ਏ ਐੱਸ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿੱਚ ਭਾਜਪਾ ਪੱਖੀ ਪੈਨਲ ਮੋਹਰੀ
ਨਿੱਜੀ ਪੱਤਰ ਪ੍ਰੇਰਕ
ਖੰਨਾ, 3 ਸਤੰਬਰ
ਇੱਥੇ ਸੱਤ ਕਾਲਜ ਤੇ ਸਕੂਲ ਚਲਾਉਣ ਵਾਲੀ 112 ਸਾਲ ਪੁਰਾਣੀ ਸੰਸਥਾ ਏ ਐੱਸ ਹਾਈ ਸਕੂਲ ਖੰਨਾ ਟਰੱਸਟ ਤੇ ਮੈਨੇਜਮੈਂਟ ਸੁਸਾਇਟੀ ਦੀ ਚੋਣ ਦਾ ਕੰਮ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹ ਗਿਆ। ਮੁੱਖ ਚੋਣ ਅਫ਼ਸਰ ਕੇ ਕੇ ਸ਼ਰਮਾ ਨੇ ਦੱਸਿਆ ਕਿ ਵੋਟਾਂ ਦਾ ਕੰਮ ਨੇਪਰੇ ਚਾੜ੍ਹਨ ਲਈ ਆਰੀਆ ਸਕੂਲ ਵਿੱਚ 23 ਬੂਥ ਬਣਾਏ ਗਏ ਸਨ। ਕੁੱਲ 5763 ਵਿੱਚੋਂ 4374 ਵੋਟਾਂ ਪਈਆਂ। ਦੱਸਣਯੋਗ ਹੈ ਕਿ ਇਨ੍ਹਾਂ ਚੋਣਾਂ ਵਿੱਚ ਪਹਿਲੀ ਵਾਰ ਤਿੰਨ ਪੈਨਲਾਂ ਦੇ 43 ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿਸ ਵਿੱਚ ਆਮ ਆਦਮੀ ਪਾਰਟੀ ਪੱਖੀ ਸ੍ਰੀ ਸਰਸਵਤੀ ਪੈਨਲ ਫਾਰ ਐਜੂਕੇਸ਼ਨ ਪਹਿਲੀ ਵਾਰ ਚੋਣ ਮੈਦਾਨ ਵਿੱਚ ਸੀ। ਕਾਂਗਰਸ ਪੱਖੀ ਵਿਜ਼ੀਨਰੀ ਪੈਨਲ ਫਾਰ ਐਜੂਕੇਸ਼ਨ ਅਤੇ ਭਾਜਪਾ ਪੱਖੀ ਪ੍ਰੋਗਰੈਸਿਵ ਪੈਨਲ ਫਾਰ ਐਜੂਕੇਸ਼ਨ ਵੀ ਚੋਣ ਮੈਦਾਨ ’ਚ ਸਨ। ਇਸ ਸੰਸਥਾ ਦੇ ਪ੍ਰਬੰਧਕ ਲਈ 20 ਮੈਂਬਰਾਂ ਦੀ ਚੋਣ ਕੀਤੀ ਜਾਣੀ ਸੀ, ਜਿਸ ਵਿੱਚ ਪਹਿਲੀ ਵਾਰ ਖੜ੍ਹੀਆਂ ਦੋ ਮਹਿਲਾਵਾਂ ਕਾਂਗਰਸ ਵੱਲੋਂ ਸ਼ਾਲੂ ਕਾਲੀਆ ਅਤੇ ‘ਆਪ’ ਵੱਲੋਂ ਕਵਿਤਾ ਗੁਪਤਾ ਨੇ ਜਿੱਤ ਕੇ ਸ਼ਹਿਰ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ। ਨਤੀਜੇ ਵਿੱਚ ਭਾਜਪਾ ਦੇ 10, ਕਾਂਗਰਸ ਦੇ 9 ਅਤੇ ਇੱਕ ‘ਆਪ’ ਉਮੀਦਵਾਰ ਜੇਤੂ ਰਹੇ। ਹੁਣ ਭਾਜਪਾ ਨੂੰ ਏਐੱਸ ਪ੍ਰਬੰਧਕ ਕਮੇਟੀ ’ਤੇ ਕਬਜ਼ਾ ਕਰਨ ਲਈ ਇੱਕ ਮੈਂਬਰ ਦੀ ਜ਼ਰੂਰਤ ਹੈ, ਅਜਿਹੇ ਸਿਆਸੀ ਮਾਹੌਲ ਵਿੱਚ ‘ਆਪ’ ਦੀ ਕਵਿਤਾ ਗੁਪਤਾ ਕਿੰਗ ਮੇਕਰ ਦੀ ਭੂਮਿਕਾ ਅਦਾ ਕਰ ਸਕਦੀ ਹੈ, ਪਰ ਦੇਖਣਾ ਇਹ ਹੋਵੇਗਾ ਕਿ ‘ਆਪ’ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਇਸ ਮਾਮਲੇ ’ਤੇ ਭਾਜਪਾ ਪੈਨਲ ਨੂੰ ਹਮਾਇਤ ਦਿੰਦੇ ਹਨ ਜਾਂ ਨਹੀਂ। ਇਸ ਦੌਰਾਨ ਪਹਿਲੇ ਨੰਬਰ ’ਤੇ ਰਹੇ ਰਾਜੇਸ਼ ਕੁਮਾਰ ਡਾਲੀ ਨੂੰ 2858, ਸ਼ਾਲੂ ਕਾਲੀਆ ਨੂੰ 2727, ਮਨੀਸ਼ ਭਾਂਬਰੀ ਨੂੰ 2559, ਜਤਿੰਦਰ ਦੇਵਗਨ ਨੂੰ 2448, ਰਾਜੀਵ ਰਾਏ ਮਹਿਤਾ ਐਡਵੋਕੇਟ ਨੂੰ 2447, ਮੋਹਿਤ ਗੋਇਲ ਨੂੰ 2406, ਵਿਕਾਸ ਮਹਿਤਾ ਨੂੰ 2369, ਸ਼ਿਵਮ ਬੇਦੀ ਨੂੰ 2323, ਸ਼ਮਿੰਦਰ ਸਿੰਘ ਮਿੰਟੂ ਨੂੰ 2217, ਸੰਜੀਵ ਕੁਮਾਰ ਸੰਜੂ ਨੂੰ 2197, ਅਜੈ ਸੂਦ ਨੂੰ 2193, ਸੰਜੀਵ ਧਮੀਜਾ ਨੂੰ 2189, ਦਿਨੇਸ਼ ਕੁਮਾਰ ਸ਼ਰਮਾ ਨੂੰ 2136, ਤੇਜਿੰਦਰ ਸ਼ਰਮਾ ਨੂੰ 2127, ਰਮਰੀਸ਼ ਵਿਜ ਨੂੰ 2111, ਵਿਜੈ ਡਾਇਮੰਡ ਨੂੰ 2026, ਸੰਬੋਧ ਮਿੱਤਲ ਨੂੰ 1991, ਕਵਿਤਾ ਗੁਪਤਾ ਨੂੰ 1903, ਨਵੀਨ ਥੰਮਣ ਨੂੰ 1858 ਅਤੇ ਵਿਕਾਸ ਮਿੱਤਲ ਨੂੰ 1855 ਵੋਟਾਂ ਪਈਆਂ। ਇਸ ਮੌਕੇ ਵਿਧਾਇਕ ਸੌਂਦ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਉਮੀਦਵਾਰਾਂ ਨੂੰ ਵਧਾਈ ਦਿੱਤੀ।