ਅਕਾਲੀ ਦਲ (ਅ) ਦੇ ਧਰਨੇ ’ਚ ਲੱਗੇ ਖਾਲਿਸਤਾਨੀ ਪੱਖੀ ਨਾਅਰੇ
ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਅਗਸਤ
ਇਥੇ ਜ਼ਿਲ੍ਹਾ ਸਕੱਤਰੇਤ ਅੱਗੇ ਅਕਾਲੀ ਦਲ (ਅ) ਤੇ ਦਲ ਖਾਲਸਾ ਵੱਲੋਂ ਸਾਂਝੇ ਤੌਰ ’ਤੇ ਖਾਲਿਸਤਾਨ ਝੰਡਾ ਝੁਲਾਉਣ ਦੇ ਕੇਸ ’ਚ ਬੇਕਸੂਰ ਇੱਕ ਸਿੱਖ ਬੀਬੀ ਤੇ ਹੋਰ ਨੌਜਵਾਨਾਂ ਦੀ ਰਿਹਾਈ ਲਈ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਖਾਲਿਸਤਾਨੀ ਪੱਖੀ ਨਾਅਰੇ ਗੂੰਜਣ ਨਾਲ ਮਾਹੌਲ ਗਰਮਾ ਗਿਆ। ਇਸ ਮੌਕੇ ਐੱਸਪੀ (ਸ) ਗੁਰਦੀਪ ਸਿੰਘ ਨੇ ਭਰੋਸਾ ਦਿੱਤਾ ਕਿ ਕਿਸੇ ਬੇਕਸੂਰ ਨਾਲ ਜ਼ਿਆਦਤੀ ਨਹੀਂ ਹੋਵੇਗੀ। ਇਥੇ ਅਕਾਲੀ ਦਲ (ਅ) ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਖਾਲਸਾ ਤੇ ਦਲ ਖਾਲਸਾ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਖੋਸਾ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ। ਇਸ ਰੋਸ ਧਰਨੇ ਵਿੱਚ ਹੋਰ ਤੋਂ ਇਲਾਵਾ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਨਜੀਤ ਸਿੰਘ ਮੱਲ੍ਹਾ, ਬਲਰਾਜ ਸਿੰਘ ਜੈਮਲਵਾਲਾ ਆਦਿ ਆਗੂਆਂ ਨੇ ਕਿਹਾ ਕਿ ਮੋਗਾ ਪੁਲੀਸ ਨੇ ਇਥੇ ਸਕੱਤਰੇਤ ਉੱਤੇ ਖਾਲਿਸਤਾਨ ਝੰਡਾ ਝਲਾਉਣ ਦੇ ਕੇਸ ’ਚ ਬੇਕਸੂਰ ਇੱਕ ਸਿੱਖ ਬੀਬੀ ਤੇ ਇੱਕ ਨਾਬਾਲਗ ਲੜਕੇ ਤੇ ਕੁਝ ਹੋਰ ਨੌਜਵਾਨਾਂ ਨੂੰ ਗੈਰਕਾਨੂੰਨੀ ਹਿਰਾਸਤ ’ਚ ਰੱਖਿਆ। ਉਨ੍ਹਾਂ ਕਿਹਾ ਕਿ ਅੱਜ ਪੁਲੀਸ ਨੇ ਬੀਬੀ ਨੂੰ ਤਾਂ ਰਿਹਾਅ ਕਰ ਦਿੱਤਾ ਪਰ 5 ਹੋਰ ਬੇਕਸੂਰ ਨੌਜਵਾਨਾਂ ਨੂੰ ਨਹੀਂ ਛੱਡਿਆ। ਉਨ੍ਹਾਂ ਬੇਕਸੂਰ ਨੌਜਵਾਨਾਂ ਦੀ ਰਿਹਾਈ ਦੀ ਮੰਗ ਕਰਦੇ ਹੋਏ ਪੁਲੀਸ ਉੱਤੇ ਸਿੱਖ ਨੌਜਵਾਨਾ ਨਾਲ ਧੱਕੇਸ਼ਾਹੀ ਦਾ ਇਲਜ਼ਾਮ ਲਾਇਆ।
ਉਨ੍ਹਾਂ ਕਿਹਾ ਕਿ ਹਰਿਮੰਦਰ ਸਾਹਿਬ ’ਤੇ ਹੋਏ ਹਮਲੇ ਤੇ ਦਿੱਲੀ ਦੇ ਸਿੱਖ ਕਤਲੇਆਮ ਲਈ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ। ਕੋਟਕਪੂਰਾ ਵਿੱਚ ਸ਼ਾਂਤੀਪੂਰਵਕ ਧਰਨੇ ’ਤੇ ਬੈਠੀ ਸਿੱਖ ਸੰਗਤ ’ਤੇ ਗੋਲੀਆਂ ਚਲਵਾਉਣ ਲਈ ਵੀ ਇਹ ਲੋਕ ਜ਼ਿੰਮੇਵਾਰ ਹਨ।