For the best experience, open
https://m.punjabitribuneonline.com
on your mobile browser.
Advertisement

ਖੇਤੀ ਵਪਾਰ ਲਈ ਅਹਿਮ ਦਸਤਾਵੇਜ਼ ਲੈਣ ਦੀ ਪ੍ਰਕਿਰਿਆ

12:08 PM Oct 19, 2024 IST
ਖੇਤੀ ਵਪਾਰ ਲਈ ਅਹਿਮ ਦਸਤਾਵੇਜ਼ ਲੈਣ ਦੀ ਪ੍ਰਕਿਰਿਆ
Advertisement

ਡਾ. ਮਨਮੀਤ ਮਾਨਵ*
ਆਪਣੇ ਖੇਤੀ ਵਪਾਰ ਦੀ ਪਹੁੰਚ ਵਧਾਉਣ, ਇਸ ਦੀ ਸਥਿਰਤਾ ਅਤੇ ਹੋਰ ਮੁਨਾਫ਼ਾ ਵਧਾਉਣ ਲਈ ਨਿਰਧਾਰਤ ਵਪਾਰਕ ਮਾਪਦੰਡਾਂ ਅਤੇ ਦਸਤਾਵੇਜ਼ਾਂ ਨੂੰ ਪੂਰਾ ਕਰਨਾ ਵੀ ਲਾਜ਼ਮੀ ਹੈ। ਖੇਤੀ ਉਤਪਾਦਾਂ ਦੀ ਕੌਮੀ/ਕੌਮਾਂਤਰੀ ਮਾਰਕੀਟ ਤੱਕ ਪਹੁੰਚ ਬਣਾਉਣ ਲਈ, ਆਨਲਾਈਨ ਮਾਰਕੀਟਿੰਗ ਲਈ, ਉੱਦਮ ਰਜਿਸਟ੍ਰੇਸ਼ਨ ਕਰਾਉਣ ਲਈ ਅਤੇ ਭੋਜਨ ਸੁਰੱਖਿਆ ਦਾ ਭਰੋਸਾ ਦੇਣ ਲਈ ਕਾਨੂੰਨੀ ਪ੍ਰੀਕਿਰਿਆਵਾਂ (ਰਜਿਸਟ੍ਰੇਸ਼ਨਾਂ/ਲਾਇਸੈਂਸ) ਪੂਰੀਆਂ ਕਰ ਲੈਣੀਆਂ ਚਾਹੀਦੀਆਂ ਹਨ। ਸੋ ਵਪਾਰ ਦੀ ਸਫ਼ਲਤਾ ਲਈ ਦੂਰੀ ਅੰਦੇਸ਼ੀ ਸੋਚ ਅਤੇ ਵਪਾਰਕ ਦ੍ਰਿਸ਼ਟੀਕੋਣ ਅਪਣਾਉਂਦਿਆਂ ਇਹ ਅਹਿਮ ਵਪਾਰਕ ਮਾਪਦੰਡ ਸਮਝ ਲੈਣੇ ਜ਼ਰੂਰੀ ਹਨ। ਖੇਤੀ ਭੋਜਨ ਉਤਪਾਦਾਂ ਦੇ ਕਾਰੋਬਾਰ ਨੂੰ ਕਾਨੂੰਨੀ ਢਾਂਚੇ ਅਨੁਸਾਰ ਨਿਯਮ ਪਾਲਣ ਅਤੇ ਸੇਵਾਵਾਂ ਨੂੰ ਪੂਰਾ ਕਰਨ ਲਈ ਕੁੱਝ ਜ਼ਰੂਰੀ ਰਜਿਸਟ੍ਰੇਸ਼ਨਾਂ/ਲਾਇਸੈਂਸ ਦੀਆਂ ਪ੍ਰੀਕਿਰਿਆਵਾਂ ਨੂੰ ਪੂਰਾ ਕਰ ਲੈਣਾ ਚਾਹੀਦਾ ਹੈ। ਇਹ ਜ਼ਰੂਰੀ ਦਸਤਾਵੇਜ਼ ਇਸ ਪ੍ਰਕਾਰ ਹਨ:
ਐਫਐਸਐਸਏਆਈ ਨੰਬਰ (FSSAI No.): ਐਫਐਸਐਸਏਆਈ ਦਾ ਅਰਥ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਹੈ ਜੋ ਭਾਰਤ ਵਿੱਚ ਭੋਜਨ ਕਾਰੋਬਾਰ ਦੀ ਨਿਗਰਾਨੀ ਅਤੇ ਨਿਯੰਤਰਨ ਕਰਦੀ ਹੈ। ਐਫਐਸਐਸਏਆਈ ਐਕਟ ਅਨੁਸਾਰ ਪੈਕ ਕੀਤੇ ਭੋਜਨ ਲੇਬਲਾਂ ’ਤੇ ਐਫਐਸਐਸਏਆਈ ਨੰਬਰ ਤੇ ਲੋਗੋ ਪ੍ਰਦਰਸ਼ਿਤ ਕਰਨਾ ਲਾਜ਼ਮੀ ਹੈ। ਐਫਐਸਐਸਏਆਈ ਰਜਿਸਟ੍ਰੇਸ਼ਨ/ਲਾਇਸੈਂਸ ਤੋਂ ਬਿਨਾਂ ਕੋਈ ਵੀ ਭੋਜਨ ਕਾਰੋਬਾਰ ਕਰਨ ਦੀ ਇਜ਼ਾਜਤ ਨਹੀਂ ਹੈ। ਇਹ ਨੰਬਰ ਪ੍ਰਾਪਤ ਕਰਨ ਲਈ ਜਾਣਕਾਰੀ ਇਸ ਪ੍ਰਕਾਰ ਹੈ-
ਉਤਪਾਦਕ ਦੇ ਸਾਲਾਨਾ ਟਰਨਓਵਰ ਦੇ ਆਧਾਰ ’ਤੇ ਐਫਐਸਐਸਏਆਈ ਰਜਿਸਟ੍ਰੇਸ਼ਨ/ਲਾਇਸੈਂਸ ਦੀਆਂ ਕਿਸਮਾਂ ਹਨ:
* ਰਜਿਸਟਰੇਸ਼ਨ ਤਹਿਤ 12 ਲੱਖ ਤੱਕ ਦੀ ਵਿਕਰੀ ਲਈ ਫੀਸ 100 ਰੁਪਏ/ਸਾਲ।
* ਸਟੇਟ ਲਾਇਸੈਂਸ ਤਹਿਤ 12 ਲੱਖ ਤੋਂ 20 ਕਰੋੜ ਤੱਕ ਦੀ ਵਿਕਰੀ ਲਈ ਫੀਸ 3000 ਰੁਪਏ/ਸਾਲ।
* ਕੇਂਦਰੀ ਲਾਇਸੈਂਸ ਤਹਿਤ 20 ਕਰੋੜ ਤੋਂ ਉੱਪਰ ਦੀ ਵਿਕਰੀ ਲਈ ਫੀਸ 7500 ਰੁਪਏ/ਸਾਲ ਹੈ।
ਜੇ ਕਾਰੋਬਾਰ ਵਿੱਚ ਤੁਹਾਡੀ ਸਾਲ ਦੀ 12 ਲੱਖ ਰੁਪਏ ਤੱਕ ਦੀ ਵਿਕਰੀ ਹੁੰਦੀ ਹੈ ਤਾਂ ਐਫਐਸਐਸਏਆਈ ਦੀ ਰਜਿਸਟ੍ਰੇਸ਼ਨ ਕਰਵਾਉਣੀ ਹੈ। ਜੇ ਜ਼ਿਆਦਾ ਹੈ ਤਾਂ ਲਾਇਸੈਂਸ ਲੈਣਾ ਹੈ। ਇਸ ਲਈ ਰਜਿਸਟ੍ਰੇਸ਼ਨ ਨੰਬਰ /ਲਾਇਸੈਂਸ ਨੰਬਰ ਲੈਣ ਲਈ ਭਾਰਤ ਸਰਕਾਰ ਵੱਲੋਂ ਬਹੁਤ ਹੀ ਵਧੀਆ ਆਨਲਾਈਨ ਸੁਵਿਧਾ ਦਿੱਤੀ ਗਈ ਹੈ; ਭਾਰਤ ਸਰਕਾਰ ਦਾ ਆਨਲਾਈਨ ਪੋਰਟਲ foscos.fssai.gov.in ਰਜਿਸਟ੍ਰੇਸ਼ਨ ਨੰਬਰ/ਲਾਇਸੈਂਸ ਨੰਬਰ ਲੈਣ ਦਾ ਸਭ ਤੋਂ ਵਧੀਆ ਸਾਧਨ ਹੈ।

Advertisement

ਰਜਿਸਟ੍ਰੇਸ਼ਨ ਨੰਬਰ ਲੈਣ ਦੀ ਵਿਧੀ-
• foscos.fssai.gov.in login ਖੋਲ੍ਹਣਾ ਹੈ।
• foscos-fssai ’ਤੇ ਜਾ ਕੇ Apply for Licence/registration ’ਤੇ ਕਲਿੱਕ ਕਰਨਾ ਹੈ ।
• ਸਟੇਟ (ਰਾਜ)-ਪੰਜਾਬ ਦੀ ਚੋਣ ਕਰਨੀ ਹੈ।
• General Manufacturing ਕਲਿੱਕ ਕਰ ਕੇ ਟਰਨਓਵਰ 12 ਲੱਖ ਤੱਕ ਸਿਲੈਕਟ ਕਰੋ ਤੇ ਅੱਗੇ ਵਧੋ (proceed)।
• ਫਿਰ ਰਜਿਸਟ੍ਰੇਸ਼ਨ ਸਰਟੀਫਿਕੇਟ ਦਾ ਫਾਰਮ ਭਰੋ ਅਤੇ ਸੇਵ ਕਰੋ।
• Sign up page ਖੁੱਲ੍ਹੇਗਾ ਜਿਸ ’ਤੇ ਆਪਣੀ ਈਮੇਲ ਆਈਡੀ ਬਣਾ ਕੇ ਪਾਸਵਰਡ ਰੱਖਣਾ ਹੈ।
• ਫੋਨ ’ਤੇ ਆਏ ਵੈਰੀਫਿਕੇਸ਼ਨ ਕੋਡ ਨੂੰ ਭਰ ਕੇ ਫਾਰਮ ਜਮ੍ਹਾਂ ਕਰਨਾ ਹੈ।
ਦਸਤਾਵੇਜ਼ ਅਪਲੋਡ ਕਰਨ ਵਾਲਾ ਪੇਜ਼ ਖੁੱਲ੍ਹੇਗਾ ਜਿਸ ਵਿੱਚ ਫੋਟੋ, ਆਈ-ਕਾਰਡ ਅਪਲੋਡ ਕਰਨਾ ਹੈ ਤੇ ਆਨਲਾਈਨ ਅਦਾਇਗੀ ਕਰਨੀ ਹੈ। ਇਸ ਅਦਾਇਗੀ ਲਈ ਕਈ ਵਿਕਲਪ ਹੁੰਦੇ ਹਨ। ਅਦਾਇਗੀ ਦੀ ਰਸੀਦ ਉਸੇ ਵੇਲੇ ਮਿਲ ਜਾਂਦੀ ਹੈ ਜਿਸ ਉੱਪਰ ਤੁਹਾਡਾ ਐਪਲੀਕੇਸ਼ਨ ਨੰਬਰ ਲਿਖਿਆ ਹੋਵੇਗਾ। ਇਸ ਦੀ ਇਕ ਸਾਲ ਦੀ ਫੀਸ 100 ਰੁਪਏ ਹੋਵੇਗੀ ਜੋ login id ਤੁਹਾਨੂੰ ਮਿਲੀ ਹੈ, ਉਸ ਨਾਲ ਆਪਣੇ ਰਜਿਸਟ੍ਰੇਸ਼ਨ ਦਾ ਸਟੇਟਸ ਪੋਰਟਲ ’ਤੇ ਜਾ ਕੇ ਚੈੱਕ ਕਰ ਸਕਦੇ ਹੋ। ਅੰਦਾਜ਼ਨ 15 ਦਿਨਾਂ ਅੰਦਰ ਇਹ ਰਜਿਸਟ੍ਰੇਸ਼ਨ ਨੰਬਰ ਪੋਰਟਲ ਤੋਂ ਡਾਊਨਲੋਡ ਕਰ ਸਕਦੇ ਹੋ। ਇਹ ਰਜਿਸਟ੍ਰੇਸ਼ਨ ਨੰਬਰ ਆਪਣੇ ਹਰ ਪੈਕ ਕੀਤੇ ਭੋਜਨ ਦੇ ਲੇਬਲ ’ਤੇ ਲਿਖਣਾ ਲਾਜ਼ਮੀ ਹੈ।
MSME- ਉਦਯਮ ਰਜਿਸਟ੍ਰੇਸ਼ਨ: ਉਦਯਮ ਰਜਿਸਟ੍ਰੇਸ਼ਨ ਸੂਖਮ, ਛੋਟੇ ਅਤੇ ਮੱਧਮ ਉੱਦਮ/ਵਪਾਰ ਨੂੰ ਰਜਿਸਟਰ ਕਰਨ ਲਈ ਪ੍ਰਕਿਰਿਆ ਹੈ ਜਿਸ ਵਿੱਚ ਇਕ ਸਥਾਈ ਰਜਿਸਟ੍ਰੇਸ਼ਨ ਨੰਬਰ ਜਾਰੀ ਕੀਤਾ ਜਾਂਦਾ ਹੈ। ਇਹ ਰਜਿਸਟ੍ਰੇਸ਼ਨ ਸੂਖਮ/ਛੋਟੇ/ਮੱਧਮ ਵਪਾਰ ਨੂੰ ਪ੍ਰਮਾਣਿਤ ਕਰਨ ਲਈ ਹੈ। ਭਾਰਤ ਵਿੱਚ ਵਪਾਰ ਕਰਨ ਲਈ ਇਹ ਲਾਜ਼ਮੀ ਹੈ ਅਤੇ ਉੱਦਮੀਆਂ ਲਈ ਫ਼ਾਇਦੇਮੰਦ ਵੀ ਹੈ। ਖੇਤੀਬਾੜੀ ਵਪਾਰ ਆਧਾਰਤ ਗਤੀਵਿਧੀਆਂ ਵੀ MSME ਦੇ ਦਾਇਰੇ ਵਿੱਚ ਆਉਂਦੀਆਂ ਹਨ। ਇਹ ਨੰਬਰ ਤੁਹਾਡੇ ਉਦਮ ਲਈ MSMS (Micro, Small, Marginal Enterprise) ਦਾ ਮੰਤਰਾਲੇ ਦੀਆਂ ਸਕੀਮਾਂ ਜਾਂ ਪ੍ਰੋਗਰਾਮਾਂ ਦੇ ਵੱਖ-ਵੱਖ ਲਾਭਾਂ ਜਿਵੇਂ ਕਿ ਘੱਟ ਵਿਆਜ ਦਰ ’ਤੇ ਬੈਂਕ ਲੋਨ, ਵੱਖ-ਵੱਖ ਟੈਕਸਾਂ ਤੋਂ ਛੋਟ, ਸਰਕਾਰੀ ਲਾਇਸੈਂਸ ਅਤੇ ਪ੍ਰਮਾਣੀਕਰਨ, ਟੈਰਿਫ ਸਬਸਿਡੀਆਂ, ਟੈਕਸ ਅਤੇ ਪੂੰਜੀ ਸਬਸਿਡੀਆਂ, ਬਿਜਲੀ ਬਿੱਲਾਂ ਵਿੱਚ ਰਿਆਇਤ, ਖ਼ਰੀਦਦਾਰਾਂ ਤੋਂ ਭੁਗਤਾਨ ਵਿੱਚ ਦੇਰੀ ਤੋਂ ਸੁਰੱਖਿਆ ਪ੍ਰਦਾਨ ਕਰਨ ਅਤੇ ਟ੍ਰੇਡਮਾਰਕ ਪੇਟੈਂਟ ਫਾਈਲ ਕਰਨ ਲਈ ਸਰਕਾਰੀ ਫੀਸਾਂ ਤੇ 50% ਛੋਟ ਆਦਿ ਲਾਭਾਂ ਦਾ ਹੱਕਦਾਰ ਬਣਾਉਂਦਾ ਹੈ।
MSME/ ਉਦਯਮ ਰਜਿਸਟ੍ਰੇਸ਼ਨ ਪ੍ਰਾਪਤ ਕਰਨ ਲਈ ਉੱਦਮੀਆਂ ਨੂੰ ਰਜਿਸਟ੍ਰੇਸ਼ਨ ਪੋਰਟਲ “Udhyam Registration” ਦੇ ਹੋਮਪੇਜ਼ ’ਤੇ ਨਵੇਂ ਉੱਦਮੀਆਂ ਲਈ ਜੋ ਅਜੇ ਤੱਕ MSME ਵੱਲੋਂ ਰਜਿਸਟਰ ਨਹੀਂ ਹਨ, ਬਟਨ ’ਤੇ ਕਲਿੱਕ ਕਰਨਾ ਚਾਹੀਦਾ ਹੈ। ਬਟਨ ਕਲਿੱਕ ਕਰਨ ’ਤੇ MSME ਰਜਿਸਟ੍ਰੇਸ਼ਨ ਪੇਜ ਖੁੱਲ੍ਹ ਜਾਵੇਗਾ। ਉੱਦਮੀ ਨੂੰ ਆਪਣਾ ਪੈਨ ਨੰਬਰ ਦਰਜ ਕਰਨ ਦੀ ਲੋੜ ਹੁੰਦੀ ਹੈ ਅਤੇ ਉਸ ਦੇ ਰਜਿਸਟਰਡ ਨੰਬਰ ’ਤੇ ਇੱਕ OTP ਪ੍ਰਾਪਤ ਹੋਵੇਗਾ। ਰਜਿਸਟ੍ਰੇਸ਼ਨ ਪੰਨੇ ’ਤੇ OTP ਦਾਖ਼ਲ ਕਰਨ ਤੋਂ ਬਾਅਦ ਮਾਲਕ ਨੂੰ ਰਜਿਸਟ੍ਰੇਸ਼ਨ ਫਾਰਮ ਵਿੱਚ ਆਪਣੇ ਐਂਟਰਪ੍ਰਾਈਜ਼ (ਕਾਰੋਬਾਰ) ਬਾਰੇ ਵੇਰਵੇ ਭਰਨੇ ਹੋਣਗੇ। ਇਕ ਵਾਰ ਫਾਰਮ ਜਮ੍ਹਾਂ ਹੋ ਜਾਣ ਤੋਂ ਬਾਅਦ, ਮਾਲਕ ਨੂੰ ਕੁਝ ਦਿਨਾਂ ਬਾਅਦ ਉੱਦਯਮ ਰਜਿਸਟ੍ਰੇਸ਼ਨ (MSME ਰਜਿਸਟ੍ਰੇਸ਼ਨ) ਸਰਟੀਫਿਕੇਟ ਪ੍ਰਾਪਤ ਹੋ ਜਾਵੇਗਾ। ਇਸ ਰਜਿਸਟ੍ਰੇਸ਼ਨ ਤੇ ਕੋਈ ਵੀ ਫੀਸ ਨਹੀਂ ਲੱਗਦੀ।
ਉੱਦਯਮ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਇਕ ਸਰਟੀਫਿਕੇਟ ਆਨਲਾਈਨ ਜਾਰੀ ਕੀਤਾ ਜਾਵੇਗਾ। ਇਸ Udhyam ਰਜਿਸਟ੍ਰੇਸ਼ਨ ਸਰਟੀਫਿਕੇਟ ਵਿੱਚ ਇਕ ਗਤੀਸ਼ੀਲ OR ਕੋਡ ਹੋਵੇਗਾ ਜਿਸ ਤੋਂ ਉੱਦਮ ਬਾਰੇ ਵੇਰਵਿਆਂ ਤੱਕ ਪਹੁੰਚ ਕੀਤੀ ਜਾ ਸਕਦੀ ਹੈ।
GST ਰਜਿਸਟ੍ਰੇਸ਼ਨ (Goods and Services Tax): ਇਹ ਰਜਿਸਟ੍ਰੇਸ਼ਨ 40 ਲੱਖ ਤੋਂ ਵੱਧ ਟਰਨਓਵਰ ਵਾਲੇ ਕਾਰੋਬਾਰ ਲਈ ਲਾਜ਼ਮੀ ਹੈ। ਪਰ ਜੇ ਤੁਸੀਂ ਈ-ਕਾਮਰਸ ਸਾਈਟਾਂ (Amazon, Flipkart ਆਦਿ) ’ਤੇ ਵਪਾਰ ਕਰਨਾ ਹੈ ਜਾਂ ਦੂਜੇ ਰਾਜਾਂ ਵਿੱਚ ਆਪਣੇ ਪ੍ਰਾਡਕਟ ਦਾ ਕਾਰੋਬਾਰ ਕਰਨਾ ਹੈ ਜਾਂ ਐਕਸਪੋਰਟ ਕਰਨਾ ਹੈ ਤਾਂ GST ਰਜਿਸਟ੍ਰੇਸ਼ਨ ਨੰਬਰ ਜ਼ਰੂਰੀ ਹੈ। GST ਨੰਬਰ ਲੈਣ ਲਈ ਭਾਰਤ ਸਰਕਾਰ ਦੇ ਆਨਲਾਈਨ ਪੋਰਟਲ (GST Registration-GST Portal, https://www.gst.gov.in) ’ਤੇ ਜਾ ਕੇ ਰਜਿਸਟ੍ਰੇਸ਼ਨ ਫਾਰਮ ਭਰ ਸਕਦੇ ਹੋ। ਇਹ ਨੰਬਰ ਲੈਣ ਲਈ ਕੋਈ ਵੀ ਫੀਸ ਨਹੀਂ ਲੱਗੇਗੀ ਅਤੇ ਇਸ ਦੇ ਲਈ ਪੈਨ ਕਾਰਡ, ਆਧਾਰ ਕਾਰਡ, ਫੋਟੋ ਅਤੇ ਕਾਰੋਬਾਰ ਦਾ ਨਾਮ ਆਦਿ ਦਸਤਾਵੇਜ਼ ਚਾਹੀਦੇ ਹਨ। ਆਨਲਾਈਨ ਹੀ ਤੁਸੀਂ ਆਪਣੇ ਰੈਫਰੈਂਸ ਨੰਬਰ ਪਾ ਕੇ GST ਨੰਬਰ ਦਾ ਸਟੇਟਸ ਚੈੱਕ ਕਰ ਸਕਦੇ ਹੋ ਅਤੇ ਡਾਊਨਲੋਡ ਕਰ ਸਕਦੇ ਹੋ।
ਐਕਸਪੋਰਟ ਲਾਇਸੈਂਸ (Export License): ਖੇਤੀਬਾੜੀ ਨਿਰਯਾਤ ਆਰਥਿਕਤਾ ਵਿਕਾਸ ਤੇ ਸਕਾਰਾਤਮਕ ਤੇ ਮਹੱਤਵਪੂਰਨ ਪ੍ਰਭਾਵ ਪਾਉਂਦਾ ਹੈ। ਭਾਰਤ ਤੋਂ ਵੱਖ-ਵੱਖ ਉਤਪਾਦਾਂ ਦੇ ਨਿਰਯਾਤ ਦੇ ਰੁਝਾਨਾਂ ਦਾ ਅਧਿਐਨ ਕਰਨ ਤੋਂ ਬਾਅਦ ਅਤੇ ਪਾਬੰਦੀਸ਼ੁਦਾ/ਪ੍ਰਤੀਬੰਧਤ ਸੂਚੀ ਦੇ ਉਤਪਾਦਾਂ ਨੂੰ ਦੇਖ ਕੇ ਨਿਰਯਾਤ ਕੀਤੇ ਜਾਣ ਵਾਲੇ ਉਤਪਾਦਾਂ ਦੀ ਸਹੀ ਚੋਣ ਕਰਨੀ ਚਾਹੀਦੀ ਹੈ। ਖੇਤੀਬਾੜੀ ਅਤੇ ਸਹਾਇਕ ਧੰਦਿਆਂ (ਬਾਗ਼ਬਾਨੀ, ਡੇਅਰੀ, ਪੋਲਟਰੀ, ਮੱਖੀ ਪਾਲਣ) ਦੇ ਉਤਪਾਦਾਂ ਦੇ ਨਿਰਯਾਤ ਲਈ ਅਪੈਡਾ (APEDA) ਲਾਇਸੈਂਸ ਲੈਣਾ ਵੀ ਜ਼ਰੂਰੀ ਹੁੰਦਾ ਹੈ। ਇਸ ਨੂੰ ਲੈਣ ਲਈ ਲੋੜੀਂਦੀਆਂ ਕਾਰਵਾਈਆਂ ਇਸ ਤਰ੍ਹਾਂ ਹਨ:
1. ਆਪਣੇ ਕਾਰੋਬਾਰ/ਫਰਮ ਦਾ ਨਾਮ ਰੱਖੋ।
2. ਜੀਐੱਸਟੀ ਨੰਬਰ ਲਵੋ ਜੋ ਕਰੰਟ ਅਕਾਊਂਟ ਖੁਲ੍ਹਵਾਉਣ ਦੇ ਵੀ ਕੰਮ ਆਵੇਗਾ।
3. PAN Card ਕਰਨਾ ਵੀ ਜ਼ਰੂਰੀ ਹੈ।
4. ਵਿਦੇਸ਼ੀ ਮੁਦਰਾ ਵਿੱਚ ਲੈਣ-ਦੇਣ ਲਈ ਅਧਿਕਾਰਤ ਬੈਂਕ ਵਿੱਚ ਇੱਕ ਚਾਲੂ ਖਾਤਾ (ਕਰੰਟ ਅਕਾਊਂਟ) ਖੁੱਲ੍ਹਵਾਓ।
5. Import Export Code (IEC) ਨੰਬਰ ਲਈ ਭਾਰਤ ਸਰਕਾਰ ਦੇ ਆਨਲਾਈਨ ਪੋਰਟ ’ਤੇ ਅਪਲਾਈ ਕਰੋ ਜਾਂ ਫਿਰ ਸਥਾਨਕ ਡੀਜੀਐੱਫਟੀ (ਡਾਇਰੈਕਟੋਰੇਟ ਜਨਰਲ ਫੌਰਨ ਟਰੇਡ) ਦੇ ਦਫ਼ਤਰ ਜਾ ਕੇ ਆਈਈਸੀ ਕੋਡ ਲਈ ਅਪਲਾਈ ਕਰੋ।
Portal : ieccodeidia.org
https//www.ieccodeindia.org
6. APEDA ਰਜਿਸਟ੍ਰੇਸ਼ਨ ਕਰਾਉਣ ਲਈ Apeda ਦੀ ਵੈਬਸਾਈਟ apeda.gov.in ਤੇ ਜਾ ਕੇ ‘Register as Member’ ਕਲਿਕ ਕਰੋ ਅਤੇ ਆਰਸੀਐੱਮਸੀ (ਰਜਿਸਟ੍ਰੇਸ਼ਨ ਕਮ ਮੈਂਬਰਸ਼ਿਪ ਸਰਟੀਫਿਕੇਟ) ਲਈ ਫਾਰਮ ਭਰੋ। ਇਸ ਦੀ ਫੀਸ 5000 ਰੁਪਏ ਹੈ। APEDA ਕੁਦਰਤੀ ਖੇਤੀ (Organic Farming) ਲਈ ਵੀ ਸਰਟੀਫਿਕੇਟ ਮੁਹੱਈਆ ਕਰਵਾਉਂਦਾ ਹੈ। APEDA ਤੁਹਾਡੇ ਉਤਪਾਦਾਂ ਦੀ ਇਸ਼ਤਿਹਾਰਬਾਜ਼ੀ, ਪੈਕੇਜਿੰਗ ਵਿਕਾਸ ਅਤੇ ਮਾਰਕੀਟਿੰਗ ਵਿੱਚ ਸਹਾਇਤਾ ਕਰਦਾ ਹੈ। ਵੱਖ-ਵੱਖ ਵਿੱਤੀ ਸਹਾਇਤਾਂ ਸਕੀਮਾਂ ਦਾ ਲਾਭ ਅਤੇ ਨਿਰਯਾਤਕਾਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੰਦਾ ਹੈ।
7. Phytosanitary Certificate: ਪ੍ਰਾਡਕਟ (ਪੌਦੇ, ਖਾਦ ਪਦਾਰਥਾਂ, ਪੌਦਿਆਂ ਬੀਜ ਆਦਿ) ਐਕਸਪੋਰਟ ਕਰਨ ਲਈ ਫਾਈਟੋਸੈਨੇਟਰੀ ਸਰਟੀਫਿਕੇਟ ਜ਼ਰੂਰੀ ਹੈ ਜੋ ਸਰਕਾਰੀ ਵੈਬਸਾਈਟ www.indiafilings.com ’ਤੇ ਆਨਲਾਈਨ ਪ੍ਰਾਪਤ ਕਰ ਸਕਦੇ ਹੋ।
ਜ਼ਿਲ੍ਹਾ ਉਦਯੋਗ ਸੈਂਟਰ ਵੀ ਉੱਦਮੀ ਕਿਸਾਨਾਂ ਨੂੰ ਐਕਸਪੋਰਟ ਸਬੰਧੀ ਸਪੈਸ਼ਲ ਟ੍ਰੇਨਿੰਗਜ਼ ਮੁਹੱਈਆ ਕਰਵਾਉਂਦੇ ਹਨ। ਸੋ ਐਕਸਪੋਰਟ ਲਾਇਸੈਂਸ ਨਾਲ ਉਪਰੋਕਤ ਸਾਰੀਆਂ ਰਜਿਸਟ੍ਰੇਸ਼ਨ/ਸਰਟੀਫਿਕੇਸ਼ਨਾਂ ਕਰਵਾਉਣੀਆਂ ਜ਼ਰੂਰੀ ਹਨ।
ਜੈਵਿਕ ਖੇਤੀ ਪ੍ਰਮਾਣਿਕਤਾ: ਮੰਡੀਕਰਨ ਵਿੱਚ ਜੈਵਿਕ ਭੋਜਨ ਦੀ ਪੂਰਤੀ ਕਰਨ ਦੀ ਚੁਣੌਤੀ ਨੂੰ ਨਜਿੱਠਣ ਲਈ ਕਿਸਾਨਾਂ ਨੂੰ ਫਿਰ ਤੋਂ ਪ੍ਰੰਪਰਾਗਤ ਰਵਾਇਤੀ ਕਾਸ਼ਤ ਦਾ ਅਭਿਆਸ ਕਰਨਾ ਪਵੇਗਾ। ਇਸ ਵਿੱਚ ਰਸਾਇਣਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ ਅਤੇ ਉਸ ਸਮੇਂ ਪੌਣ-ਪਾਣੀ ਤੇ ਭੋਜਨ ਪ੍ਰਣਾਲੀ ਸ਼ੁੱਧ ਅਤੇ ਸਾਫ਼ ਸੀ। ਜੋ ਉਤਪਾਦਕ ਆਪਣੀ ਖੇਤੀ ਲਈ ਜੈਵਿਕ ਸਰਟੀਫਿਕੇਸ਼ਨ ਚਾਹੁੰਦਾ ਹੈ ਉਸ ਨੂੰ ਆਪਣੇ ਖੇਤ ਅਤੇ ਮਿੱਟੀ ਨੂੰ ਵਰਜਿਤ ਪਦਾਰਥਾਂ (ਸਿੰਥੈਟਿਕ ਰਸਾਇਣਾਂ ਆਦਿ) ਦੀ ਵਰਤੋਂ ਤੋਂ ਮੁਕਤ ਕਰਨਾ ਯਕੀਨੀ ਬਣਾਉਣਾ ਹੁੰਦਾ ਹੈ। ਜੈਵਿਕ ਉਤਪਾਦਨ ਲਈ ਕੌਮੀ ਪ੍ਰੋਗਰਾਮ (NPOP) ਵੱਲੋਂ ਨਿਰਧਾਰਿਤ ਮਾਪਦੰਡਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਪੰਜਾਬ ਵਿੱਚ ਜੈਵਿਕ ਖੇਤੀ ਪ੍ਰਮਾਣਿਕਤਾ ਲਈ ਨੋਡਲ ਏਜੰਸੀ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ (PAGREXCO) ਹੈ ਜੋ ਪੰਜਾਬ ਐਗਰੋ ਇੰਡਸਟਰੀਜ਼ ਦੀ ਇੱਕ ਸਹਾਇਕ ਕੰਪਨੀ ਹੈ। ਇਹ ਉਤਪਾਦਕਾਂ ਨੂੰ ਜੈਵਿਕ ਖੇਤੀ ਦਾ ਥਰਡ ਪਾਰਟੀ ਸਰਟੀਫਿਕੇਸ਼ਨ ਮੁਹੱਈਆ ਕਰਵਾਉਂਦੀ ਹੈ। ਇਸ ਕੰਪਨੀ ਵੱਲੋਂ ਪਿੰਡ ਪੱਧਰ ਅਤੇ ਬਲਾਕ ਪੱਧਰ ਤੇ ਜੈਵਿਕ ਖੇਤੀ ਲਈ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ ਅਤੇ ਜੈਵਿਕ ਉਤਪਾਦਕਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਆਪਣੀ ਜ਼ਮੀਨ ਅਤੇ ਫ਼ਸਲਾਂ ਦੀ ਚੰਗੀ ਸਿਹਤ ਲਈ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ ਹਨ। ਫੀਲਡ ਦੀਆਂ ਟੀਮਾਂ ਵੱਲੋਂ ਜੈਵਿਕ ਫਾਰਮ ਇਨਪੁਟਸ (ਬਾਇਓਫਰਟੀਲਾਈਜ਼ਰ, ਬਾਇਓਕੀਟਨਾਸ਼ਕ) ਅਤੇ ਜੈਵਿਕ ਪ੍ਰਬੰਧਨ ਅਭਿਆਸਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਭਾਰਤ ਸਰਕਾਰ ਦੇ ਕੌਮੀ ਪ੍ਰੋਗਰਾਮ ਅਧੀਨ ਕਿਸੇ ਵੱਲੋਂ ਖੇਤ/ਮਿੱਟੀ ਦਾ ਨਿਰੀਖਣ, ਆਡਿਟ, ਦਸਤਾਵੇਜ਼ਾਂ ਦਾ ਸਾਡਾ ਖ਼ਰਚਾ ਵੀ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਵੱਲੋਂ ਕੀਤਾ ਜਾਂਦਾ ਹੈ। ਰਜਿਸਟਰ ਕੀਤੀ ਉਤਪਾਦਕ ਦੀ ਜ਼ਮੀਨ ਨੂੰ ਤਿੰਨ ਸਾਲ ਨਿਗਰਾਨੀ ਤੋਂ ਬਾਅਦ ਉਸ ਨੂੰ PAGREXCO ਵੱਲੋਂ NPOP ਪ੍ਰਮਾਣੀਕਰਨ ਨਾਲ SGS ਪ੍ਰਾਈਵੇਟ ਲਿਮਟਡ (ਪ੍ਰਮਾਣਿਕਤਾ ਏਜੰਸੀ) ਦਾ ਆਰਗੈਨਿਕ ਸਰਟੀਫਿਕੇਟ ਦਿੱਤਾ ਜਾਂਦਾ ਹੈ। ਪੰਜਾਬ ਐਗਰੋ ਕੰਪਨੀ ਜੈਵਿਕ ਉਤਪਾਦਕਾਂ ਦੀ ਉਪਜ (ਕਣਕ ਅਤੇ ਬਾਸਮਤੀ) ਤਕਰੀਬਨ 25 ਫ਼ੀਸਦੀ ਵੱਧ ਭਾਅ ’ਤੇ ਖ਼ਰੀਦਦੀ ਹੈ ਅਤੇ ਇਨ੍ਹਾਂ ਦੇ ਪ੍ਰਾਸੈਸਿੰਗ ਪੈਕਿੰਗ, ਲੇਬਲਿੰਗ ਕਰ ਕੇ ਆਪਣੇ ਬਰਾਂਡ ‘ਫਾਈਵ ਰਿਵਰਜ਼’ ਅਧੀਨ ਮਾਰਕੀਟਿੰਗ ਵੀ ਕਰਦੀ ਹੈ।
ਐਗਮਾਰਕ ਪ੍ਰਮਾਣਿਕਤਾ-ਗੁਣਵੱਤਾ ਦਾ ਭਰੋਸਾ: ਐਗਮਾਰਕ ਭਾਰਤ ਸਰਕਾਰ ਦੀ ਗੁਣਵੱਤਾ ਪ੍ਰਮਾਣਕਤਾ ਸਕੀਮ ਹੈ ਜਿਸ ਅਧੀਨ ਖੇਤੀਬਾੜੀ ਅਤੇ ਸਹਾਇਕ ਧੰਦਿਆਂ (ਬਾਗ਼ਬਾਨੀ, ਪਸ਼ੂ ਧਨ, ਮਧੂ ਮੱਖੀ ਪਾਲਣ) ਤੋਂ ਪ੍ਰਾਪਤ ਉਤਪਾਦਾਂ ਦੀ ਗੁਣਵੱਤਾ ਦੇ ਆਧਾਰ ’ਤੇ ਦਰਜਾਬੰਦੀ ਕਰ ਕੇ ਪੈਕਿੰਗ ਅਤੇ ਮਾਰਕਿੰਗ ਕਰਵਾਈ ਜਾਂਦੀ ਹੈ। ਇਹ ਸਕੀਮ ਕਾਨੂੰਨੀ ਤੌਰ ’ਤੇ ਐਗਰੀਕਲਚਰ ਪ੍ਰੋਡਿਊਸ (ਗ੍ਰੇਡਿੰਗ ਐਂਡ ਮਾਰਕਿੰਗ) ਐਕਟ 1937 ਅਧੀਨ ਸ਼ੁਰੂ ਕੀਤੀ ਗਈ ਸੀ। ਭਾਰਤ ਵਿੱਚ ਐਗਮਾਰਕ ਸਕੀਮ ਤਹਿਤ ਖੇਤੀਬਾੜੀ, ਪਸ਼ੂ, ਬਾਗ਼ਬਾਨੀ ਅਤੇ ਮੱਖੀ ਪਾਲਣ ਆਦਿ ਨਾਲ ਸਬੰਧਤ ਲਗਪਗ 250 ਜਿਣਸਾਂ ਦੀ ਟੈਸਟਿੰਗ, ਦਰਜਾਬੰਦੀ, ਪੈਕਿੰਗ ਅਤੇ ਮਾਰਕਿੰਗ ਕੀਤੀ ਜਾਂਦੀ ਹੈ। ਇਸ ਅਧੀਨ ਦੋਵੇਂ ਤਰ੍ਹਾਂ ਦੇ ਪ੍ਰਾਡਕਟਸ; ਪ੍ਰੋਸੈਸਡ (ਆਟਾ, ਵੇਸਣ, ਤੇਲ, ਘਿਓ, ਮਸਾਲੇ, ਸ਼ਹਿਦ ਆਦਿ) ਅਤੇ ਸਾਬਤ (ਫ਼ਲ, ਸਬਜ਼ੀਆਂ, ਅਨਾਜ, ਦਾਲਾਂ, ਅੰਡੇ ਆਦਿ) ਦੀ ਗ੍ਰੇਡਿੰਗ ਅਤੇ ਪ੍ਰਮਾਣਿਕਤਾ ਦਿੱਤੀ ਜਾਂਦੀ ਹੈ। ਪੰਜਾਬ ਵਿੱਚ ਇਹ ਸਕੀਮ 1967 ਤੋਂ ਖੇਤੀਬਾੜੀ ਵਿਭਾਗ ਦੇ ਮਾਰਕੀਟਿੰਗ ਸੈਕਸ਼ਨ ਦੀ ਦੇਖ-ਰੇਖ ਵਿੱਚ ਚੱਲ ਰਹੀ ਹੈ। ਐਗਮਾਰਕ ਪ੍ਰਮਾਣਿਕਤਾ ਦੇ ਚਾਹਵਾਨ ਕਿਸਾਨ/ਪ੍ਰਾਸੈਸਰਜ਼ ਆਪਣੇ ਜ਼ਿਲ੍ਹੇ ਵਿੱਚ ਖੇਤੀਬਾੜੀ ਵਿਭਾਗ ਦੇ ਮਾਰਕੀਟਿੰਗ ਵਿੰਗ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰ ਕੇ ਐਗਮਾਰਕ ਦਾ ਸੀਏ-ਸਰਟੀਫਿਕੇਟ ਆਫ ਆਥੋਰਾਈਜੇਸ਼ਨ (ਅਧਿਕਾਰ ਪੱਤਰ) ਪ੍ਰਾਪਤ ਕਰ ਸਕਦੇ ਹਨ। ਮਾਰਕੀਟਿੰਗ ਵਿੰਗ ਇਹ ਅਧਿਕਾਰ ਪੱਤਰ ਭਾਰਤ ਸਰਕਾਰ ਦੇ ਡੀਐੱਮਆਈ (ਡਾਇਰੈਕਟੋਰੇਟ ਆਫ ਮਾਰਕੀਟਿੰਗ ਐਂਡ ਇਨਸਪੈਕਸ਼ਨ) ਵਿਭਾਗ ਵੱਲੋਂ ਜਾਰੀ ਕਰਵਾਉਂਦਾ ਹੈ। ਇਸ ਦੀ ਫੀਸ 10,000 ਰੁਪਏ ਹੈ ਅਤੇ ਇਸ ਦੀ ਮਿਆਦ 5 ਸਾਲ ਦੀ ਹੈ ਜੋ ਬਾਅਦ ਵਿੱਚ ਰੀਨਿਊ ਕਰਵਾਇਆ ਜਾ ਸਕਦਾ ਹੈ। ਪੰਜਾਬ ਵਿੱਚ ਐਗਮਾਰਕ ਟੈਸਟਿੰਗ ਅਤੇ ਗ੍ਰੇਡਿੰਗ ਲਈ ਤਿੰਨ ਲੈਬਾਰਟਰੀਆਂ ਅੰਮ੍ਰਿਤਸਰ, ਲੁਧਿਆਣਾ ਅਤੇ ਫ਼ਰੀਦਕੋਟ ਵਿੱਚ ਹਨ।
*ਖੇਤੀਬਾੜੀ ਮਾਰਕੀਟਿੰਗ ਅਫ਼ਸਰ, ਲੁਧਿਆਣਾ।

Advertisement

Advertisement
Author Image

Advertisement