For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਬਾਲ ਰੰਗਮੰਚ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ

08:54 AM Aug 10, 2024 IST
ਪੰਜਾਬੀ ਬਾਲ ਰੰਗਮੰਚ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ
Advertisement

ਦਰਸ਼ਨ ਸਿੰਘ ਆਸ਼ਟ (ਡਾ.)

ਦੰਦ ਕਥਾ ਹੈ ਕਿ ਇੱਕ ਬਾਦਸ਼ਾਹ ਨੂੰ ਇਹ ਜਾਣਨ ਦੀ ਤਮੰਨਾ ਹੋਈ ਕਿ ਕੀ ਬੱਚੇ ਨਕਲ ਜਾਂ ਰੀਸ ਤੋਂ ਬਿਨਾਂ ਵੀ ਬੋਲਣਾ ਸਿੱਖ ਜਾਂਦੇ ਹਨ? ਉਸ ਨੇ ਆਪਣੇ ਮੰਤਰੀ ਨੂੰ ਆਦੇਸ਼ ਦਿੱਤਾ ਕਿ ਇੱਕ ਸਾਲ ਤੋਂ ਛੋਟੇ ਪੰਜ-ਛੇ ਬੱਚਿਆਂ ਨੂੰ ਇੱਕ ਵੱਖਰੇ ਕਮਰੇ ਵਿੱਚ ਰੱਖਣ ਦਾ ਪ੍ਰਬੰਧ ਕੀਤਾ ਜਾਵੇ। ਉਸ ਨੇ ਇਹ ਵੀ ਹੁਕਮ ਸਖ਼ਤੀ ਨਾਲ ਆਇਦ ਕੀਤਾ ਕਿ ਉਸ ਕਮਰੇ ਵਿੱਚ ਬੱਚਿਆਂ ਨੂੰ ਦੁੱਧ ਅਤੇ ਹੋਰ ਲੋੜੀਂਦਾ ਭੋਜਨ ਦੇਣ ਵਾਲਾ ਵਿਅਕਤੀ ਉਨ੍ਹਾਂ ਬੱਚਿਆਂ ਨਾਲ ਇੱਕ ਵੀ ਬੋਲ ਸਾਂਝਾ ਨਾ ਕਰੇ। ਅਸਲ ਵਿੱਚ ਬਾਦਸ਼ਾਹ ਇਹ ਜਾਣਨਾ ਚਾਹੁੰਦਾ ਸੀ ਕਿ ਉਹ ਖ਼ੁਦ ਕਿਹੜੀ ਬੋਲੀ ਬੋਲ ਸਕਣਗੇ? ਕੁਝ ਦਿਨਾਂ ਬਾਅਦ ਮੰਤਰੀ ਨੇ ਆਪਣੇ ਬਾਦਸ਼ਾਹ ਨੂੰ ਦੱਸਿਆ ਕਿ ਉਹ ਬੱਚੇ ਕੇਵਲ ਖੋਤਿਆਂ ਨੂੰ ਹਿੱਕਣ ਵਾਲੀ ਟਿਚਕਾਰੀ ਦੀ ਆਵਾਜ਼ ਹੀ ਕੱਢਦੇ ਹਨ। ਬਾਦਸ਼ਾਹ ਨੇ ਕਾਰਨ ਜਾਣਨਾ ਚਾਹਿਆ ਤਾਂ ਮੰਤਰੀ ਨੇ ਦੱਸਿਆ ਕਿ ਬੱਚਿਆਂ ਦੇ ਕਮਰੇ ਦੇ ਨਾਲ ਲੱਗਦੇ ਰਾਹ ’ਚੋਂ ਇੱਕ ਘੁਮਿਆਰ ਆਪਣੇ ਖੋਤੇ ਲੈ ਕੇ ਜਾਂਦਾ ਹੁੰਦਾ ਸੀ ਜੋ ਉਨ੍ਹਾਂ ਨੂੰ ਹੱਕਣ ਲਈ ਲਗਾਤਾਰ ਟਿਚਕਾਰੀ ਦੀਆਂ ਆਵਾਜ਼ਾਂ ਕੱਢਦਾ ਜਾਂਦਾ ਸੀ। ਉਹਦੀ ਟਿਚਕਾਰੀ ਦੀ ਆਵਾਜ਼ ਕਮਰੇ ਵਿੱਚ ਬੰਦ ਬੱਚਿਆਂ ਦੇ ਕੰਨੀਂ ਪੈਂਦੀ ਰਹੀ ਅਤੇ ਬੱਚੇ ਨਕਲ ਦੇ ਰੂਪ ਵਿੱਚ ਉਹੀ ਟਿਚਕਾਰੀ ਦੀ ਆਵਾਜ਼ ਕੱਢਣ ਲੱਗ ਪਏ ਸਨ। ਇਉਂ ਇਹ ਦੰਦ-ਕਥਾ ਇਹ ਸੰਕੇਤ ਕਰਦੀ ਹੈ ਕਿ ਬੱਚਾ ਨਕਲਚੀ ਸੁਭਾਅ ਦਾ ਹੁੰਦਾ ਹੈ। ਉਹ ਅਨੁਕਰਣ ਜਾਂ ਨਕਲ ਦੇ ਜ਼ਰੀਏ ਹੀ ਹੱਸਣਾ, ਭਾਂਤ-ਭਾਂਤ ਦੀਆਂ ਆਵਾਜ਼ਾਂ ਕੱਢਣਾ, ਨੱਚਣਾ-ਟੱਪਣਾ, ਗਾਉਣਾ ਅਤੇ ਰੀਸ ਕਰਨਾ ਸਿੱਖਦਾ ਹੈ।
ਬੱਚੇ ਪਹਿਲਾਂ ਘਰ-ਪਰਿਵਾਰ, ਸਕੇ-ਸਬੰਧੀਆਂ, ਆਂਢ-ਗੁਆਂਢ ਕੋਲੋਂ ਅਤੇ ਫਿਰ ਸਕੂਲ ਵਿੱਚ ਜਾ ਕੇ ਬੋਲਚਾਲ ਸਿੱਖਦੇ ਹਨ। ਆਪਣੀ ਮਾਤ-ਭਾਸ਼ਾ ਉੱਪਰ ਉਸ ਦਾ ਅਧਿਕਾਰ ਸਹਿਜੇ-ਸਹਿਜੇ ਹੀ ਬਣਦਾ ਹੈ। ਇਸ ਹਵਾਲੇ ਨਾਲ ਬਾਲ ਰੰਗਮੰਚ ਇੱਕ ਅਜਿਹਾ ਸਸ਼ਕਤ ਮਾਧਿਅਮ ਹੈ ਜੋ ਬੱਚਿਆਂ ਦੇ ਮਾਨਸਿਕ, ਬੌਧਿਕ ਅਤੇ ਸਰੀਰਕ ਵਿਕਾਸ ਵਿੱਚ ਲਾਹੇਵੰਦ ਭੂਮਿਕਾ ਨਿਭਾਉਂਦਾ ਹੈ। ਇਹ ਬੱਚਿਆਂ ਨੂੰ ਉਨ੍ਹਾਂ ਦੇ ਔਖੇ ਭਾਰੇ ਪਾਠਕ੍ਰਮ, ਹੋਮ ਵਰਕ ਅਤੇ ਟਿਊਸ਼ਨ ਦੇ ਬੋਝ ਤੋਂ ਮੁਕਤ ਕਰਨ ਦਾ ਅਜਿਹਾ ਦਿਲਚਸਪ ਪਲੈਟਫਾਰਮ ਹੈ ਜਿੱਥੇ ਅਨੇਕ ਬਾਲ ਪਾਤਰਾਂ ਅੰਦਰ ਛੁਪੀ ਹੋਈ ਸਿਰਜਣਾਤਮਕਤਾ ਅਤੇ ਕਲਾਤਮਕਤਾ ਪ੍ਰਫੁੱਲਤ ਹੁੰਦੀ ਹੈ। ਇਹ ਉਹ ਉਸਾਰੂ ਸਥਾਨ ਹੈ ਜਿੱਥੇ ਬਾਲ ਪਾਤਰ ਆਪਣੇ ਆਂਗਿਕ ਅਤੇ ਵਾਚਿਕ ਅਭਿਨਯ ਦਾ ਅਭਿਆਸ ਕਰਕੇ ਕਲਾਤਮਕ ਪੇਸ਼ਕਾਰੀ ਰਾਹੀਂ ਦਰਸ਼ਕਾਂ ਨੂੰ ਗਦਗਦ ਕਰ ਦਿੰਦੇ ਹਨ। ਬਾਲ ਰੰਗਮੰਚ ਦੀ ਸ਼ੁਰੂਆਤ ਉਦੋਂ ਹੀ ਹੋਣ ਲੱਗ ਜਾਂਦੀ ਹੈ ਜਦੋਂ ਬੱਚਿਆਂ ਦੀ ਟੋਲੀ ਮਿਲ ਕੇ ‘ਰੇਲ ਗੱਡੀ’ ਬਣ ਜਾਂਦੀ ਹੈ, ਮਿੱਟੀ ਦੇ ਘਰ-ਘਰ ਬਣਾ ਕੇ ਖੇਡਣ ਲੱਗਦੀ ਹੈ ਜਾਂ ਗੁੱਡੇ ਗੁੱਡੀ ਦੀ ਖੇਡ ਵਰਗੀਆਂ ਹੋਰ ਲੋਕ ਬਾਲ ਖੇਡਾਂ ਦਾ ਸਮੂਹਿਕ ਪ੍ਰਗਟਾਵਾ ਹੋਣ ਲੱਗਦਾ ਹੈ।
ਜਦੋਂ ਵਿਸ਼ਵ ਪੱਧਰ ’ਤੇ ਰੰਗਮੰਚ ਦੇ ਪਿਛੋਕੜ ’ਤੇ ਹਲਕੀ-ਫੁਲਕੀ ਨਜ਼ਰ ਮਾਰਦੇ ਹਾਂ ਤਾਂ ਸਦੀਆਂ ਪਹਿਲਾਂ ਏਥਨਜ਼ ਦਾ ਗੋਲ ਪੌੜੀਆਂ ਵਾਲਾ ਪੱਥਰ ਦਾ ਬਣਿਆ ਉਹ ਰੰਗਮੰਚ ਅੱਖਾਂ ਸਾਹਵੇਂ ਸਾਕਾਰ ਹੋ ਜਾਂਦਾ ਹੈ ਜਿੱਥੇ ਤੀਹ-ਤੀਹ ਹਜ਼ਾਰ ਦਰਸ਼ਕਾਂ ਦੇ ਬੈਠਣ ਦੀ ਵਿਵਸਥਾ ਰਹੀ ਹੈ। ਮੁੱਢਲੇ ਦੌਰ ਦੇ ਭਾਰਤੀ ਰੰਗਮੰਚ ਦੀ ਸਥਾਪਨਾ ਆਮ ਕਰਕੇ ਮੰਦਰਾਂ ਅਤੇ ਰਾਜਿਆਂ ਦੇ ਮਹਿਲਾਂ ਵਿੱਚ ਕੀਤੀ ਜਾਂਦੀ ਰਹੀ ਹੈ। ਹੌਲੀ ਹੌਲੀ ਰੰਗਮੰਚੀ-ਚੇਤਨਾ ਦੇ ਫੈਲਾਅ ਸਦਕਾ ਬੰਬਈ ਅਤੇ ਕਲਕੱਤਾ ਵਿੱਚ ਵੀ ਰੰਗਸ਼ਾਲਾਵਾਂ ਬਣਨ ਲੱਗ ਪਈਆਂ। ਭਾਰਤ ਦੇ ਵੱਖ ਵੱਖ ਪ੍ਰਾਂਤਾਂ ਵਿੱਚ ਇਸ ਖਿੱਤੇ ਨੂੰ ਪ੍ਰਫੁੱਲਤ ਕਰਨ ਵਿੱਚ ਰਾਬਿੰਦਰ ਨਾਥ ਟੈਗੋਰ, ਸੱਤਿਆਜੀਤ, ਬਲਰਾਜ ਸਾਹਨੀ-ਸੰਤੋਸ਼ ਸਾਹਨੀ, ਵਿਜੇ ਤੇਂਦੁਲਕਰ, ਸਈਂ ਪਰਾਂਜਪੇ, ਸ਼ਾਂਤਾ ਗਾਂਧੀ ਆਦਿ ਨੇ ਇਸ ਪਾਸੇ ਵੱਲ ਗੰਭੀਰਤਾ ਨਾਲ ਸੋਚਣਾ ਆਰੰਭਿਆ। ਕੁਝ ਦਹਾਕੇ ਪਹਿਲਾਂ ਪ੍ਰਸਿੱਧ ਅਦਾਕਾਰਾਂ ਅਤੇ ਰੰਗਕਰਮੀਆਂ ਵਿੱਚੋਂ ਕਾਮਿਨੀ ਕੌਸ਼ਲ ਅਤੇ ਬਲਰਾਜ ਸਾਹਨੀ ਦੀ ਸੁਪਤਨੀ ਸੰਤੋਸ਼ ਸਾਹਨੀ ਆਦਿ ਨਾਲ ਮੇਰੀਆਂ ਨਿੱਜੀ ਮੁਲਾਕਾਤਾਂ ਦੌਰਾਨ ਉਨ੍ਹਾਂ ਨੇ ਬਾਲ ਰੰਗਮੰਚ ਲਈ ਆਪਣੇ ਯਤਨ ਅਤੇ ਤਜਰਬੇ ਵੀ ਸਾਂਝੇ ਕੀਤੇ ਸਨ। ਚੰਡੀਗੜ੍ਹ ਦਾ ਟੈਗੋਰ ਥੀਏਟਰ ਵੀ ਰੰਗਮੰਚੀ ਲੋੜਾਂ ਵਿੱਚੋਂ ਹੀ ਤਾਮੀਰ ਹੋਇਆ ਪ੍ਰੰਤੂ ਇਨ੍ਹਾਂ ਰੰਗਮੰਚ-ਘਰਾਂ ਵਿੱਚ ਨਾਟ ਮੰਡਲੀਆਂ ਵੱਲੋਂ ਆਮ ਤੌਰ ’ਤੇ ਵੱਡੀ ਉਮਰ ਦੇ ਦਰਸ਼ਕਾਂ ਲਈ ਤਾਂ ਨਾਟਕਾਂ ਦਾ ਮੰਚਨ ਹੁੰਦਾ ਆਇਆ ਹੈ ਪ੍ਰੰਤੂ ਬੱਚਿਆਂ ਲਈ ਰੰਗਮੰਚੀ ਸਰਗਰਮੀਆਂ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਹਨ।
ਪੰਜਾਬ ਵਿੱਚ ਬਾਲ ਰੰਗਮੰਚ ਦੀ ਰਵਾਇਤ ਦਾ ਸਹੀ ਅਰਥਾਂ ਵਿੱਚ ਆਗ਼ਾਜ਼ ਅਜੇ ਹੋਇਆ ਹੀ ਨਹੀਂ। ਜੇ ਇਸ ਦਿਸ਼ਾ ਵਿੱਚ ਥੋੜ੍ਹੇ ਬਹੁਤ ਯਤਨ ਹੋਏ ਵੀ ਹਨ ਤਾਂ ਆਟੇ ਵਿੱਚ ਲੂਣ ਵਾਂਗ। ਕੇਵਲ ਸਾਲ ਬਾਅਦ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਮਰ ਕੈਂਪ ਲਾ ਕੇ ਇੱਕਾ-ਦੁੱਕਾ ਬਾਲ ਨਾਟਕ, ਇਕਾਂਗੀਆਂ ਜਾਂ ਸਕਿੱਟਾਂ ਦਾ ਅਭਿਆਸ ਕਰਕੇ ਮੰਚ-ਪ੍ਰਦਰਸ਼ਨ ਕਰਨਾ ਹੀ ਕਾਫ਼ੀ ਨਹੀਂ ਹੈ। 1947 ਤੋਂ ਬਾਅਦ ਬੱਚਿਆਂ ਅੰਦਰ ਜੋਸ਼, ਉਮੰਗ ਅਤੇ ਉਤਸ਼ਾਹ ਭਰ ਕੇ ਉਨ੍ਹਾਂ ਨੂੰ ਕਾਰਜਸ਼ੀਲ ਬਣਾਉਣ ਲਈ ਪੰਜਾਬੀ ਬਾਲ ਰੰਗਮੰਚ ਦੀ ਲੋੜ ਮਹਿਸੂਸ ਕੀਤੀ ਜਾਣ ਲੱਗੀ ਤਾਂ ਸਕੂਲਾਂ ਵਿੱਚ ਬਾਲ ਸਭਾਵਾਂ ਹੋਂਦ ਵਿੱਚ ਆਈਆਂ ਜਿੱਥੇ ਹੋਰ ਸਾਹਿਤਕ ਵੰਨਗੀਆਂ ਦੇ ਨਾਲ ਨਾਲ ਰੰਗਮੰਚੀ ਗਤੀਵਿਧੀਆਂ ਵੀ ਪ੍ਰਦਰਸ਼ਿਤ ਹੋਣ ਲੱਗੀਆਂ। ਅੱਜ ਦੇ ਕਈ ਵੱਡੇ ਕਲਾਕਾਰ, ਫ਼ਨਕਾਰ ਅਤੇ ਸਾਹਿਤਕਾਰ ਇਨ੍ਹਾਂ ਬਾਲ ਸਭਾਵਾਂ ਦੀ ਹੀ ਉਪਜ ਕਹੇ ਜਾ ਸਕਦੇ ਹਨ ਪ੍ਰੰਤੂ ਸਕੂਲੀ ਸਿੱਖਿਆ ਦੀ ਵਰਤਮਾਨ ਜਟਿਲ ਪ੍ਰਣਾਲੀ ਅਤੇ ਸੋਸ਼ਲ ਮੀਡੀਆ ਦੇ ਤੰਦੂਆ-ਜਾਲ ਨੇ ਇਨ੍ਹਾਂ ਬਾਲ ਸਭਾਵਾਂ ਦੀ ਹੋਂਦ ਹੀ ਖ਼ਤਮ ਕਰ ਦਿੱਤੀ ਹੈ ਜਿਸ ਕਾਰਨ ਬਾਲ ਰੰਗਮੰਚ ਨੂੰ ਵੱਡੀ ਢਾਹ ਲੱਗੀ ਹੈ।
ਜਦੋਂ ਭਾਸ਼ਾ ਵਿਭਾਗ, ਪੰਜਾਬ ਹੋਂਦ ਵਿੱਚ ਆਇਆ ਤਾਂ ਉਸ ਅਦਾਰੇ ਵੱਲੋਂ ਉਲੀਕੀਆਂ ਗਈਆਂ ਯੋਜਨਾਵਾਂ ਵਿੱਚੋਂ ਇੱਕ ਯੋਜਨਾ ਪੰਜਾਬੀ ਬਾਲ ਨਾਟਕਾਂ ਅਤੇ ਬਾਲ ਰੰਗਮੰਚ ਦਾ ਵਿਕਾਸ ਕਰਨਾ ਵੀ ਸੀ। ਇਸ ਯੋਜਨਾ ਦਾ ਬੁਨਿਆਦੀ ਮਕਸਦ ਇਹ ਸੀ ਕਿ ਬੱਚਿਆਂ ਨੂੰ ਉਨ੍ਹਾਂ ਦੀ ਮਾਤ-ਭਾਸ਼ਾ, ਸਾਹਿਤ, ਸੱਭਿਆਚਾਰ, ਇਤਿਹਾਸ, ਸਿੱਖਿਆ, ਦੇਸ਼-ਭਗਤੀ, ਵਾਤਾਵਰਨ ਅਤੇ ਕੁਦਰਤੀ ਵਰਤਾਰਿਆਂ ਅਤੇ ਹੋਰ ਅਨੁਸ਼ਾਸਨਾਂ ਬਾਰੇ ਗਿਆਨ ਵਿਗਿਆਨ ਵਿੱਚ ਲਪੇਟੀ ਹੋਈ ਜਾਣਕਾਰੀ ਦਿਲਚਸਪ ਢੰਗ ਨਾਲ ਪ੍ਰਦਾਨ ਕੀਤੀ ਜਾਵੇ। ਇਸ ਦੇ ਨਾਲ ਹੀ ਬੱਚਿਆਂ ਵਿੱਚ ਭਾਈਚਾਰਕ ਤੰਦਾਂ ਨੂੰ ਮਜ਼ਬੂਤ ਕਰਦੇ ਹੋਏ ਨਿੱਗਰ ਜੀਵਨ-ਮੁੱਲਾਂ ਦੀ ਉਸਾਰੀ ਕੀਤੀ ਜਾਵੇ। ਬੱਚਿਆਂ ਲਈ ਕਿਹੋ ਜਿਹੇ ਨਾਟਕ ਸਿਰਜੇ ਜਾਣ ਜਾਂ ਉਨ੍ਹਾਂ ਨੂੰ ਚੰਗੇ ਅਦਾਕਾਰ ਬਣਾਉਣ ਲਈ ਅਨੁਭਵੀ ਨਿਰਦੇਸ਼ਕ ਅਤੇ ਅਦਾਕਾਰਾਂ ਦੀ ਚੋਣ ਕਿਵੇਂ ਕੀਤੀ ਜਾਵੇ ? ਬਾਲ ਰੰਗਮੰਚ ਲਈ ਢੁੱਕਵਾਂ ਕਾਰਜ, ਸਮਾਂ ਅਤੇ ਸਥਾਨ ਕਿਹੋ ਜਿਹਾ ਹੋਵੇ? ਇਨ੍ਹਾਂ ਸਾਰੇ ਪੱਖਾਂ ਉੱਪਰ ਡੂੰਘੀ ਵਿਚਾਰ ਚਰਚਾ ਕਰਨ ਲਈ ਭਾਸ਼ਾ ਵਿਭਾਗ ਨੇ 23-30 ਸਤੰਬਰ, 1973 ਨੂੰ ਪਹਿਲੀ ਵਾਰੀ ਬਾਲ ਸਾਹਿਤ ਲੇਖਕ ਵਰਕਸ਼ਾਪ ਮਸੂਰੀ ਵਿਖੇ ਲਗਾਈ ਸੀ। ਉਸ ਵਰਕਸ਼ਾਪ ਵਿੱਚ ਬਾਲ ਸਾਹਿਤ ਲੇਖਕਾਂ ਦੇ ਨਾਲ ਨਾਲ ਰੰਗਮੰਚ ਦੇ ਧਨੀਆਂ ਨੇ ਵੀ ਸ਼ਿਰਕਤ ਕੀਤੀ ਸੀ। ਨਾਟਕਕਾਰ ਕਪੂਰ ਸਿੰਘ ਘੁੰਮਣ ਨੇ ਉਸ ਸੈਮੀਨਾਰ ਵਿੱਚ ਬਾਲਾਂ ਨੂੰ ਗਰੁੱਪ ਥੀਏਟਰ ਦੇ ਜਾਦੂ ਤੋਂ ਜਾਣੂ ਕਰਵਾਉਣ ਲਈ ਅਤੇ ਉਨ੍ਹਾਂ ਵਿੱਚ ਅਭਿਨਯ ਕਲਾ ਵਿਕਸਿਤ ਕਰਨ ਦੇ ਮਨੋਰਥ ਹਿੱਤ ਕੁਝ ਅਹਿਮ ਅਭਿਆਸ ਕਰਵਾਉਣ ਦੀ ਲੋੜ ਉੱਪਰ ਬਲ ਦਿੱਤਾ ਸੀ। ਮਸਲਨ ਬਾਲ ਰੰਗਮੰਚ ਵਿੱਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀਆਂ ਨੇ ਬੁੱਤ ਵਾਂਗ ਬੇਹਰਕਤ ਹੋ ਕੇ ਕਿਵੇਂ ਖੜ੍ਹੇ ਹੋਣਾ ਹੈ? ਕੇਵਲ ਆਂਗਿਕ ਸੰਕੇਤਾਂ ਨਾਲ ਆਪਣੇ ਭਾਵ ਕਿਵੇਂ ਦਰਸਾਉਣੇ ਹਨ? ਮੁਸਕਰਾਉਣ ਅਤੇ ਮੁਸਕਣੀ ਨੂੰ ਠੁੱਲ੍ਹੇ ਹਾਸੇ ਦਾ ਰੂਪ ਕਿਵੇਂ ਦੇਣਾ ਹੈ? ਸਹਿਮ ਜਾਂ ਡਰ ਉਪਰੰਤ ਭੈਅ ਭੀਤ ਹੋਣ ਤੇ ਰੋਣ ਚੀਕਣ ਦੀ ਅਸਲ ਵਰਗੀ ਆਵਾਜ਼ ਕਿਵੇਂ ਕੱਢਣੀ ਹੈ ਅਤੇ ਪੱਬਾਂ ਭਾਰ ਟੁਰਨ, ਚੱਲਣ, ਬੋਲ-ਚਾਲ ਦੀ ਰਫ਼ਤਾਰ ਵਿੱਚ ਤਬਦੀਲੀਆਂ ਕਿਵੇਂ ਲਿਆਉਣੀਆਂ ਹਨ? ਲਿਫਣ, ਨਿਵ ਕੇ ਟੁਰਨ, ਰੀਂਗਣ, ਖਾਣ-ਪੀਣ ਦੀ ਕਿਰਿਆ, ਭਾਸ਼ਣ ਜਾਂ ਕਵਿਤਾ ਉਚਾਰਨ ਵਿੱਚ ਕਿਵੇਂ ਅਤੇ ਕਿਸ ਅੰਦਾਜ਼ ਨਾਲ ਅਭਿਆਸ ਕਰਵਾਇਆ ਜਾਣਾ ਚਾਹੀਦਾ ਹੈ? ਆਦਿ ਤਾਂ ਜੋ ਪਾਤਰਾਂ ਦੀ ਕਾਰਜਸ਼ੈਲੀ ਬਣਾਉਟੀ ਦੀ ਥਾਂ ਜੀਵੰਤ ਜਾਪੇ। ਜਿਸ ਕਾਰਨ ਦਰਸ਼ਕ ਇਉਂ ਅਨੁਭਵ ਕਰਨ ਜਿਵੇਂ ਉਨ੍ਹਾਂ ਦੀਆਂ ਅੱਖਾਂ ਸਾਹਵੇਂ ਕੋਈ ਘਟਨਾ ਹਕੀਕੀ ਰੂਪ ਵਿੱਚ ਵਾਪਰ ਰਹੀ ਹੋਵੇ।
ਇਸ ਦੌਰਾਨ ਪੰਜਾਬੀ ਵਿੱਚ ਚੰਗੇ ਬਾਲ ਨਾਟਕਾਂ ਅਤੇ ਇਕਾਂਗੀਆਂ ਦੀ ਘਾਟ ਨੂੰ ਸ਼ਿੱਦਤ ਨਾਲ ਮਹਿਸੂਸ ਕੀਤਾ ਗਿਆ ਤਾਂ ਭਾਸ਼ਾ ਵਿਭਾਗ ਨੇ ‘ਜਨ ਸਾਹਿਤ’ ਦੇ ਨਵੰਬਰ-ਦਸੰਬਰ, 1979 ਦਾ ‘ਬਾਲ ਇਕਾਂਗੀ ਵਿਸ਼ੇਸ਼ ਅੰਕ’ ਪ੍ਰਕਾਸ਼ਿਤ ਕੀਤਾ ਜਿਸ ਵਿੱਚ ਉਚੇਚੇ ਤੌਰ ’ਤੇ ਗੁਰਚਰਨ ਸਿੰਘ ਜਸੂਜਾ, ਕਪੂਰ ਸਿੰਘ ਘੁੰਮਣ, ਚਰਨ ਸਿੰਘ ਸਿੰਧਰਾ, ਗੁਰਦੇਵ ਸਿੰਘ ਮਾਨ, ਜਗਦੀਸ਼ ਸਿੰਘ ਵੋਹਰਾ, ਸ.ਸ.ਅਮੋਲ, ਨਵਨਿੰਦਰਾ ਬਹਿਲ, ਸਿਮਰਤ ਮੱਟੂ (ਸੁਮੈਰਾ) ਆਦਿ ਦੇ ਨਾਲ ਨਾਲ 15 ਸਾਲ ਦੇ ਇੱਕ ਉੱਭਰਦੇ ਵਿਦਿਆਰਥੀ ਨਾਟਕਕਾਰ ਰਮਣੀਕ ਘੁੰਮਣ (ਕਪੂਰ ਸਿੰਘ ਘੁੰਮਣ ਦਾ ਬੇਟਾ) ਦੇ ਬਾਲ ਇਕਾਂਗੀ ਸ਼ਾਮਿਲ ਕੀਤੇ ਗਏ। ਇਨ੍ਹਾਂ ਸਮੇਤ ‘ਚਾਂਦੀ ਦਾ ਡੱਬਾ’ (ਗੁਰਦਿਆਲ ਸਿੰਘ ਖੋਸਲਾ), ‘ਬਗਲਾ ਭਗਤ’ (ਸੰਤੋਸ਼ ਸਾਹਨੀ), ‘ਕੁਤਰੋ ਰਾਣੀ’ (ਕਪੂਰ ਸਿੰਘ ਘੁੰਮਣ), ‘ਅਨੋਖਾ ਪ੍ਰਾਸਚਿਤ’ ਅਤੇ ‘ਸ਼ੇਖ਼ ਚਿੱਲੀ’ (ਸੰਤ ਸਿੰਘ ਸੇਖੋਂ), ‘ਸੱਚ ਦੀ ਜੈ’, ‘ਸਿਆਣਾ ਬਾਲਕ’, ‘ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਗਿਆ’ (ਗੁਰਦਿਆਲ ਸਿੰਘ ਫੁੱਲ), ‘ਚਾਬੀਆਂ’ ਅਤੇ ‘ਗ਼ੁਬਾਰੇ’ (ਆਤਮਜੀਤ), ‘ਮਾਸਟਰ ਲਿਆਕਤ ਗੁਲ’, ‘ਅਨੋਖਾ ਭਾਲੂ’, ‘ਆਈ ਬੋਅ’ ਅਤੇ ‘ਆਦਮ ਬੋਅ’ (ਸਤਿੰਦਰ ਸਿੰਘ ਨੰਦਾ) ਤੋਂ ਇਲਾਵਾ ਸੁਰਜੀਤ ਸਿੰਘ ਸੇਠੀ ਦਾ ‘ਨਿੱਕਾ ਜਿਹਾ ਨਾਟਕ’, ਬਲਦੇਵ ਸਿੰਘ ਦਾ ‘ਰੇਲ ਗੱਡੀ’, ਡਾ. ਦਰਸ਼ਨ ਸਿੰਘ ਆਸ਼ਟ ਦਾ ‘ਚੁਗਲਖੋਰ’ ਆਦਿ ਬਾਲ ਨਾਟਕ ਵੀ ਰੰਗਮੰਚ ’ਤੇ ਖੇਡੇ ਜਾਂਦੇ ਰਹੇ ਹਨ। ਬਾਅਦ ਵਿੱਚ ‘ਹਾਏ ਨੀ ਧੀਏ ਮੋਰਨੀਏ’ (ਡਾ. ਸਾਧੂ ਸਿੰਘ) ਅਤੇ ‘ਚੰਦ ਜਦੋਂ ਰੋਟੀ ਲੱਗਦਾ ਹੈ’ (ਕੰਵਲਜੀਤ ਸਿੰਘ ਪ੍ਰਿੰਸ) ਨੇ ਵੀ ਚਰਚਾ ਖੱਟੀ। ਪਾਲੀ ਭੁਪਿੰਦਰ, ਜਤਿੰਦਰ ਔਲਖ, ਕੀਰਤੀ ਕਿਰਪਾਲ, ਗੁਰਪਾਲ ਲਿੱਟ ਅਤੇ ਸੋਮਪਾਲ ਹੀਰਾ ਵਰਗੇ ਹੋਰ ਨਾਟਕਕਾਰ ਜਾਂ ਰੰਗਕਰਮੀ ਵੀ ਬਾਲ ਰੰਗਮੰਚ ਦੇ ਪਥ-ਪ੍ਰਦਰਸ਼ਕ ਬਣਦੇ ਰਹੇ ਹਨ। ਇਸ ਉੱਦਮ ਨੂੰ ਹੋਰ ਬਲ ਮਿਲਿਆ ਜਦੋਂ ਭਾਸ਼ਾ ਵਿਭਾਗ ਵੱਲੋਂ ਫਿਰੋਜ਼ਪੁਰ, ਪਟਿਆਲਾ ਅਤੇ ਜਲੰਧਰ ਆਦਿ ਡਿਵੀਜ਼ਨ ਅਤੇ ਰਾਜ ਪੱਧਰ ’ਤੇ ਹਰ ਸਾਲ ਜੂਨੀਅਰ ਅਤੇ ਸੀਨੀਅਰ ਪੱਧਰ ਦੇ ਵਿਦਿਆਰਥੀਆਂ ਦੇ ਨਾਟ ਮੁਕਾਬਲੇ ਕਰਵਾਏ ਜਾਣ ਲੱਗੇ। ਇਹ ਮੁਕਾਬਲੇ ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਬਠਿੰਡਾ, ਫਿਰੋਜ਼ਪੁਰ ਅਤੇ ਜਲੰਧਰ ਅਤੇ ਗੁਰਦਾਸਪੁਰ ਆਦਿ ਜ਼ਿਲ੍ਹਿਆਂ ਦੇ ਵੱਖ ਵੱਖ ਸਰਕਾਰੀ, ਗ਼ੈਰ-ਸਰਕਾਰੀ ਸਕੂਲਾਂ ਅਤੇ ਸੈਂਟਰਲ ਸਟੇਟ ਲਾਇਬ੍ਰੇਰੀਆਂ ਵਿੱਚ ਬਾਲ ਨਾਟਕ ਕਰਵਾਉਣ ਦੀ ਰਵਾਇਤ ਆਰੰਭ ਕੀਤੀ। ਉੁਨ੍ਹਾਂ ਸਮਿਆਂ ਵਿੱਚ ਬਾਲ ਰੰਗਮੰਚ ਦੇ ਜਾਣੇ ਪਛਾਣੇ ਬਾਲ ਪਾਤਰਾਂ ਵਿੱਚੋਂ ਰਮਣੀਕ ਘੁੰਮਣ, ਅੰਜਨ ਨੰਦਾ, ਵਿਕਾਸ ਸਭਰਵਾਲ, ਸ਼ਿਲਪੀ ਵਾਲੀਆ, ਗੋਪਾਲ ਸ਼ਰਮਾ ਅਤੇ ਕੁੰਤਲ ਕੰਬੋਜ ਆਦਿ ਬਾਲ ਪਾਤਰ ਨਾਟਕਾਂ ਅਤੇ ਇਕਾਂਗੀਆਂ ਵਿੱਚ ਨਾਟਕੀ-ਕਾਰਜ ਨੂੰ ਮਘਦਾ ਰੱਖ ਕੇ ਦਰਸ਼ਕਾਂ ਦੇ ਦਿਲਾਂ ’ਤੇ ਅਮਿੱਟ ਛਾਪ ਛੱਡਦੇ ਰਹੇ ਹਨ। ਅਜਿਹੇ ਹੀ ਹੋਰ ਬਾਲ ਪਾਤਰਾਂ ਨੂੰ ਰੰਗਮੰਚ ’ਤੇ ਲਿਆਉਣ ਵਿੱਚ ਟੋਨੀ ਬਾਤਿਸ਼ (ਬਠਿੰਡਾ), ਸੁਨੀਤਾ-ਪ੍ਰਾਣ ਸੱਭਰਵਾਲ, ਮੋਹਨ ਕੰਬੋਜ ਦਾ ਯੋਗਦਾਨ ਇਤਿਹਾਸਕ ਹੈ। ਦੂਜੇ ਪਾਸੇ, ਪੰਜਾਬੀ ਵਿੱਚ ਚੰਗੇ ਬਾਲ ਨਾਟਕਾਂ ਦੀ ਘਾਟ ਦੇ ਮੱਦੇਨਜ਼ਰ ਰੰਗਮੰਚ ਨੂੰ ਪ੍ਰਣਾਈ ਜੋੜੀ ਕਵਿਤਾ ਸ਼ਰਮਾ-ਰਾਜੇਸ਼ ਸ਼ਰਮਾ, ਜੋ ਹਰ ਸਾਲ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ, ਪਟਿਆਲਾ ਵਿਖੇ ਬੱਚਿਆਂ ਦੀ ਨਾਟ ਅਤੇ ਬਾਲ ਰੰਗਮੰਚੀ ਵਰਕਸ਼ਾਪ ਲਗਾਉਂਦੇ ਹਨ, ਨੂੰ ਦੇਸੀ-ਵਿਦੇਸ਼ੀ ਬਾਲ ਨਾਟਕਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਮੰਚਣ ਕਰਨ ਦੀ ਮਜਬੂਰੀ ਨਾਲ ਜੂਝਣਾ ਪੈ ਰਿਹਾ ਹੈ।
ਪੰਜਾਬੀ ਬਾਲ ਰੰਗਮੰਚ ਦੀ ਵਿਕਾਸ-ਯਾਤਰਾ ਨੂੰ ਗਤੀਸ਼ੀਲ ਰੱਖਣ ਲਈ ਕੁਝ ਸਰਕਾਰੀ ਅਤੇ ਗ਼ੈਰ-ਸਰਕਾਰੀ ਜਾਂ ਨਿੱਜੀ ਸੰਗਠਨ ਦੀਆਂ ਸੰਸਥਾਵਾਂ ਦਾ ਯੋਗਦਾਨ ਵੀ ਜ਼ਿਕਰਯੋਗ ਬਣਦਾ ਹੈ ਜੋ ਸਮੇਂ ਸਮੇਂ ’ਤੇ ਬੱਚਿਆਂ ਨੂੰ ਰੰਗਮੰਚ ਦੀਆਂ ਤਕਨੀਕੀ ਪ੍ਰਣਾਲੀਆਂ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਵਰਕਸ਼ਾਪਾਂ ਕਰਦੀਆਂ ਰਹੀਆਂ ਹਨ। ਇਨ੍ਹਾਂ ਵਰਕਸ਼ਾਪਾਂ ਵਿੱਚ ਬਾਲ ਅਦਾਕਾਰ ਸ਼ੇਰ, ਬਿੱਲੀ, ਹਾਥੀ, ਲੂੰਬੜ, ਖ਼ਰਗੋਸ਼, ਬਗਲਾ, ਕਾਂ, ਤੋਤਾ ਆਦਿ ਦੇ ਮੁਖੌਟੇ ਪਹਿਨ ਕੇ ਭੂਮਿਕਾਵਾਂ ਅਦਾ ਕਰਦੇ ਹਨ। ਐਨਕਾਂ ਲਗਾ ਕੇ ਹੱਥ ਵਿੱਚ ਸੋਟੀ ਫੜ ਕੇ ਚਿੱਟੀ ਦਾੜ੍ਹੀ ਮੁੱਛ ਲਗਾ ਕੇ ਬਜ਼ੁਰਗਾਂ ਦੀ ਵੇਸਭੂਸ਼ਾ ਵਿੱਚ ਨਜ਼ਰ ਆਉਂਦੇ ਹਨ ਅਤੇ ਪੰਚਤੰਤਰ ਦੇ ਜਨੌਰ ਪਾਤਰਾਂ ਵਾਂਗ ਬਣ ਕੇ ਵਿਚਰਦੇ, ਵਾਰਤਾਲਾਪ ਕਰਦੇ ਹਨ। ਬੱਚਿਆਂ ਵਿੱਚ ਰੰਗਮੰਚ ਦੇ ਮਾਧਿਅਮ ਦੁਆਰਾ ਆਤਮ ਵਿਸ਼ਵਾਸ, ਉਤਸ਼ਾਹ ਅਤੇ ਭਾਸ਼ਾਈ ਗਿਆਨ ਵਧਾਉਣ ਵਾਲੇ ਅਦਾਰਿਆਂ ਵਿੱਚ ਪੰਜਾਬੀ ਅਕਾਦਮੀ ਦਿੱਲੀ, ਉੱਤਰੀ ਖੇਤਰੀ ਸੱਭਿਆਚਾਰਕ ਖੇਤਰ, ਪਟਿਆਲਾ, ਪੰਜਾਬ ਸਕੂਲ ਸਿੱਖਿਆ ਬੋਰਡ, ਪੰਜਾਬ ਸੰਗੀਤ ਨਾਟਕ ਅਕਾਦਮੀ, ਸੱਭਿਆਚਾਰਕ ਮਾਮਲੇ ਵਿਭਾਗ ਆਦਿ ਨੇ ਵੀ ਕੁਝ ਵਿਉਂਤਾਂ ਉਲੀਕੀਆਂ ਸਨ। ਕੁਝ ਨਿੱਜੀ ਰੰਗਮੰਚੀ ਸੰਸਥਾਵਾਂ ਦੇ ਸਾਰਥਿਕ ਉੱਦਮਾਂ ਨੇ ਇਸ ਲਹਿਰ ਨੂੰ ਹੁਲਾਰਾ ਦਿੱਤਾ ਹੈ। ਇਸ ਪ੍ਰਸੰਗ ਵਿੱਚ ਉੱਘੇ ਰੰਗਕਰਮੀ ਅਤੇ ਅਦਾਕਾਰ ਡਾ. ਸਤੀਸ਼ ਕੁਮਾਰ ਵਰਮਾ ਦੀ ਨਾਟ ਮੰਡਲੀ ‘ਮੰਚਵਟੀ’ ਦੇ ਚਿਲਡਰਨ ਵਿੰਗ ਵੱਲੋਂ 1988 ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਬਾਲ ਰੰਗਮੰਚ ਸਬੰਧੀ ਸੱਤ ਰੋਜ਼ਾ ਵਰਕਸ਼ਾਪ ਲਗਾਈ ਗਈ ਸੀ ਜਿਸ ਵਿੱਚ ਗੁਰਦਾਸ ਮਾਨ ਦੇ ਖੇਡਾਂ ਆਧਾਰਿਤ ਨਾਟ ਗੀਤ ‘ਖੇਡਾਂ’ ਦੀ ਪੇਸ਼ਕਾਰੀ, ਡਾ. ਸਾਧੂ ਸਿੰਘ ਦਾ ‘ਹਾਏ ਨੀ ਧੀਏ ਮੋਰਨੀਏ’ ਅਤੇ ਬਾਲ ਨਾਟਕ ‘ਪਕੜੋ ਪਕੜੋ’ ਆਦਿ ਪੇਸ਼ਕਾਰੀਆਂ ਇਸ ਕਰਕੇ ਯਾਦਗਾਰੀ ਰੁਤਬਾ ਹਾਸਿਲ ਕਰ ਗਈਆਂ ਕਿਉਂਕਿ ਇਸ ਵਰਕਸ਼ਾਪ ਵਿੱਚ ਗੁਰਦਾਸ ਮਾਨ, ਪ੍ਰੇਮ ਹਾਂਡਾ, ਸੋਹਨ ਧਾਰੀਵਾਲ, ਪਵਨਦੀਪ, ਪਰਮਜੀਤ ਬੇਦੀ ਅਤੇ ਡਾ. ਤਰਲੋਚਨ ਕੌਰ ਆਦਿ ਨੇ ਬਾਲਾਂ ਨੂੰ ਰੰਗਮੰਚ ਦੀਆਂ ਤਕਨੀਕੀ ਸਿੱਖਿਆਵਾਂ ਨੂੰ ਸਰਲ ਅਤੇ ਦਿਲਚਸਪ ਢੰਗ ਨਾਲ ਗ੍ਰਹਿਣ ਕਰਨ ਯੋਗ ਬਣਾ ਕੇ ਪੇਸ਼ ਕੀਤਾ ਸੀ। ਇਸ ਦਿਸ਼ਾ ਵਿੱਚ ਕੇਵਲ ਧਾਲੀਵਾਲ, ਅਜਮੇਰ ਸਿੰਘ ਔਲਖ ਅਤੇ ਮਾਸਟਰ ਤਰਲੋਚਨ ਸਿੰਘ ਦੇ ਯਤਨ ਵੀ ਬਹੁਤ ਸੰਤੋਖਜਨਕ ਰਹੇ ਹਨ। ਇਨ੍ਹਾਂ ਸਤਰਾਂ ਦੇ ਲੇਖਕ ਵੱਲੋਂ ਲਿਖੇ ਬਾਲ ਨਾਟਕ ਸੰਗ੍ਰਹਿ ‘ਨਾਟਕ ਵੰਨ ਸੁਵੰਨੇ’ ਜਿਸ ਨੂੰ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਡਾ. ਹਰਿਭਜਨ ਸਿੰਘ ਅਤੇ ਗੁਰਬਚਨ ਸਿੰਘ ਭੁੱਲਰ ਆਦਿ ਦੀ ਸੰਪਾਦਨਾ ਅਧੀਨ ਪ੍ਰਕਾਸ਼ਿਤ ਕੀਤਾ ਸੀ, ਵਿਚਲੇ ਕਈ ਨਾਟਕ ਵੀ ਮੰਚਣ ਦਾ ਆਧਾਰ ਬਣੇ। ਖੋਜ ਦੀ ਦ੍ਰਿਸ਼ਟੀ ਤੋਂ ਪਰਮਜੀਤ ਬੇਦੀ ਨੇ ਪੰਜਾਬੀ ਬਾਲ ਰੰਗਮੰਚ ਉੱਪਰ ਖੋਜ ਕਾਰਜ ਮੁਕੰਮਲ ਕੀਤਾ। ਇੱਥੇ ਗੁਰਸ਼ਰਨ ਸਿੰਘ, ਗੁਰਚਰਨ ਸਿੰਘ ਚੰਨੀ, ਜ਼ੁਲਫੀਕਾਰ ਖਾਂ ਆਦਿ ਦਾ ਜ਼ਿਕਰਯੋਗ ਵਿਸ਼ੇਸ਼ ਮਹੱਤਵ ਹੈ ਜਿਨ੍ਹਾਂ ਨੇ ਬਾਲ ਰੰਗਮੰਚ ਤੇ ਹੋਰ ਗਤੀਵਿਧੀਆਂ ਨੂੰ ਪ੍ਰਫੁੱਲਤ ਕਰਨ ਲਈ ਝੁੱਗੀਆਂ ਝੌਂਪੜੀਆਂ ਦੇ ਬੱਚਿਆਂ ਵਿੱਚ ਛੁਪੀ ਹੋਈ ਪ੍ਰਤਿਭਾ ਉਜਾਗਰ ਕੀਤੀ। ਰੇਡੀਓ ਅਤੇ ਦੂਰਦਰਸ਼ਨ ਕੇਂਦਰਾਂ ਨੇ ਵੀ ਚੰਗੇ ਬਾਲ ਨਾਟਕਾਂ ਰਾਹੀਂ ਬਾਲ ਰੰਗਮੰਚ ਦਾ ਮਿਆਰ ਕਾਇਮ ਰੱਖਿਆ ਹੈ।
ਇਸ ਨਾਟਕ ਅਤੇ ਰੰਗਮੰਚੀ ਅਮਲ ਨੇ ਪੰਜਾਬ ਦੇ ਬਹੁਤ ਸਾਰੇ ਵਿਦਿਆਰਥੀਆਂ ਵਿੱਚ ਅਦਾਕਾਰੀ ਦੀ ਚਿਣਗ ਪੈਦਾ ਕੀਤੀ ਪ੍ਰੰਤੂ 1990 ਤੋਂ ਬਾਅਦ ਇਹ ਰਵਾਇਤ ਮੱਠੀ ਪੈਣ ਲੱਗ ਪਈ। ਕੋਵਿਡ-19 ਦੀ ਮਹਾਮਾਰੀ ਦੌਰਾਨ ਇਹ ਰਵਾਇਤ ਲਗਭਗ ਠੱਪ ਹੀ ਹੋ ਗਈ। ਪੰਜਾਬੀ ਬਾਲ ਰੰਗਮੰਚ ਦੇ ਵਿਕਾਸ ਅੱਗੇ ਅਨੇਕ ਚੁਣੌਤੀਆਂ ਅਤੇ ਸਮੱਸਿਆਵਾਂ ਖੜ੍ਹੀਆਂ ਹਨ। ਰੰਗਕਰਮੀ ਸੰਤੋਸ਼ ਸਾਹਨੀ ਨੇ ਅਜੋਕੇ ਯੁੱਗ ਨੂੰ ਇਸ਼ਤਿਹਾਰਬਾਜ਼ੀ ਦਾ ਯੁੱਗ ਗਰਦਾਨਦੇ ਹੋਏ ਕਿਹਾ ਸੀ ਕਿ ਜਦੋਂ ਤੱਕ ਬੱਚੇ ਦੀ ਮਾਨਸਿਕਤਾ ਅਤੇ ਦਿਲਚਸਪੀ ਅਤੇ ਬਾਲ ਮਨੋਵਿਗਿਆਨ ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾਂਦਾ ਉਦੋਂ ਤੱਕ ਪੰਜਾਬੀ ਭਾਸ਼ਾ ਵਿੱਚ ਉਸਾਰੂ ਬਾਲ ਰੰਗਮੰਚ ਦੀ ਲਹਿਰ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਅੱਗੇ ਨਹੀਂ ਤੋਰਿਆ ਜਾ ਸਕਦਾ।
ਅੱਜ ਬੱਚੇ ਸੰਯੁਕਤ ਪਰਿਵਾਰਾਂ ਨਾਲੋਂ ਟੁੱਟ ਕੇ ਇਕਾਂਤਪਸੰਦ ਹੋ ਰਹੇ ਹਨ, ਦਿਸ਼ਾਹੀਣ ਕਾਰਟੂਨਾਂ ਅਤੇ ਜੀਵਨ ਦੀ ਨਕਲੀ ਚਕਾਚੌਂਧ ਵਾਲੇ ਗੁਮਰਾਹਕੁੰਨ ਸੋਸ਼ਲ ਮੀਡੀਆ-ਕਲਚਰ ਦਾ ਸ਼ਿਕਾਰ ਹੋ ਰਹੇ ਹਨ ਤਾਂ ਅਜਿਹੀ ਸਥਿਤੀ ਵਿੱਚ ਨਾਟ ਸੰਸਥਾਵਾਂ ਅਤੇ ਰੰਗਕਰਮੀਆਂ, ਸਬੰਧਤ ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰਿਆਂ ਨੂੰ ਪੰਜਾਬੀ ਬਾਲ ਰੰਗਮੰਚ ਦੀ ਪੁਨਰ-ਸੁਰਜੀਤੀ ਲਈ ਇਕਮੁੱਠ ਹੋ ਕੇ ਹੰਭਲੇ ਮਾਰਨ ਦੀ ਜ਼ਰੂਰਤ ਹੈ। ਅੱਜ ਨਿਰੇ ਕਾਲਪਨਿਕ ਅਤੇ ਖ਼ਿਆਲੀ-ਪੁਲਾਓ ਵਾਲੇ ਰੰਗਮੰਚ ਦੀ ਥਾਂ ਜੀਵਨ ਦੇ ਯਥਾਰਥ ਨਾਲ ਜੁੜੇ ਰੰਗਮੰਚ ਦੀ ਪੇਸ਼ਕਾਰੀ ਬਹੁਤ ਜ਼ਰੂਰੀ ਹੈ ਜੋ ਸਿੱਖਿਆ ਦੇ ਵਿਕਾਸ ਲਈ ਮਦਦਗਾਰ ਸਿੱਧ ਹੋਵੇ। ਬਾਲ ਰੰਗਮੰਚ ਵਧੇ ਫੁੱਲੇਗਾ ਤਾਂ ਯਕੀਨਨ ਬੱਚਿਆਂ ਵਿੱਚੋਂ ਝਿਜਕ ਅਤੇ ਸ਼ਰਮੀਲਾਪਣ ਦੂਰ ਹੋਵੇਗਾ, ਉਨ੍ਹਾਂ ਵਿੱਚ ਸਵੈ-ਵਿਸ਼ਵਾਸ ਅਤੇ ਦ੍ਰਿੜ੍ਹ ਨਿਸ਼ਚਾ ਵਧੇਗਾ ਅਤੇ ਉਹ ਆਉਣ ਵਾਲੇ ਕੱਲ੍ਹ ਦੇ ਵਧੀਆ ਅਦਾਕਾਰ ਵਜੋਂ ਆਪਣੀ ਪਛਾਣ ਬਣਾਉਣ ਦੇ ਸਮਰੱਥ ਹੋ ਸਕਦੇ ਹਨ। ਸਾਰਥਿਕ ਯਤਨਾਂ ਨਾਲ ਪੰਜਾਬੀ ਬਾਲ ਰੰਗਮੰਚ ਦਾ ਭਵਿੱਖ ਉੱਜਲਾ ਹੋ ਸਕਦਾ ਹੈ।

Advertisement

ਸੰਪਰਕ: 98144-2370

Advertisement

Advertisement
Author Image

sukhwinder singh

View all posts

Advertisement