For the best experience, open
https://m.punjabitribuneonline.com
on your mobile browser.
Advertisement

ਕੋਲੰਬੀਆ ’ਵਰਸਿਟੀ ’ਚੋਂ ਫਲਸਤੀਨ ਪੱਖੀ ਪ੍ਰਦਰਸ਼ਨਕਾਰੀ ਜਬਰੀ ਹਟਾਏ

07:48 AM May 02, 2024 IST
ਕੋਲੰਬੀਆ ’ਵਰਸਿਟੀ ’ਚੋਂ ਫਲਸਤੀਨ ਪੱਖੀ ਪ੍ਰਦਰਸ਼ਨਕਾਰੀ ਜਬਰੀ ਹਟਾਏ
ਯੂਨੀਵਰਸਿਟੀ ਆਫ਼ ਕੈਲੀਫੋਰਨੀਆ ’ਚ ਪੁਲੀਸ ਨਾਲ ਖਹਿਬੜਦੇ ਹੋਏ ਫਲਸਤੀਨ ਪੱਖੀ ਪ੍ਰਦਰਸ਼ਨਕਾਰੀ। -ਫੋਟੋ: ਰਾਇਟਰਜ਼
Advertisement

ਨਿਊਯਾਰਕ, 1 ਮਈ
ਕੋਲੰਬੀਆ ਯੂਨੀਵਰਸਿਟੀ ’ਚ ਪ੍ਰਦਰਸ਼ਨ ਕਰ ਰਹੇ ਫਲਸਤੀਨ ਪੱਖੀ ਵਿਦਿਆਰਥੀਆਂ ਨੂੰ ਪੁਲੀਸ ਨੇ ਜਬਰੀ ਉਥੋਂ ਹਟਾ ਦਿੱਤਾ। ਪ੍ਰਦਰਸ਼ਨ ਕਾਰਨ ਯੂਨੀਵਰਸਿਟੀ ਦਾ ਕੰਮਕਾਰ ਠੱਪ ਹੋ ਕੇ ਰਹਿ ਗਿਆ ਸੀ। ਉਧਰ ਲਾਸ ਏਂਜਲਸ ’ਚ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਵਿਖੇ ਇਜ਼ਰਾਈਲ ਪੱਖੀ ਅਤੇ ਫਲਸਤੀਨ ਪੱਖੀ ਪ੍ਰਦਰਸ਼ਨਕਾਰੀ ਆਪਸ ’ਚ ਭਿੜ ਗਏ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਦੋਵੇਂ ਗੁੱਟਾਂ ਨੂੰ ਵੱਖ ਕੀਤਾ।
ਪਿਛਲੇ ਦੋ ਹਫ਼ਤਿਆਂ ਤੋਂ ਅਮਰੀਕਾ ਦੇ ਯੂਨੀਵਰਸਿਟੀ ਕੈਂਪਸਾਂ ’ਚ ਪ੍ਰਦਰਸ਼ਨ ਕਾਰਨ ਪੁਲੀਸ ਨੂੰ ਦਖ਼ਲ ਦੇਣਾ ਪਿਆ ਹੈ। ਪੁਲੀਸ ਨੇ ਇਕ ਹਜ਼ਾਰ ਤੋਂ ਵਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਯੂਨੀਵਰਸਿਟੀ ਅਧਿਕਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਦੇ ਆਗੂਆਂ ਨੇ ਕੈਂਪਸਾਂ ’ਚ ਅੜਿੱਕੇ ਡਾਹੁਣ ਤੋਂ ਰੋਕਣ ਲਈ ਸਮਝੌਤੇ ਕੀਤੇ ਹਨ। ਪੁਲੀਸ ਨੇ ਕੈਂਪਸ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਪੁਲੀਸ ਤਰਜਮਾਨ ਨੇ ਦੱਸਿਆ ਕਿ ਮੈਦਾਨ ’ਤੇ ਪ੍ਰਦਰਸ਼ਨਕਾਰੀਆਂ ਵੱਲੋਂ ਲਾਏ ਗਏ ਤੰਬੂਆਂ ਨੂੰ ਹਟਾ ਦਿੱਤਾ ਗਿਆ ਜਦਕਿ ਹੈਮਿਲਟਨ ਹਾਲ ਖਾਲੀ ਕਰਾਉਣ ਲਈ ਅਧਿਕਾਰੀਆਂ ਨੂੰ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਪੌੜੀਆਂ ਸਹਾਰੇ ਖਿੜਕੀ ਰਾਹੀਂ ਅੰਦਰ ਦਾਖ਼ਲ ਹੋਣਾ ਪਿਆ। ਪ੍ਰਦਰਸ਼ਨਕਾਰੀਆਂ ਨੇ ਆਈਵੀ ਲੀਗ ਯੂਨੀਵਰਸਿਟੀ ਨੂੰ ਇਜ਼ਰਾਈਲ ਜਾਂ ਗਾਜ਼ਾ ’ਚ ਜੰਗ ਦੀ ਹਮਾਇਤ ਕਰਨ ਵਾਲੀਆਂ ਕੰਪਨੀਆਂ ਨਾਲ ਵਪਾਰ ਬੰਦ ਕਰਨ ਦਾ ਸੱਦਾ ਦਿੰਦਿਆਂ ਕਰੀਬ 20 ਘੰਟੇ ਪਹਿਲਾਂ ਹਾਲ ’ਤੇ ਕਬਜਾ ਕਰ ਲਿਆ ਸੀ।
ਯੂਨੀਵਰਸਿਟੀ ਆਫ਼ ਕੈਲੀਫੋਰਨੀਆ ’ਚ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਵੱਲੋਂ ਬਣਾਏ ਗਏ ਇਕ ਕੈਂਪ ’ਚ ਬੈਰੀਕੇਡ ਖੜ੍ਹਾ ਕੀਤੇ ਜਾਣ ਕਰਕੇ ਵਿਵਾਦ ਪੈਦਾ ਹੋਇਆ। ਦੂਜੇ ਧੜੇ ਦੇ ਪ੍ਰਦਰਸ਼ਨਕਾਰੀਆਂ ਨੇ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਸੀ। ਲੋਕਾਂ ਨੇ ਇਕ ਦੂਜੇ ’ਤੇ ਕੁਰਸੀਆਂ ਸੁੱਟੀਆਂ ਅਤੇ ਇਕ ਵਿਅਕਤੀ ਨੂੰ ਢਾਹ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ। ਜ਼ਖ਼ਮੀਆਂ ਬਾਰੇ ਕੁਝ ਸਪੱਸ਼ਟ ਨਹੀਂ ਹੋ ਸਕਿਆ ਹੈ। ਲਾਸ ਏਂਜਲਸ ਦੇ ਮੇਅਰ ਕੈਰੇਨ ਬਾਸ ਨੇ ਯੂਨੀਵਰਸਿਟੀ ਕੈਂਪਸ ’ਚ ਹਿੰਸਾ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। -ਏਪੀ

Advertisement

Advertisement
Author Image

joginder kumar

View all posts

Advertisement
Advertisement
×