ਖਾਲਿਸਤਾਨ ਪੱਖੀ ਪੋਸਟਰਾਂ ਦੀ ਕੈਨੇਡਾ ’ਚ ਭਾਰਤੀ ਮੂਲ ਦੇ ਸੰਸਦ ਮੈਂਬਰ ਵੱਲੋਂ ਨਿਖੇਧੀ
ਟੋਰਾਂਟੋ, 5 ਜੁਲਾਈ
ਕੈਨੇਡਾ ’ਚ ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰਾ ਆਰਿਆ ਨੇ ਖਾਲਿਸਤਾਨ ਪੱਖੀ ਭੜਕਾੳੂ ਪੋਸਟਰਾਂ ਦੀ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਦੇਸ਼ ’ਚ ‘ਸੱਪ ਆਪਣੇ ਫਨ ਉਠਾ ਰਹੇ ਹਨ।’ ਲਿਬਰਲ ਪਾਰਟੀ ਦੇ ਆਗੂ ਆਰਿਆ ਨੇ ਕਿਹਾ ਕਿ ਜੇਕਰ ਫੌਰੀ ਕੋਈ ਕਦਮ ਨਾ ਚੁੱਕਿਆ ਗਿਆ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਇਹ ‘ਸੱਪ ਡੱਸ ਲੈਣਗੇ।’ ਕਰਨਾਟਕ ਦੇ ਪਿਛੋਕੜ ਵਾਲੇ ਚੰਦਰਾ ਆਰਿਆ ਦਾ ਕੈਨੇਡਾ ’ਚ ਖਾਲਿਸਤਾਨ ਪੱਖੀਆਂ ਦੇ ਵਧਦੇ ਅਸਰ ਵੱਲ ਸਿੱਧਾ ਇਸ਼ਾਰਾ ਸੀ।
ਆਉਂਦੀ 8 ਜੁਲਾਈ ਨੂੰ ‘ਖਾਲਿਸਤਾਨ ਫ੍ਰੀਡਮ ਰੈਲੀ’ ਦੇ ਐਲਾਨ ਸਬੰਧੀ ਪੋਸਟਰ ਟਵੀਟ ਕਰਦਿਆਂ ਉਨ੍ਹਾਂ ਕਿਹਾ ਕਿ ਕੈਨੇਡਾ ’ਚ ਖਾਲਿਸਤਾਨੀ, ਹਿੰਸਾ ਅਤੇ ਨਫ਼ਰਤ ਨੂੰ ਉਤਸ਼ਾਹਿਤ ਕਰਕੇ ਮੁਲਕ ’ਚ ਮਿਲੇ ਹੱਕਾਂ ਅਤੇ ਆਜ਼ਾਦੀ ਦੇ ਚਾਰਟਰ ਦੀ ਉਲੰਘਣਾ ਕਰ ਰਹੇ ਹਨ।
ਟਵੀਟ ’ਚ ਉਸ ਨੇ ਬਰੈਂਪਟਨ ਪਰੇਡ ਦਾ ਜ਼ਿਕਰ ਵੀ ਕੀਤਾ ਜਿਸ ’ਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਸ ਦੇ ਅੰਗ ਰੱਖਿਅਕਾਂ ਵੱਲੋਂ ਕੀਤੀ ਗਈ ਹੱਤਿਆ ਨੂੰ ਵਡਿਆਇਆ ਗਿਆ ਸੀ। ਉਨ੍ਹਾਂ ਕਿਹਾ ਕਿ ਖਾਲਿਸਤਾਨੀ ਅਨਸਰ ਹੁਣ ਭਾਰਤੀ ਡਿਪਲੋਮੈਟਾਂ ਖ਼ਿਲਾਫ਼ ਹਿੰਸਾ ਦਾ ਸ਼ਰੇਆਮ ਸੱਦਾ ਦੇ ਰਹੇ ਹਨ। ਉਂਜ ਸੰਸਦ ਮੈਂਬਰ ਨੇ ਕੈਨੇਡੀਅਨ ਅਧਿਕਾਰੀਆਂ ਵੱਲੋਂ ਇਸ ਗੱਲ ਦਾ ਨੋਟਿਸ ਲਏ ਜਾਣ ’ਤੇ ਸੁੱਖ ਦਾ ਸਾਹ ਲਿਆ ਹੈ। ਖਾਲਿਸਤਾਨੀ ਪੋਸਟਰ ਕਾਰਨ ਭਾਰਤ ’ਚ ਹੰਗਾਮਾ ਮਚ ਗਿਆ ਸੀ ਜਿਸ ’ਚ ਓਟਵਾ ’ਚ ਭਾਰਤ ਦੇ ਹਾਈ ਕਮਿਸ਼ਨਰ ਸੰਜੈ ਕੁਮਾਰ ਵਰਮਾ ਅਤੇ ਟੋਰਾਂਟੋ ’ਚ ਕੌਂਸੁਲ ਜਨਰਲ ਅਪੂਰਵਾ ਸ੍ਰੀਵਾਸਤਵ ਨੂੰ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਦਾ ‘ਕਾਤਲ’ ਦੱਸਿਆ ਗਿਆ ਸੀ। ਕੈਨੇਡਾ ਨੇ ਮੰਗਲਵਾਰ ਨੂੰ ਭਾਰਤ ਨੂੰ ਉਸ ਦੇ ਡਿਪਲੋਮੈਟਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਖਾਲਿਸਤਾਨੀ ਰੈਲੀ ਤੋਂ ਪਹਿਲਾਂ ਵੰਡੀ ਜਾ ਰਹੀ ਸਮੱਗਰੀ ਨੂੰ ਨਾ ਸਵੀਕਾਰਨਯੋਗ ਕਰਾਰ ਦਿੱਤਾ ਸੀ।
ਜੋਲੀ ਨੇ ਕਿਹਾ ਸੀ ਕਿ ਕੁਝ ਵਿਅਕਤੀਆਂ ਦੀਆਂ ਕਾਰਵਾਈਆਂ ਦਾ ਮਤਲਬ ਇਹ ਨਹੀਂ ਕਿ ਸਾਰਾ ਭਾਈਚਾਰਾ ਜਾਂ ਕੈਨੇਡਾ ਉਨ੍ਹਾਂ ਵਾਂਗ ਸੋਚਦਾ ਹੈ। ਭਾਰਤ ਨੇ ਕੈਨੇਡੀਅਨ ਹਾਈ ਕਮਿਸ਼ਨਰ ਕੈਮਰੋਨ ਮੈਕੇਅ ਨੂੰ ਤਲਬ ਕਰਕੇ ਇਸ ਮੁੱਦੇ ’ਤੇ ਵਿਚਾਰ ਵਟਾਂਦਰਾ ਕੀਤਾ ਸੀ। -ਪੀਟੀਆਈ