ਬਰਤਾਨੀਆ ਲਈ ਖ਼ਾਲਿਸਤਾਨ ਪੱਖੀ ਅਤੇ ਹਿੰਦੂ ਰਾਸ਼ਟਰਵਾਦੀ ਕੱਟੜਵਾਦ ਖ਼ਤਰਾ ਕਰਾਰ
ਲੰਡਨ, 29 ਜਨਵਰੀ
ਬਰਤਾਨੀਆ ਸਰਕਾਰ ਦੀ ‘ਕੱਟੜਵਾਦ ਸਮੀਖਿਆ’ ਨਾਲ ਜੁੜੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਖਾਲਿਸਤਾਨ ਪੱਖੀ ਅਤੇ ਹਿੰਦੂ ਰਾਸ਼ਟਰਵਾਦ ਕੱਟੜਵਾਦ ਮੁਲਕ ਲਈ ਖ਼ਤਰਾ ਹਨ। ਲੀਕ ਹੋਈ ਇਸ ਰਿਪੋਰਟ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਹਿੰਦੂ ਰਾਸ਼ਟਰਵਾਦ ਕੱਟੜਵਾਦ ਦਾ ਪਹਿਲੀ ਵਾਰ ਅਜਿਹੀ ਸਮੀਖਿਆ ’ਚ ਜ਼ਿਕਰ ਹੋਇਆ ਹੈ। ਪਾਲਿਸੀ ਐਕਸਚੇਂਜ ਥਿੰਕ ਟੈਂਕ ਲਈ ਐਂਡਰਿਊ ਗਿਲੀਗਨ ਅਤੇ ਡਾਕਟਰ ਪੌਲ ਸਕੌਟ ਵੱਲੋਂ ਤਿਆਰ ਰਿਪੋਰਟ ਨੂੰ ਇਸ ਹਫ਼ਤੇ ਦੇ ਸ਼ੁਰੂ ’ਚ ਜਾਰੀ ਕੀਤਾ ਗਿਆ ਹੈ। ਬ੍ਰਿਟੇਨ ਦੇ ਗ੍ਰਹਿ ਦਫ਼ਤਰ ਸੁਰੱਖਿਆ ਮੰਤਰੀ ਡੈਨ ਜਾਰਵਿਸ ਨੇ ਮੰਗਲਵਾਰ ਨੂੰ ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਕਾਮਨਸ ਨੂੰ ਦੱਸਿਆ ਕਿ ਇਹ ਪੂਰੀ ਤਰ੍ਹਾਂ ਨਾਲ ਸਪੱਸ਼ਟ ਨਹੀਂ ਹੈ ਕਿ ਰਿਪੋਰਟ ਦਾ ਕਿਹੜਾ ਬਿਊਰਾ ਲੀਕ ਹੋਇਆ ਹੈ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਇਸ ਰਿਪੋਰਟ ’ਚ ਕੀਤੇ ਗਏ ਦਾਅਵੇ ਸਰਕਾਰੀ ਨੀਤੀ ਦੀ ਨੁਮਾਇੰਦਗੀ ਨਹੀਂ ਕਰਦੇ ਹਨ। ਲੀਕ ਹੋਈ ਰਿਪੋਰਟ ਮੁਤਾਬਕ 9 ਤਰ੍ਹਾਂ ਦੇ ਕੱਟੜਵਾਦ ਤੋਂ ਮੁਲਕ ਨੂੰ ਖ਼ਤਰਾ ਹੈ ਜਿਨ੍ਹਾਂ ’ਚ ਇਸਲਾਮਿਕ, ਧੁਰ ਸੱਜੇ ਪੱਖੀ, ਖਾਲਿਸਤਾਨ ਪੱਖੀ ਕੱਟੜਵਾਦ, ਹਿੰਦੂ ਰਾਸ਼ਟਰਵਾਦੀ ਕੱਟੜਵਾਦ, ਵਾਤਾਵਰਨ ਸਬੰਧੀ ਕੱਟੜਵਾਦ, ਖੱਬੇ ਪੱਖੀ, ਬਦਅਮਨੀ ਫੈਲਾਉਣ, ਹਿੰਸਾ ਅਤੇ ਸਾਜ਼ਿਸ਼ ਦੇ ਸਿਧਾਂਤ ਸੂਚੀਬੱਧ ਹਨ। ਰਿਪੋਰਟ ’ਚ ਕਿਹਾ ਗਿਆ ਹੈ, ‘‘ਇਹ ਬ੍ਰਿਟੇਨ ਸਰਕਾਰ ਲਈ ਤਰਕਸੰਗਤ ਰਵੱਈਆ ਹੋਣਾ ਚਾਹੀਦਾ ਹੈ। ਖਾਲਿਸਤਾਨੀ ਅੰਦੋਲਨ ਅੰਦਰ ਹੀ ਅਜਿਹੇ ਲੋਕਾਂ ਦੀ ਭੂਮਿਕਾ ਵਧ ਰਹੀ ਹੈ ਜੋ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਸ ਦੇ ਨਾਲ ਚਿੰਤਾ ਦਾ ਕਾਰਨ ਉਹ ਸਰਗਰਮੀ ਵੀ ਹੈ ਜਿਸ ’ਚ ਮੁਸਲਿਮ ਫਿਰਕੇ ਖ਼ਿਲਾਫ਼ ਨਾਂਹ-ਪੱਖੀ ਗੱਲਾਂ ਕੀਤੀਆਂ ਜਾ ਰਹੀਆਂ ਹਨ ਖਾਸ ਕਰਕੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਦੋਸਾਂ ਨੂੰ ਲੈ ਕੇ।’’ ਇਸ ਦੇ ਨਾਲ ਹੀ ਬ੍ਰਿਟਿਸ਼ ਅਤੇ ਭਾਰਤ ਸਰਕਾਰ ਵਿਚਕਾਰ ਕਥਿਤ ਆਪਸੀ ਤਾਲਮੇਲ ਨੂੰ ਸਾਜ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਵਿਦੇਸ਼ ’ਚ ਭੂਮਿਕਾ ਨੂੰ ਲੈ ਕੇ ਫਿਕਰ ਮੌਜੂਦ ਹਨ ਜਿਸ ’ਚ ਕੈਨੇਡਾ ਅਤੇ ਅਮਰੀਕਾ ’ਚ ਸਿੱਖਾਂ ਖ਼ਿਲਾਫ਼ ਘਾਤਕ ਹਿੰਸਾ ’ਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ਵੀ ਸ਼ਾਮਲ ਹਨ। ਸਤੰਬਰ 2022 ’ਚ ਲੈਸਟਰ ’ਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਹੋਈ ਹਿੰਸਾ ਨੂੰ ਦੇਖਦਿਆਂ ਸਰਕਾਰ ਵੱਲੋਂ ਹਿੰਦੂ ਰਾਸ਼ਟਰਵਾਦੀ ਕੱਟੜਵਾਦ ਨੂੰ ਸੁਰਖੀਆਂ ’ਚ ਲਿਆਉਣਾ ਸਹੀ ਦੱਸਿਆ ਜਾ ਰਿਹਾ ਹੈ। -ਪੀਟੀਆਈ