਾ ਸਕਦੇ ਹਨ।
ਸਾਰੀ ਰੂੜੀ, ਫਾਸਫੋਰਸ ਅਤੇ ਪੋਟਾਸ਼ ਦੀਆਂ ਖਾਦਾਂ ਦਸੰਬਰ-ਜਨਵਰੀ ਵਿੱਚ ਪਾਉ। ਨਾਈਟ੍ਰੋਜਨ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਪਾਉ। ਅੱਧੀ ਨਾਈਟ੍ਰੋਜਨ ਦੀ ਖਾਦ ਮਾਰਚ ਵਿੱਚ ਅਤੇ ਬਾਕੀ ਦੀ ਅੱਧੀ ਖਾਦ ਜੁਲਾਈ-ਅਗਸਤ ਵਿੱਚ ਪਾਉ।
ਸਿੰਜਾਈ ਪ੍ਰਬੰਧ: ਬੂਟਿਆਂ ਨੂੰ ਪਾਣੀ ਦੇਣ ਦੀ ਮਾਤਰਾ ਤੇ ਸਮਾਂ, ਜ਼ਮੀਨ ਦੀ ਕਿਸਮ, ਬੂਟੇ ਦੀ ਉਮਰ ਅਤੇ ਮੌਸਮ ’ਤੇ ਨਿਰਭਰ ਕਰਦਾ ਹੈ। ਆਮ ਹਾਲਤਾਂ ਵਿੱਚ ਚੀਕੂ ਦੇ ਬੂਟਿਆਂ ਨੂੰ ਸਰਦੀਆਂ ਵਿੱਚ 30 ਦਿਨਾਂ ਅਤੇ ਗਰਮੀਆਂ ਵਿੱਚ 10-12 ਦਿਨਾਂ ਦੇ ਅੰਤਰ ’ਤੇ ਪਾਣੀ ਲਗਾਉ। ਫੁੱਲ ਲੱਗਣ ਸਮੇਂ ਥੋੜ੍ਹੇ-ਥੋੜ੍ਹੇ ਵਕਫ਼ੇ ’ਤੇ ਬਾਗ਼ ਵਿੱਚ ਪਾਣੀ ਦੇਵੋ ਤਾਂ ਜੋ ਬਾਗ਼ ਵਿੱਚ ਨਮੀ ਦਾ ਪੱਧਰ ਉੱਚਾ ਰਹੇ ਅਤੇ ਚੰਗਾ ਫਲ ਲੱਗੇ। ਛੋਟੇ ਬੂਟਿਆਂ ਨੂੰ ਗਰਮੀ ਰੁੱਤ ਵਿੱਚ 6-8 ਦਿਨ ਦੇ ਅੰਤਰ ’ਤੇ ਪਾਣੀ ਲਗਾਉ।
ਬਾਗ਼ ਵਿੱਚ ਅੰਤਰ-ਫ਼ਸਲਾਂ ਦੀ ਕਾਸ਼ਤ: ਚੀਕੂ ਦੇ ਬੂਟਿਆਂ ਦਾ ਵਾਧਾ ਕਾਫ਼ੀ ਹੌਲੀ ਹੁੰਦਾ ਹੈ ਅਤੇ ਬਾਗ਼ ਤਕਰੀਬਨ 7-8 ਸਾਲ ਬਾਅਦ ਫਲ ਦੇਣਾ ਸ਼ੁਰੂ ਕਰਦੇ ਹਨ। ਛੋਟੀ ਉਮਰ ਦੇ ਬਾਗ਼ਾਂ ਵਿੱਚ ਫ਼ਸਲਾਂ ਦੀ ਕਾਸ਼ਤ ਲਈ ਕਾਫ਼ੀ ਖਾਲੀ ਜ਼ਮੀਨ ਹੁੰਦੀ ਹੈ। ਹੋਰ ਫ਼ਸਲਾਂ ਦੀ ਚੋਣ ਮਿੱਟੀ ਦੀ ਕਿਸਮ, ਪੌਣ ਪਾਣੀ ਅਤੇ ਮੰਡੀਕਰਨ ਦੀਆਂ ਸੁਵਿਧਾਵਾਂ ’ਤੇ ਨਿਰਭਰ ਕਰਦੀ ਹੈ। ਦਾਲਾਂ ਅਤੇ ਸਬਜ਼ੀਆਂ ਨੂੰ ਅੰਤਰ-ਫ਼ਸਲਾਂ ਦੇ ਤੌਰ ’ਤੇ ਤਰਜ਼ੀਹ ਦੇਣੀ ਚਾਹੀਦੀ ਹੈ। ਤੇਜ਼ ਵਾਧੇ ਵਾਲੇ ਫਲਦਾਰ ਬੂਟੇ ਜਿਵੇਂ ਆੜੂ, ਅਲੂਚਾ, ਕਿੰਨੂ, ਅਮਰੂਦ, ਫਾਲਸਾ ਆਦਿ ਵੀ ਚੀਕੂ ਦੇ ਬਾਗ਼ ਵਿੱਚ ਲਗਾਏ ਜਾ ਸਕਦੇ ਹਨ। ਅੰਤਰ-ਫ਼ਸਲਾਂ ਦੀ ਸਿੰਜਾਈ ਅਤੇ ਖਾਦਾਂ ਦਾ ਯੋਗ ਪ੍ਰਬੰਧ ਅਲੱਗ ਕਰਨਾ ਚਾਹੀਦਾ ਹੈ।
ਚੀਕੂ ਦੀ ਤੁੜਾਈ ਤੇ ਮੰਡੀਕਰਨ: ਅੱਧ ਵਿਕਸਿਤ ਤੇ ਕੱਚੇ ਫਲਾਂ ਨੂੰ ਨਹੀਂ ਤੋੜਨਾ ਚਾਹੀਦਾ ਕਿਉਂਕਿ ਅਜਿਹੇ ਫਲਾਂ ਨੂੰ ਪਕਾਉਣ ਤੋਂ ਬਾਅਦ ਇੱਕ ਤਾਂ ਗੁਣਵੱਤਾ ਨਹੀਂ ਬਣਦੀ, ਦੂਜਾ ਝਾੜ ਵੀ ਘਟ ਜਾਂਦਾ ਹੈ। ਚੀਕੂ ਦਾ ਫਲ ਤੁੜਾਈ ਉਪਰੰਤ ਪੱਕਣ ਵਾਲਾ ਫਲ ਹੈ। ਪੰਜਾਬ ਵਿੱਚ ਚੀਕੂ ਦਾ ਫਲ ਅੱਧ ਅਪਰੈਲ ਤੋਂ ਅੱਧ ਮਈ ਤੱਕ ਪੱਕ ਕੇ ਤਿਆਰ ਹੁੰਦਾ ਹੈ। ਫਲ ਜ਼ਮੀਨ ’ਤੇ ਡਿੱਗਣ ਤੋਂ ਰੋਕਣ ਲਈ ਪੌੜੀ ਤੇ ਜਾਲੀ ਦੀ ਵਰਤੋਂ ਕਰੋ ਤਾਂ ਜੋ ਫਲ ਨੂੰ ਕੋਈ ਨੁਕਸਾਨ ਨਾ ਪਹੁੰਚੇ। ਚੀਕੂ ਦੇ ਪੱਕਣ ਦਾ ਪਤਾ ਉਸ ਉੱਪਰ ਭੂਰੀ ਪਾਪੜੀ ਦੇ ਆਸਾਨੀ ਨਾਲ ਅਲੱਗ ਹੋਣ ਤੋਂ ਲਗਦਾ ਹੈ। ਜੇ ਛਿੱਲ ਨੂੰ ਹਲਕਾ ਖੁਰਚਿਆ ਜਾਵੇ ਤਾਂ ਦੁੱਧ ਨਹੀਂ ਨਿਕਲਦਾ ਅਤੇ ਨਾ ਹੀ ਛਿੱਲ ਹੇਠ ਹਰਾ ਰੰਗ ਨਜ਼ਰ ਆਉਦਾ ਹੈ। ਚੀਕੂ ਨੂੰ ਪਕਾਉਣ ਲਈ ਆਮ ਤੌਰ ’ਤੇ ਬਾਗ਼ਬਾਨ ਕੈਲੀਸ਼ੀਅਮ ਕਾਰਬਾਰੀਡ ਦੀ ਵਰਤੋਂ ਕਰਦੇ ਹਨ ਜੋ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ। ਫਲਾਂ ਨੂੰ ਇੱਕਸਾਰ ਪਕਾਉਣ ਲਈ 1000 ਪੀਪੀਐੱਮ (2.5 ਮਿਲੀਲਿਟਰ ਪ੍ਰਤੀ ਲਿਟਰ ਪਾਣੀ) ਐਥੀਫੋਨ ਦੇ ਘੋਲ ਵਿੱਚ ਦੋ ਮਿੰਟ ਲਈ ਡੁਬੋਵੋ। ਫਲਾਂ ਨੂੰ ਸੁਕਾਉਣ ਤੋਂ ਬਾਅਦ ਆਕਾਰ ਅਨੁਸਾਰ ਵੱਡੇ, ਦਰਮਿਆਨੇ ਅਤੇ ਛੋਟੇ ਦਰਜਿਆਂ ਵਿੱਚ ਵੰਡੋ ਅਤੇ ਗੱਤੇ ਦੇ ਡੱਬਿਆਂ ਵਿੱਚ ਪਰਾਲੀ ਜਾਂ ਕਾਗਜ਼ ਦੇ ਟੁਕੜੇ ਲਗਾ ਕੇ ਪੈਕ ਕਰ ਕੇ ਮੰਡੀਕਰਨ ਕੀਤਾ ਜਾ ਸਕਦਾ ਹੈ।

ਪੌਦ ਸੁਰੱਖਿਆ

ਕੀੜੇ ਦਾ ਨਾਂ ਅਤੇ ਨਿਸ਼ਾਨੀਆਂ

ਚੀਕੂ ਮੌਥ: ਇਹ ਕੀੜਾ ਬੂਟੇ ਦੀਆਂ ਨਵੀਆਂ ਸ਼ਾਖਾਵਾਂ ਨੂੰ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ ਅਤੇ ਫੁੱਲ ਦੀਆਂ ਪੱਤੀਆਂ ਨੂੰ ਵੀ ਬਹੁਤ ਪ੍ਰਭਾਵਿਤ ਕਰਦਾ ਹੈ। ਅੰਢਕੋਸ਼ ਅਤੇ ਫੁੱਲ ਦੇ ਅੰਦਰੂਨੀ ਭਾਗ ਨੂੰ ਖਾਂਦਾ ਹੈ। ਇਸ ਕੀੜੇ ਦਾ ਨੁਕਸਾਨ ਆਸਾਨੀ ਨਾਲ ਟਾਹਣੀ ਉੱਤੇ ਲਮਕਦੀਆਂ ਸੁੱਕੇ ਪੱਤਿਆਂ ਦੀ ਮੌਜੂਦਗੀ ਨਾਲ ਪਤਾ ਕੀਤਾ ਜਾ ਸਕਦਾ ਹੈ। ਅਗਸਤ ਤੋਂ ਨਵੰਬਰ ਮਹੀਨੇ ਦੌਰਾਨ ਇਹ ਕੀੜਾ ਤੇਜ਼ੀ ਨਾਲ ਨੁਕਸਾਨ ਪਹੁੰਚਾਉਂਦਾ ਹੈ ਅਤੇ ਨੁਕਸਾਨ ਦੀ ਤੀਬਰਤਾ ਸਾਲ ਦਰ ਸਾਲ ਵਧ ਜਾਂਦੀ ਹੈ; ਹਾਲਾਂਕਿ, ਧੁੱਪ ਵਿੱਚ ਵਾਧਾ ਹੋਣ ਨਾਲ ਪ੍ਰਭਾਵ ਘਟ ਜਾਂਦਾ ਹੈ।
ਰੋਕਥਾਮ: ਇਸ ਕੀੜੇ ਦੀ ਰੋਕਥਾਮ ਲਈ ਅਗਸਤ ਤੋਂ ਨਵੰਬਰ ਮਹੀਨੇ ਵਿੱਚ ਪ੍ਰਭਾਵਿਤ ਸ਼ਾਖਾਵਾਂ ਨੂੰ ਕੱਟ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ।
ਫਲ ਦੀ ਮੱਖੀ: ਇਹ ਚੀਕੂ ਦਾ ਗੰਭੀਰ ਕੀੜਾ ਹੈ ਜੋ ਫ਼ਸਲ ਦਾ ਬਹੁਤ ਨੁਕਸਾਨ ਕਰਦਾ ਹੈ। ਮਾਦਾ ਮੱਖੀ ਸਖ਼ਤ ਫ਼ਲਾਂ ਨੂੰ ਪੱਕਣ ’ਤੇ ਫਲ ਦੀ ਬਾਹਰੀ ਛਿੱਲੜ ਵਿੱਚ ਆਂਡੇ ਦਿੰਦੀ ਹੈ। ਆਂਡਿਆਂ ਵਿੱਚੋਂ ਸੁੰਡੀਆਂ ਨਿਕਲ ਕੇ ਫਲਾਂ ਅੰਦਰ ਜਾ ਕੇ ਗੁੱਦੇ ਨੂੰ ਖਾਂਦੀਆਂ ਹਨ।
ਰੋਕਥਾਮ: ਬੂਟੇ ’ਤੇ ਪੱਕੇ ਹੋਏ ਫਲ ਨਾ ਰਹਿਣ ਦਿਉ। ਨਰਮ ਫਲਾਂ ਨੂੰ ਪੱਕਣ ਤੋਂ ਪਹਿਲਾਂ ਹੀ ਤੋੜ ਲੈਣਾ ਚਾਹੀਦਾ ਹੈ। ਮੱਖੀ ਦੇ ਹਮਲੇ ਵਾਲੇ ਡਿੱਗੇ ਹੋਏ ਫਲਾਂ ਨੂੰ ਲਗਾਤਾਰ ਚੁਣ ਕੇ ਜ਼ਮੀਨ ਵਿੱਚ ਘੱਟੋ-ਘੱਟ 60 ਸੈਂਟੀਮੀਟਰ ਦੀ ਡੂੰਘੇ ਟੋਏ ਵਿੱਚ ਦੱਬ ਦੇਣਾ ਚਾਹੀਦਾ ਹੈ।
*ਫਲ ਵਿਗਿਆਨ ਵਿਭਾਗ, ਪੀਏਯੂ, ਲੁਧਿਆਣਾ।

Advertisement