ਦਿੱਲੀ ਮੈਟਰੋ ਸਟੇਸ਼ਨਾਂ ਦੀਆਂ ਕੰਧਾਂ ’ਤੇ ਲਿਖੇ ਖਾਲਿਸਤਾਨ ਪੱਖੀ ਨਾਅਰੇ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਅਗਸਤ
ਜੀ-20 ਸਿਖਰ ਸੰਮੇਲਨ ਤੋਂ ਪਹਿਲਾਂ ਕੌਮੀ ਰਾਜਧਾਨੀ ਦੇ ਪੰਜ ਮੈਟਰੋ ਸਟੇਸ਼ਨਾਂ ਦੀਆਂ ਕੰਧਾਂ ’ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਮਿਲੇ। ਕਾਲੇ ਰੰਗ ਨਾਲ ਲਿਖੇ ਇਨ੍ਹਾਂ ਨਾਅਰਿਆਂ ਨੂੰ ਦਿੱਲੀ ਪੁਲੀਸ ਨੇ ਆਪਣੇ ਮੁਲਾਜ਼ਮਾਂ ਰਾਹੀਂ ਉਨ੍ਹਾਂ ਨੂੰ ਮਿਟਾ ਦਿੱਤਾ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਵੱਲੋਂ ਮੈਟਰੋ ਸਟੇਸ਼ਨਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਨਾਅਰੇ ਲਿਖਣ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਇਨ੍ਹਾਂ ਨਾਅਰਿਆਂ ਪਿੱਛੇ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦਾ ਹੱਥ ਮੰਨਿਆ ਜਾ ਰਿਹਾ ਹੈ। ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਾਅਰਿਆਂ ’ਚ ‘ਭਾਰਤ ਵੱਲੋਂ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ’, ‘ਖਾਲਿਸਤਾਨ ਰੈਫਰੰਡਮ ਜ਼ਿੰਦਾਬਾਦ’ ਅਤੇ ‘ਦਿੱਲੀ ਬਣੇਗਾ ਖਾਲਿਸਤਾਨ’ ਆਦਿ ਲਿਖਿਆ ਗਿਆ ਸੀ। ਪੁਲੀਸ ਸੂਤਰਾਂ ਨੇ ਦੱਸਿਆ ਕਿ ਸ਼ਿਵਾਜੀ ਪਾਰਕ, ਮਾੜੀਪੁਰ, ਪੱਛਮ ਵਿਹਾਰ, ਉਦਯੋਗ ਨਗਰ ਅਤੇ ਮਹਾਰਾਜਾ ਸੂਰਜਮਲ ਸਟੇਡੀਅਮ ਮੈਟਰੋ ਸਟੇਸ਼ਨਾਂ ਅਤੇ ਨਾਂਗਲੋਈ ’ਚ ਸਰਕਾਰੀ ਸਰਵੋਦਿਆ ਬਾਲ ਵਿਦਿਆਲਿਆ ਦੀਆਂ ਕੰਧਾਂ ’ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਸਨ। ਅਧਿਕਾਰੀ ਨੇ ਕਿਹਾ ਕਿ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਪਛਾਣ ਲਈ ਮੈਟਰੋ ਸਟੇਸ਼ਨਾਂ ਨੇੜਲੇ ਇਲਾਕਿਆਂ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਬਾਅਦ ’ਚ ਸਿੱਖਸ ਫਾਰ ਜਸਟਿਸ ਨੇ ਇੱਕ ਵੀਡੀਓ ਜਾਰੀ ਕੀਤੀ ਜਿਸ ਵਿੱਚ ਮੈਟਰੋ ਸਟੇਸ਼ਨਾਂ ਦੀਆਂ ਕੰਧਾਂ ’ਤੇ ਲਿਖੇ ਗਏ ਨਾਅਰਿਆਂ ਨੂੰ ਦਿਖਾਇਆ ਗਿਆ। ਐੱਸਐੱਫਜੇ ਦੇ ਤਰਜਮਾਨ ਗੁਰਪਤਵੰਤ ਸਿੰਘ ਪੰਨੂ ਨੇ ਇਕ ਵੀਡੀਓ ’ਚ ਕਿਹਾ,‘‘ਜੀ-20 ਮੁਲਕਾਂ ਦੇ ਮੁਖੀ ਜਦੋਂ ਤੁਸੀਂ 10 ਸਤੰਬਰ ਨੂੰ ਦਿੱਲੀ ’ਚ ਮਿਲ ਰਹੇ ਹੋਵੇਗੇ ਤਾਂ ਅਸੀਂ ਕੈਨੇਡਾ ’ਚ ਖਾਲਿਸਤਾਨ ਰੈਫਰੈਂਡਮ ਕਰਵਾ ਰਹੇ ਹੋਵਾਂਗੇ।’’ ਪੁਲੀਸ ਨੇ ਕਿਹਾ ਕਿ ਉਨ੍ਹਾਂ ਵੀਡੀਓ ਦਾ ਨੋਟਿਸ ਲਿਆ ਹੈ ਅਤੇ ਸਾਰੇ ਮੈਟਰੋ ਸਟੇਸ਼ਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਬੁਲਾਰੇ ਨੇ ਕਿਹਾ,‘‘ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਸੰਮੇਲਨ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਨਾਲ ਛੇੜਛਾੜ ਕਰਨ ’ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਿੱਖਸ ਫਾਰ ਜਸਟਿਸ ਲੋਕਾਂ ਨੂੰ ਪੈਸੇ ਲਈ ਆਪਣਾ ਕੰਮ ਕਰਨ ਲਈ ਲੁਭਾਉਂਦੀ ਹੈ। ਅਸੀਂ ਜਲਦੀ ਹੀ ਗ੍ਰਿਫਤਾਰੀਆਂ ਕਰਾਂਗੇ।’’ ਦਿੱਲੀ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਨੇ ਕਿਹਾ ਕਿ ਇਸ ਮਾਮਲੇ ਦੀ ਸਬੰਧਤ ਏਜੰਸੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਡੀਐੱਮਆਰਸੀ ਦੇ ਕਾਰਪੋਰੇਸਟ ਸੰਚਾਰ ਦੇ ਪ੍ਰਿੰਸੀਪਲ ਕਾਰਜਕਾਰੀ ਡਾਇਰੈਕਟਰ ਅਨੁਜ ਦਯਾਲ ਨੇ ਕਿਹਾ ਕਿ ਗਰੀਨ ਲਾਈਨ ’ਤੇ ਕੁਝ ਮੈਟਰੋ ਸਟੇਸ਼ਨਾਂ ਦੀਆਂ ਕੰਧਾਂ ਉਪਰ ਕੁਝ ਇਤਰਾਜ਼ਯੋਗ ਨਾਅਰੇ ਲਿਖੇ ਮਿਲੇ ਹਨ ਜਿਸ ਦੀ ਪੁਲੀਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।