ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੈਨੇਡਾ ਦੀਆਂ ਸਿਹਤ ਸੇਵਾਵਾਂ ਤੇ ਸਮੱਸਿਆਵਾਂ

11:49 AM Sep 11, 2024 IST
ਕੈਨੇਡਾ ਦੀਆਂ ਸਿਹਤ ਸੇਵਾਵਾਂ ਤੇ ਸਮੱਸਿਆਵਾਂ

ਪ੍ਰਿੰਸੀਪਲ ਵਿਜੈ ਕੁਮਾਰ

ਮੈਨੂੰ ਕੈਨੇਡਾ ਆਏ ਨੂੰ ਇੱਕ ਸਾਲ ਤੋਂ ਉੱਪਰ ਦਾ ਅਰਸਾ ਹੋ ਚੱਲਾ ਹੈ। ਮੈਂ ਅਤੇ ਮੇਰੀ ਪਤਨੀ ਆਪਣੇ ਪੁੱਤਰ ਨਾਲ ਛੋਟੀਆਂ ਮੋਟੀਆਂ ਬਿਮਾਰੀਆਂ ਨੂੰ ਲੈ ਕੇ ਇੱਥੋਂ ਦੇ ਡਾਕਟਰਾਂ ਕੋਲ ਵੀ ਜਾ ਆਏ ਹਾਂ। ਇੱਥੇ ਵਸਦੇ ਲੋਕਾਂ ਦੇ ਮੂੰਹੋਂ ਇੱਥੋਂ ਦੀਆਂ ਸਿਹਤ ਸੇਵਾਵਾਂ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਕੋਈ ਕਹਿੰਦਾ ਹੈ ਕਿ ਸਾਡੇ ਦੇਸ਼ ਭਾਰਤ ਵਿੱਚ ਬਿਮਾਰੀ ਦੇ ਇਲਾਜ ਉੱਤੇ ਪੈਸੇ ਤਾਂ ਖ਼ਰਚ ਤਾਂ ਹੋ ਜਾਂਦੇ ਹਨ, ਪਰ ਇਲਾਜ ਬਹੁਤ ਛੇਤੀ ਹੋ ਜਾਂਦਾ ਹੈ। ਦੂਜੇ ਪਾਸੇ ਕੈਨੇਡਾ ਵਿੱਚ ਤਾਂ ਆਪਰੇਸ਼ਨ, ਐਕਸਰੇ, ਅਲਟਰਾ ਸਾਊਂਡ ਤੇ ਐੱਮ.ਆਰ.ਆਈ. ਲਈ ਹਫ਼ਤਿਆਂ ਅਤੇ ਮਹੀਨਿਆਂ ਦੀ ਉਡੀਕ ਕਰਨੀ ਪੈਂਦੀ ਹੈ। ਕੋਈ ਇਹ ਕਹਿੰਦਾ ਸੁਣਿਆ ਜਾਂਦਾ ਹੈ ਕਿ ਕਿਸੇ ਵੇਲੇ ਕੈਨੇਡਾ ਦੀਆਂ ਸਿਹਤ ਸੇਵਾਵਾਂ ਬਹੁਤ ਵਧੀਆ ਹੁੰਦੀਆਂ ਸਨ, ਪਰ ਹੁਣ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਮਹੀਨਿਆਂ ਅਤੇ ਸਾਲਾਂ ਦੀ ਉਡੀਕ ਕਰਨੀ ਪੈਂਦੀ ਹੈ। ਕਈ ਵਾਰ ਤਾਂ ਇਲਾਜ ਕਰਾਉਣ ਲਈ ਆਪਣੇ ਮੁਲਕ ਵਿੱਚ ਵੀ ਜਾਣਾ ਪੈ ਜਾਂਦਾ ਹੈ। ਲੋਕ ਕਹਿੰਦੇ ਹਨ ਕਿ ਇਸ ਮੁਲਕ ਦੀਆਂ ਸਰਕਾਰਾਂ ਦੂਜੇ ਮੁਲਕਾਂ ਤੋਂ ਲੋਕਾਂ ਨੂੰ ਤਾਂ ਬੁਲਾਈ ਜਾਂਦੀਆਂ ਹਨ, ਪਰ ਦੇਸ਼ ਦੀ ਜਨਸੰਖਿਆ ਅਨੁਸਾਰ ਡਾਕਟਰਾਂ ਦਾ ਪ੍ਰਬੰਧ ਨਹੀਂ ਕਰ ਰਹੀਆਂ ਤੇ ਨਾ ਹੀ ਹਸਪਤਾਲ ਖੋਲ੍ਹ ਰਹੀਆਂ ਹਨ।
ਕੈਨੇਡਾ ਦੀਆਂ ਸਿਹਤ ਸੇਵਾਵਾਂ ਨੂੰ ਲੈ ਕੇ ਇੱਥੇ ਵਸਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਗੱਲ ਕਰਨ ਲਈ ਸਾਨੂੰ ਹਰ ਪੱਖ ਦੀ ਪਰਖ ਪੜਚੋਲ ਕਰਨੀ ਪਵੇਗੀ। ਕੈਨੇਡਾ ਵਿੱਚ ਸਿਹਤ ਸੇਵਾਵਾਂ ਤਿੰਨ ਤਰ੍ਹਾਂ ਦੀਆਂ ਹਨ। ਪਹਿਲੀ ਕਿਸਮ ਵਿੱਚ ਇੱਥੋਂ ਦੇ ਪੀ.ਆਰ. ਅਤੇ ਸਿਟੀਜ਼ਨ ਯਾਨੀ ਕਿ ਪੱਕੇ ਨਾਗਰਿਕ ਆਉਂਦੇ ਹਨ। ਉਹ ਇੱਥੋਂ ਦੀ ਸਰਕਾਰ ਨੂੰ ਟੈਕਸ ਦਿੰਦੇ ਹਨ ਤੇ ਉਨ੍ਹਾਂ ਦਾ ਇਲਾਜ ਬਿਲਕੁਲ ਮੁਫ਼ਤ ਹੁੰਦਾ ਹੈ। ਉਨ੍ਹਾਂ ਦੇ ਮੈਡੀਕਲ ਕਾਰਡ ਬਣੇ ਹੋਏ ਹਨ। ਦੂਜੀ ਕਿਸਮ ਵਿੱਚ ਵਿਜ਼ਿਟਰ ਵੀਜ਼ੇ ਉੱਤੇ ਇੱਥੇ ਆਉਣ ਵਾਲੇ ਲੋਕ ਆਉਂਦੇ ਹਨ। ਜੇਕਰ ਉਹ ਇਸ ਮੁਲਕ ਵਿੱਚ ਆ ਕੇ ਮੈਡੀਕਲ ਬੀਮਾ ਕਰਵਾ ਲੈਂਦੇ ਹਨ ਤਾਂ ਉਨ੍ਹਾਂ ਦਾ ਇਲਾਜ ਵੀ ਮੁਫ਼ਤ ਹੀ ਹੁੰਦਾ ਹੈ। ਤੀਜੀ ਕਿਸਮ ਵਿੱਚ ਬਿਨਾਂ ਬੀਮੇ ’ਤੇ ਇਲਾਜ ਕਰਾਉਣ ਵਾਲੇ ਲੋਕ ਆਉਂਦੇ ਹਨ ਜੋ ਕਿ ਬਹੁਤ ਮਹਿੰਗਾ ਹੁੰਦਾ ਹੈ। ਇਸ ਲਈ ਜਿਹੜੇ ਲੋਕ ਵਿਜ਼ਿਟਰ ਵੀਜ਼ੇ ਉੱਤੇ ਆਉਂਦੇ ਹਨ, ਉਹ ਆਉਂਦਿਆਂ ਹੀ ਆਪਣਾ ਮੈਡੀਕਲ ਬੀਮਾ ਕਰਵਾਉਂਦੇ ਹਨ। ਇੱਥੇ ਇਹ ਗੱਲ ਸਪੱਸ਼ਟ ਕਰਨੀ ਬਣਦੀ ਹੈ ਕਿ ਜਿਨ੍ਹਾਂ ਮੁਲਕਾਂ ਵਿੱਚ ਜਿਵੇਂ ਕਿ ਆਸਟਰੇਲੀਆ, ਇੰਗਲੈਂਡ ਅਤੇ ਨਿਊਜੀਲੈਂਡ ਵਿੱਚ ਉੱਥੋਂ ਦੇ ਨਾਗਰਿਕਾਂ ਦਾ ਇਲਾਜ ਮੁਫ਼ਤ ਜਾਂ ਬੀਮਾ ਆਧਾਰਿਤ ਹੈ, ਉਨ੍ਹਾਂ ਮੁਲਕਾਂ ਵਿੱਚ ਵੀ ਸਿਹਤ ਸੇਵਾਵਾਂ ਨੂੰ ਲੈ ਕੇ ਉੱਥੋਂ ਦੇ ਲੋਕਾਂ ਨੂੰ ਸਮੱਸਿਆਵਾਂ ਆਉਂਦੀਆਂ ਹਨ। ਦੂਜੇ ਪਾਸੇ ਅਮਰੀਕਾ ਵਿੱਚ ਇਲਾਜ ਮੁੱਲ ਦਾ ਅਤੇ ਬਹੁਤ ਮਹਿੰਗਾ ਹੁੰਦਾ ਹੈ। ਇਸ ਲਈ ਇਲਾਜ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ।
ਜੇਕਰ ਕੈਨੇਡਾ ਦੇ ਸਿਹਤ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਸਾਡਾ ਦੇਸ਼ ਇਸ ਤੋਂ ਬਹੁਤ ਪਿੱਛੇ ਹੈ। ਇੱਥੇ ਆਮ ਬਿਮਾਰੀਆਂ ਦਾ ਇਲਾਜ ਸਾਡੇ ਮੁਲਕ ਵਾਂਗ ਬਹੁਤ ਛੇਤੀ ਹੁੰਦਾ ਹੈ, ਪਰ ਬਿਨਾਂ ਪੈਸੇ ਤੋਂ। ਗੰਭੀਰ ਬਿਮਾਰੀਆਂ ਦੇ ਇਲਾਜ ਦੀ ਤਕਨਾਲੋਜੀ ਸਾਡੇ ਮੁਲਕ ਨਾਲੋਂ ਕਿਤੇ ਬਿਹਤਰ ਹੈ। ਐਮਰਜੈਂਸੀ ਅਤੇ ਦੁਰਘਟਨਾ ਸਮੇਂ ਮਰੀਜ਼ਾਂ ਦਾ ਇਲਾਜ ਝੱਟ ਕੀਤਾ ਜਾਂਦਾ ਹੈ। ਜਿਨ੍ਹਾਂ ਬਿਮਾਰੀਆਂ ਲਈ ਐਕਸਰੇ, ਅਲਟਰਾਸਾਊਂਡ, ਐੱਮ.ਆਰ.ਆਈ. ਜਾਂ ਹੋਰ ਟੈਸਟਾਂ ਦੀ ਲੋੜ ਹੁੰਦੀ ਹੈ, ਉਹ ਤੁਰੰਤ ਕੀਤੇ ਜਾਂਦੇ ਹਨ। ਸਾਡੇ ਦੇਸ਼ ਵਾਂਗ ਟੈਸਟਾਂ ਅਤੇ ਇਲਾਜ ਲਈ ਨਾ ਕਿਸੇ ਦੇ ਫੋਨ ਦੀ ਲੋੜ ਪੈਂਦੀ ਹੈ ਤੇ ਨਾ ਹੀ ਕਿਸੇ ਤਰ੍ਹਾਂ ਦੀ ਸਿਫਾਰਿਸ਼ ਦੀ। ਹਰ ਮਰੀਜ਼ ਨੂੰ ਉਸ ਦੀ ਵਾਰੀ ਅਨੁਸਾਰ ਰਿਸੈਪਸ਼ਨ ਉੱਤੇ ਬੈਠੀਆਂ ਕੁੜੀਆਂ ਡਾਕਟਰ ਦੇ ਕੋਲ ਭੇਜਦੀਆਂ ਹਨ। ਜ਼ਰੂਰਤ ਅਨੁਸਾਰ ਮਰੀਜ਼ ਦੇ ਘਰ ਈਮੇਲ ਅਤੇ ਫੋਨ ਵੀ ਜਾਂਦੇ ਹਨ।
ਹਰ ਮਰੀਜ਼ ਨੂੰ ਡਾਕਟਰ ਕੋਲ ਜਾਣ ਤੋਂ ਪਹਿਲਾਂ ਉਸ ਤੋਂ ਸਮਾਂ ਲੈਣਾ ਪੈਂਦਾ ਹੈ। ਮਰੀਜ਼ ਦੇ ਸਮੇਂ ਅਨੁਸਾਰ ਹੀ ਡਾਕਟਰ ਉਸ ਨੂੰ ਵੇਖਦਾ ਹੈ। ਸਾਡੇ ਦੇਸ਼ ਵਾਂਗ ਡਾਕਟਰ ਨਾ ਟੈਸਟਾਂ ਵਿੱਚੋਂ ਕਮਿਸ਼ਨ ਖਾਂਦੇ ਹਨ ਤੇ ਨਾ ਹੀ ਦਵਾਈਆਂ ਵਿੱਚੋਂ। ਮਹਿੰਗੇ ਤੋਂ ਮਹਿੰਗੇ ਟੈਸਟ ਦੀ ਪਰਚੀ ਤੱਕ ਦੇ ਪੈਸੇ ਨਹੀਂ ਲੱਗਦੇ। ਡਾਕਟਰ ਦੀ ਲਿਖੀ ਪਰਚੀ ਤੋਂ ਬਿਨਾਂ ਕੋਈ ਵੀ ਕੈਮਿਸਟ ਦਵਾਈ ਨਹੀਂ ਦੇ ਸਕਦਾ। ਬੱਚਿਆਂ ਨੂੰ ਘੱਟ ਤੋਂ ਘੱਟ ਦਵਾਈ ਦਿੱਤੀ ਜਾਂਦੀ ਹੈ। ਨਰਸਾਂ ਅਤੇ ਡਾਕਟਰਾਂ ਦਾ ਵਿਵਹਾਰ ਵੇਖਣਯੋਗ ਹੁੰਦਾ ਹੈ। ਸਾਡੇ ਮੁਲਕ ਵਾਂਗ ਮਰੀਜ਼ ਉੱਤੇ ਟੁੱਟ ਟੁੱਟ ਕੇ ਨਹੀਂ ਪੈਂਦੇ। ਡਾਕਟਰ ਇੱਕ ਕਮਰੇ ਵਿੱਚ ਇੱਕ ਹੀ ਮਰੀਜ਼ ਵੇਖਦਾ ਹੈ। ਮਰੀਜ਼ ਚੈੱਕ ਹੋਣ ਤੋਂ ਬਾਅਦ ਕਮਰਾ ਸੈਨੇਟਾਇਜ਼ ਹੁੰਦਾ ਹੈ। ਡਾਕਟਰ ਕੋਲ ਜਾਣ ਤੋਂ ਪਹਿਲਾਂ ਮਰੀਜ਼ ਆਪਣੀ ਬਿਮਾਰੀ ਦਾ ਫਾਰਮ ਭਰਦਾ ਹੈ ਤੇ ਉਸ ਦੀ ਬਿਮਾਰੀ ਦਾ ਵੇਰਵਾ ਕੰਪਿਊਟਰ ਵਿੱਚ ਫੀਡ ਹੁੰਦਾ ਹੈ। ਡਾਕਟਰ ਆਪਣੇ ਕੰਪਿਊਟਰ ਨੂੰ ਖੋਲ੍ਹ ਕੇ ਮਰੀਜ਼ ਨੂੰ ਚੈੱਕ ਕਰਦਾ ਹੈ। ਡਾਕਟਰਾਂ ਦੇ ਕਲੀਨਿਕਾਂ ਅਤੇ ਮਸ਼ੀਨਾਂ ਵਾਲੇ ਕਮਰਿਆਂ ਦੀ ਸਫ਼ਾਈ ਵੇਖਣ ਵਾਲੀ ਹੁੰਦੀ ਹੈ। ਰਿਸੈਪਸ਼ਨ ’ਤੇ ਕੇਵਲ ਇੱਕ ਹੀ ਮਰੀਜ਼ ਗੱਲ ਕਰ ਸਕੇਗਾ। ਐਮਰਜੈਂਸੀ ਵੇਲੇ ਸਰਕਾਰੀ ਐਂਬੂਲੈਂਸ ਝੱਟ ਪਹੁੰਚ ਜਾਂਦੀ ਹੈ, ਸਾਡੇ ਮੁਲਕ ਵਾਂਗ ਨਾ ਐਂਬੂਲੈਂਸ ਆਪ ਕਰਨੀ ਪੈਂਦੀ ਹੈ ਅਤੇ ਨਾ ਹੀ ਉਸ ਦੀ ਉਡੀਕ ਕਰਨੀ ਪੈਂਦੀ ਹੈ। ਦਵਾਈ ਤੱਕ ਦੇ ਪੈਸੇ ਵੀ ਸਰਕਾਰ ਦਿੰਦੀ ਹੈ।
ਹੁਣ ਕੈਨੇਡਾ ਵਿੱਚ ਵਸਦੇ ਅਤੇ ਦੂਜੇ ਦੇਸ਼ਾਂ ਤੋਂ ਆ ਕੇ ਵਸੇ ਪਰਵਾਸੀ ਲੋਕਾਂ ਦੀਆਂ ਕੈਨੇਡਾ ਦੀਆਂ ਸਿਹਤ ਸੇਵਾਵਾਂ ਪ੍ਰਤੀ ਸ਼ਿਕਾਇਤਾਂ ਦੀ ਵੀ ਗੱਲ ਕਰ ਲੈਂਦੇ ਹਾਂ। ਇਹ ਗੱਲ ਸਪੱਸ਼ਟ ਕੀਤੀ ਜਾ ਚੁੱਕੀ ਹੈ ਕਿ ਇਸ ਮੁਲਕ ਦੀਆਂ ਮੁਫ਼ਤ ਸਿਹਤ ਸੇਵਾਵਾਂ ਟੈਕਸ ਅਤੇ ਬੀਮੇ ਉੱਤੇ ਹੀ ਆਧਾਰਿਤ ਹਨ। ਲੋਕ ਸਿਹਤ ਸੇਵਾਵਾਂ ਦੀਆਂ ਸਮੱਸਿਆਵਾਂ ਦੀ ਗੱਲ ਤਾਂ ਕਰਦੇ ਹਨ, ਪਰ ਆਪਣੇ ਮੁਲਕ ਵਾਂਗ ਇੱਥੇ ਆ ਕੇ ਕਿਸੇ ਨਾ ਕਿਸੇ ਢੰਗ ਨਾਲ ਟੈਕਸ ਚੋਰੀ ਕਰਨ ਲੱਗਿਆਂ ਉਨ੍ਹਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਯਾਦ ਕਿਉਂ ਨਹੀਂ ਰਹਿੰਦੀਆਂ? ਉਹ ਇੱਥੇ ਆ ਕੇ ਟੈਕਸ ਚੋਰੀ ਕਰਕੇ ਦੇਸ਼ ਨੂੰ ਲੁੱਟਣ ਦੀਆਂ ਨਵੀਆਂ ਨਵੀਆਂ ਵਿਉਂਤਾਂ ਬਣਾਉਂਦੇ ਰਹਿੰਦੇ ਹਨ। ਉਨ੍ਹਾਂ ਦਾ ਖਮਿਆਜ਼ਾ ਉਨ੍ਹਾਂ ਲੋਕਾਂ ਨੂੰ ਵੀ ਭੁਗਤਣਾ ਪੈਂਦਾ ਹੈ ਜਿਹੜੇ ਇਮਾਨਦਾਰੀ ਨਾਲ ਸਰਕਾਰ ਨੂੰ ਟੈਕਸ ਦਿੰਦੇ ਹਨ। ਜਿਹੜੇ ਕਾਰੋਬਾਰੀ ਅਤੇ ਹੋਰ ਧੰਦਿਆਂ ਵਾਲੇ ਕਿਸੇ ਨਾ ਕਿਸੇ ਗ਼ਲਤ ਢੰਗ ਨਾਲ ਪੈਸਾ ਕਮਾ ਕੇ ਇਸ ਦੇਸ਼ ਦੀ ਆਰਥਿਕਤਾ ਨੂੰ ਢਾਹ ਲਗਾਉਂਦੇ ਰਹਿੰਦੇ ਹਨ, ਉਨ੍ਹਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੀ ਯਾਦ ਕਿਉਂ ਨਹੀਂ ਰਹਿੰਦੀ?
ਇਸ ਮੁਲਕ ਦੇ ਲੋਕਾਂ ਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਇੱਥੋਂ ਦੀ ਸਰਕਾਰ ਨੇ ਆਪਣੇ ਪਲਿਓਂ ਕੁਝ ਨਹੀਂ ਕਰਨਾ। ਤੁਹਾਡਾ ਪੈਸਾ ਹੀ ਤੁਹਾਡੇ ਉੱਤੇ ਖ਼ਰਚ ਕਰਨਾ ਹੈ। ਜੇਕਰ ਸਰਕਾਰ ਦੇ ਖ਼ਜ਼ਾਨੇ ਵਿੱਚ ਟੈਕਸ ਅਤੇ ਬੀਮੇ ਦਾ ਪੈਸਾ ਨਹੀਂ ਜਾਵੇਗਾ ਤਾਂ ਸਿਹਤ ਸੇਵਾਵਾਂ ਦਾ ਹਾਲ ਇਸ ਤੋਂ ਵੀ ਮਾੜਾ ਹੋਵੇਗਾ। ਜੇਕਰ ਚੰਗੀ ਜ਼ਿੰਦਗੀ ਜਿਊਣ ਲਈ ਤੁਹਾਨੂੰ ਚੰਗੀਆਂ ਸਿਹਤ ਸੇਵਾਵਾਂ ਹੀ ਨਾ ਮਿਲੀਆਂ ਤਾਂ ਪੈਸਾ ਕਮਾ ਕੇ ਵੀ ਕੀ ਕਰੋਗੇ। ਇਸ ਮੁਲਕ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਦੇ ਹਿੱਤਾਂ ਨੂੰ ਲਾਂਭੇ ਰੱਖ ਕੇ ਆਪਣੇ ਰਾਜਸੀ ਹਿੱਤਾਂ ਦੀ ਪੂਰਤੀ ਲਈ ਗ਼ਲਤ ਢੰਗ ਅਪਣਾ ਰਹੀਆਂ ਹਨ। ਸਰਕਾਰਾਂ ਚੋਣਾਂ ਜਿੱਤਣ ਲਈ ਵਿਸ਼ੇਸ਼ ਵਰਗ ਦੇ ਲੋਕਾਂ ਨੂੰ ਆਰਥਿਕ ਲਾਭ ਦੇ ਕੇ, ਦੂਜੇ ਦੇਸ਼ਾਂ ਨੂੰ ਪੈਸਾ ਭੇਜ ਕੇ ਇਸ ਮੁਲਕ ਦੀ ਆਰਥਿਕਤਾ ਨੂੰ ਢਾਹ ਲਗਾ ਰਹੀਆਂ ਹਨ। ਆਪਣੀਆਂ ਵੋਟਾਂ ਖਾਤਰ ਲੋਕਾਂ ਨੂੰ ਖ਼ੁਸ਼ ਰੱਖਣ ਲਈ ਟੈਕਸ ਅਤੇ ਬੀਮੇ ਦੇ ਪੈਸੇ ਦੀ ਚੋਰੀ ਨੂੰ ਰੋਕਣ ਲਈ ਸਰਕਾਰਾਂ ਸਖ਼ਤ ਕਾਨੂੰਨ ਨਹੀਂ ਬਣਾ ਰਹੀਆਂ। ਸਰਕਾਰਾਂ ਦੂਜੇ ਮੁਲਕਾਂ ਤੋਂ ਲੋਕਾਂ ਨੂੰ ਬੁਲਾ ਕੇ ਇੱਥੋਂ ਦੀ ਆਬਾਦੀ ਤਾਂ ਵਧਾ ਰਹੀਆਂ ਹਨ, ਪਰ ਲੋੜ ਅਨੁਸਾਰ ਡਾਕਟਰਾਂ ਤੇ ਹਸਪਤਾਲਾਂ ਦਾ ਪ੍ਰਬੰਧ ਨਹੀਂ ਕਰ ਰਹੀਆਂ।
ਕੈਨੇਡਾ ਵਿੱਚ ਵਸਦੇ ਹੋਰ ਦੇਸ਼ਾਂ ਦੇ ਲੋਕਾਂ ਨੂੰ ਇੱਕ ਗੱਲ ਆਪਣੇ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਚੰਗੀਆਂ ਸਿਹਤ ਸੇਵਾਵਾਂ ਹਾਸਲ ਕਰਨ ਲਈ ਉਨ੍ਹਾਂ ਨੂੰ ਇਮਾਨਦਾਰੀ ਨਾਲ ਟੈਕਸ ਦੇਣਾ ਪਵੇਗਾ। ਬੀਮੇ ਦੇ ਪੈਸੇ ਦੀ ਦੁਰਵਰਤੋਂ ਛੱਡਣੀ ਪਵੇਗੀ। ਇਮਾਨਦਾਰੀ ਨਾਲ ਕੰਮ ਕਰਨਾ ਪਵੇਗਾ। ਇੱਥੋਂ ਦੀਆਂ ਸਰਕਾਰਾਂ ਨੂੰ ਇਹ ਗੱਲ ਕਦੇ ਵੀ ਨਹੀਂ ਭੁੱਲਣੀ ਚਾਹੀਦੀ ਕਿ ਇਹ ਮੁਲਕ ਦੂਜੇ ਦੇਸ਼ਾਂ ਤੋਂ ਆ ਕੇ ਵਸੇ ਹੋਏ ਪਰਵਾਸੀ ਲੋਕਾਂ ਦੇ ਸਿਰ ਉੱਤੇ ਹੀ ਚੱਲਦਾ ਹੈ। ਲੋਕਾਂ ਨੂੰ ਜਿਊਂਦੇ ਰਹਿਣ ਲਈ ਰੋਟੀ, ਪਾਣੀ ਅਤੇ ਹਵਾ ਦੀ ਤਰ੍ਹਾਂ ਚੰਗੀਆਂ ਸਿਹਤ ਸੇਵਾਵਾਂ ਦੀ ਵੀ ਲੋੜ ਹੈ। ਜੇਕਰ ਉਨ੍ਹਾਂ ਪਰਵਾਸੀ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਤੋਂ ਵਾਂਝੇ ਰਹਿਣਾ ਪਿਆ ਤਾਂ ਉਹ ਇਸ ਮੁਲਕ ਨੂੰ ਛੱਡ ਜਾਣਗੇ ਤੇ ਭਵਿੱਖ ਵਿੱਚ ਇੱਥੇ ਆਉਣਾ ਬੰਦ ਕਰ ਦੇਣਗੇ। ਇਸ ਨਾਲ ਇੱਥੋਂ ਦੀ ਆਰਥਿਕ ਦਸ਼ਾ ਹੋਰ ਖਰਾਬ ਹੋਵੇਗੀ। ਸਸਤੀ ਲੇਬਰ ਨਹੀਂ ਮਿਲੇਗੀ ਜਿਸ ਨਾਲ ਇਸ ਦੇਸ਼ ਦੇ ਕਾਰਖਾਨਿਆਂ ਉੱਤੇ ਮਾੜਾ ਅਸਰ ਪਵੇਗਾ। ਇਸ ਲਈ ਇੱਥੋਂ ਦੀਆਂ ਸਰਕਾਰਾਂ ਨੂੰ ਆਪਣੇ ਦੇਸ਼ ਦੇ ਲੋਕਾਂ ਦੀਆਂ ਸਿਹਤ ਸੇਵਾਵਾਂ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ। ਇੱਥੇ ਵਸਦੇ ਪਰਵਾਸੀ ਲੋਕਾਂ ਦੇ ਨੁਮਾਇੰਦਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਸਰਕਾਰਾਂ ਉੱਤੇ ਦੇਸ਼ ਦੀ ਆਰਥਿਕਤਾ ਨੂੰ ਵਧੀਆ ਨੀਤੀਆਂ ਬਣਾਉਣ ਲਈ ਦਬਾਅ ਬਣਾਉਣ ਦੇ ਨਾਲ ਨਾਲ ਆਪਣੇ ਦੇਸ਼ਾਂ ਦੇ ਲੋਕਾਂ ਨੂੰ ਨਸੀਹਤ ਦੇਣ ਕਿ ਚੰਗੀਆਂ ਸਿਹਤ ਸੇਵਾਵਾਂ ਲਈ ਉਹ ਟੈਕਸ ਦੀ ਚੋਰੀ ਨਾ ਕਰਨ ਤੇ ਬੀਮੇ ਦੀ ਗ਼ਲਤ ਵਰਤੋਂ ਨਾ ਕਰਨ।

Advertisement

Advertisement