ਪ੍ਰੋਬੇਸ਼ਨਰੀ ਆਈਏਐੱਸ ਪੂਜਾ ਖੇੜਕਰ ਦੀ ਉਮੀਦਵਾਰੀ ਰੱਦ
ਨਵੀਂ ਦਿੱਲੀ, 31 ਜੁਲਾਈ
ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਨੇ ਪ੍ਰੋਬੇਸ਼ਨਰੀ ਆਈਏਐੱਸ ਅਧਿਕਾਰੀ ਪੂਜਾ ਖੇੜਕਰ ਦੀ ਆਰਜ਼ੀ ਉਮੀਦਵਾਰੀ ਰੱਦ ਕਰ ਦਿੱਤੀ ਹੈ ਤੇ ਉਸ ਨੂੰ ਭਵਿੱਖ ਵਿਚ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਜਾਂ ਸਿਲੈਕਸ਼ਨਾਂ ਤੋਂ ਵਰਜ ਦਿੱਤਾ ਹੈ। ਕਮਿਸ਼ਨ ਨੇ ਇਕ ਬਿਆਨ ਵਿੱਚ ਕਿਹਾ, ‘‘ਯੂਪੀਐੱਸਸੀ ਨੇ ਉਸ ਕੋਲ ਉਪਲਬਧ ਰਿਕਾਰਡ ਨੂੰ ਗਹੁ ਨਾਲ ਵਾਚਣ ਮਗਰੋਂ ਪੂਜਾ ਖੇੜਕਰ ਨੂੰ ਸੀਐੱਸਈ-2022 ਨੇਮਾਂ ਵਿਚਲੀਆਂ ਵਿਵਸਥਾਵਾਂ ਦੀ ਹੁਕਮ ਅਦੂਲੀ ਦਾ ਦੋਸ਼ੀ ਪਾਇਆ ਹੈ।’’ ਬਿਆਨ ਵਿਚ ਕਿਹਾ ਗਿਆ ਕਿ 2023 ਬੈਚ ਦੀ ਪ੍ਰੋਬੇਸ਼ਨਰੀ ਆਈਏਐੱਸ ਅਧਿਕਾਰੀ ਦੀ ਸੀਐੱਸਈ-2022 (ਸਿਵਲ ਸਰਵਸਿਜ਼ ਪ੍ਰੀਖਿਆ-2022) ਲਈ ਆਰਜ਼ੀ ਉਮੀਦਵਾਰੀ ਰੱਦ ਕਰ ਦਿੱਤੀ ਗਈ ਹੈ ਤੇ ਉਸ ਨੂੰ ਯੂਪੀਐੱਸਸੀ ਵੱਲੋਂ ਭਵਿੱਖ ਵਿਚ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਜਾਂ ਕੀਤੀ ਜਾਣ ਵਾਲੀ ਕਿਸੇ ਵੀ ਚੋਣ ਵਿਚ ਸ਼ਾਮਲ ਹੋਣ ਤੋਂ ‘ਸਥਾਈ ਤੌਰ ’ਤੇ ਵਰਜ’ ਦਿੱਤਾ ਹੈ। ਕਮਿਸ਼ਨ ਨੇ ਕਿਹਾ ਕਿ ਪਿਛਲੇ 15 ਸਾਲਾਂ ਵਿਚ ਖੇੜਕਰ ਦਾ ਇਹ ‘ਇਕਲੌਤਾ ਕੇਸ’ ਸੀ, ਜਿੱਥੇ ਇਹ ਪਤਾ ਨਹੀਂ ਲੱਗ ਸਕਿਆ ਕਿ ਇੱਕ ਉਮੀਦਵਾਰ ਨੇ ਸੀਐੱਸਈ ਪ੍ਰੀਖਿਆ ਲਿਖਣ ਲਈ (ਉਮੀਦਵਾਰ ਨੂੰ) ਮਿਲਦੇ ਸਾਰੇ ਮੌਕਿਆਂ ਨੂੰ ਪਾਰ ਕਰ ਲਿਆ ਹੈ ਤੇ ਇਹ ਗ਼ਲਤੀ ਸ਼ਾਇਦ ‘‘ਮੁੱਖ ਤੌਰ ’ਤੇ ਇਸ ਤੱਥ ਕਾਰਨ ਹੋਈ ਕਿ ਉਸ ਨੇ (ਖੇੜਕਰ) ਨਾ ਸਿਰਫ਼ ਆਪਣਾ ਬਲਕਿ ਆਪਣੇ ਮਾਤਾ-ਪਿਤਾ ਦਾ ਨਾਮ ਵੀ ਬਦਲਿਆ ਹੈ।’’ ਯੂਪੀਐੱਸਸੀ ਨੇ ਕਿਹਾ ਕਿ ਭਵਿੱਖ ਵਿਚ ਅਜਿਹੀ ਗ਼ਲਤੀ ਨਾ ਹੋਵੇ, ਇਹ ਯਕੀਨੀ ਬਣਾਉਣ ਲਈ ਐੱਸਓਪੀ (ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ) ਨੂੰ ਵਧੇਰੇ ਮਜ਼ਬੂਤ ਕੀਤਾ ਜਾ ਰਿਹਾ ਹੈ।
ਕਮਿਸ਼ਨ ਨੇ ਕਿਹਾ ਕਿ ਪੂਜਾ ਮਨੋਰਮਾ ਦਿਲੀਪ ਖੇੜਕਰ ਨੂੰ ‘ਧੋਖਾਧੜੀ’ ਤੇ ਆਪਣੀ ‘ਫ਼ਰਜ਼ੀ’ ਪਛਾਣ ਜ਼ਰੀਏ ਪ੍ਰੀਖਿਆ ਵਿਚ ਬੈਠਣ ਲਈ ਲੋੜੋਂ ਵੱਧ ਮੌਕੇ ਲੈਣ ਲਈ 18 ਜੁਲਾਈ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਗਿਆ ਸੀ। ਖੇੜਕਰ ਤੋਂ 25 ਜੁਲਾਈ ਤੱਕ ਜਵਾਬ ਮੰਗਿਆ ਗਿਆ ਸੀ, ਪਰ ਉਸ ਨੇ ਆਪਣੇ ਜਵਾਬ ਦਾਅਵੇ ਲਈ ਜ਼ਰੂਰੀ ਦਸਤਾਵੇਜ਼ ਇਕੱਤਰ ਕਰਨ ਵਾਸਤੇ 4 ਅਗਸਤ ਤੱਕ ਦਾ ਸਮਾਂ ਦੇਣ ਲਈ ਕਿਹਾ ਸੀ। -ਪੀਟੀਆਈ
ਖੇੜਕਰ ਦੀ ਅਗਾਊਂ ਜ਼ਮਾਨਤ ਅਰਜ਼ੀ ’ਤੇੇ ਫੈਸਲਾ ਅੱਜ
ਨਵੀਂ ਦਿੱਲੀ:
ਦਿੱਲੀ ਦੀ ਕੋਰਟ ਪ੍ਰੋਬੇਸ਼ਨਰੀ ਆਈਏਐੱਸ ਅਧਿਕਾਰੀ ਪੂਜਾ ਖੇੜਕਰ ਦੀ ਅਗਾਊਂ ਜ਼ਮਾਨਤ ਅਰਜ਼ੀ ’ਤੇ 1 ਅਗਸਤ ਨੂੰ ਫੈਸਲਾ ਸੁਣਾ ਸਕਦੀ ਹੈ। ਖੇੜਕਰ ’ਤੇ ਠੱਗੀ ਤੇ ਜਾਅਲਸਾਜ਼ੀ ਦਾ ਦੋਸ਼ ਹੈ। ਉਂਜ ਸੁਣਵਾਈ ਦੌਰਾਨ ਖੇੜਕਰ ਨੇ ਕੋਰਟ ਅੱਗੇ ਦਾਅਵਾ ਕੀਤਾ ਕਿ ਉਸ ਨੂੰ ਇਕ ਅਧਿਕਾਰੀ ਖਿਲਾਫ਼ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਉਣ ਕਰ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਵਧੀਕ ਸੈਸ਼ਨਜ਼ ਜੱਜ ਦੇਵੇਂਦਰ ਕੁਮਾਰ ਜਾਂਗਲਾ ਨੇ ਖੇੜਕਰ ਦੀਆਂ ਦਲੀਲਾਂ ਸੁਣਨ ਮਗਰੋਂ ਫੈਸਲਾ ਰਾਖਵਾਂ ਰੱਖ ਲਿਆ। -ਪੀਟੀਆਈ