ਨੈਤਿਕ ਸਿੱਖਿਆ ਪ੍ਰੀਖਿਆ ਵਿੱਚ ਅੱਵਲ ਬੱਚਿਆਂ ਨੂੰ ਇਨਾਮ ਵੰਡੇ
ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 28 ਨਵੰਬਰ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ਜ਼ੋਨ ਵੱਲੋਂ ਅਗਸਤ ਮਹੀਨੇ ਕਰਵਾਈ ਸਕੂਲ ਵਿਦਿਆਰਥੀਆਂ ਦੀ ਨੈਤਿਕ ਸਿੱਖਿਆ ਪ੍ਰੀਖਿਆ ’ਚ ਸੰਗਰੂਰ ਖੇਤਰ ਦੇ ਜੇਤੂ ਵਿਦਿਆਰਥੀਆਂ ਦਾ ਇਨਾਮ ਵੰਡ ਸਮਾਰੋਹ ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ’ਚ ਕਰਵਾਇਆ ਗਿਆ। ਇਹ ਸਮਾਗਮ ਡਿਪਟੀ ਚੀਫ਼ ਆਰਗੇਨਾਈਜ਼ਰ ਲਾਭ ਸਿੰਘ, ਵਿੱਤ ਸਕੱਤਰ ਗੁਰਮੇਲ ਸਿੰਘ, ਡਿਪਟੀ ਡਾਇਰੈਕਟਰ ਅਜਮੇਰ ਸਿੰਘ ਤੇ ਵਿੱਤ ਸਕੱਤਰ ਗੁਰਮੇਲ ਸਿੰਘ ਆਦਿ ਨਿਗਰਾਨੀ ਹੇਠ ਹੋਇਆ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸੰਗਰੂਰ ਬਲਜਿੰਦਰ ਕੌਰ ਸ਼ਾਮਲ ਹੋਏ। ਇਸ ਮੌਕੇ ਅਕਾਲ ਕਾਲਜ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਲਕੀਤ ਸਿੰਘ ਚੰਗਾਲ, ਪ੍ਰਿੰਸੀਪਲ ਡਾ. ਸੁਖਦੀਪ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਜਦੋਂ ਕਿ ਸਮਾਰੋਹ ਦੀ ਪ੍ਰਧਾਨਗੀ ਅਕੈਡਮੀ ਪ੍ਰਿੰਸੀਪਲ ਵਿਜੈ ਪਲਾਹਾ ਨੇ ਕੀਤੀ। ਸੁਰਿੰਦਰ ਪਾਲ ਸਿੰਘ ਸਿਦਕੀ ਐਡੀਸ਼ਨਲ ਚੀਫ਼ ਸਕੱਤਰ ਸਟੱਡੀ ਸਰਕਲ ਵੱਲੋਂ ਮਹਿਮਾਨਾਂ ਦੀ ਜਾਣ ਪਛਾਣ ਕਰਵਾਈ। ਕੁਲਵੰਤ ਸਿੰਘ ਨਾਗਰੀ ਜ਼ੋਨਲ ਸਕੱਤਰ ਨੇ ਦੱਸਿਆ ਕਿ ਜ਼ੋਨ ਦੇ 50 ਸਕੂਲਾਂ ਵਿੱਚ ਪ੍ਰੀਖਿਆ ਕੇਂਦਰ ਬਣਾਏ ਗਏ ਸਨ ਅਤੇ ਜਿਨ੍ਹਾਂ ਵਿੱਚ 5000 ਵਿਦਿਆਰਥੀ ਸ਼ਾਮਲ ਹੋਏ ਸਨ। ਜਸਵੰਤ ਸਿੰਘ ਖਹਿਰਾ, ਅਜਮੇਰ ਸਿੰਘ ਫਤਿਹਗੜ੍ਹ ਛੰਨਾ ਅਤੇ ਡਾਕਟਰ ਗੁਰਵੀਰ ਸਿੰਘ ਸੋਹੀ ਨੇ ਵਿਦਿਆਰਥੀਆਂ ਵਿੱਚ ਨੈਤਿਕ ਸਿੱਖਿਆ ਦਾ ਪਸਾਰਾ ਕਰਨ ਦੇ ਅਜਿਹੇ ਉਪਰਾਲੇ ਦੀ ਸ਼ਲਾਘਾ ਕੀਤੀ। ਮੁੱਖ ਮਹਿਮਾਨ ਬਲਜਿੰਦਰ ਕੌਰ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਨੈਤਿਕ ਗੁਣਾਂ ਦਾ ਧਾਰਨੀ ਹੋਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਵਿਦਿਆਰਥਣ ਦੀਪਇੰਦਰ ਕੌਰ ਅਤੇ ਅਮਰਪ੍ਰੀਤ ਕੌਰ ਬੱਡਰੁਖਾਂ ਵੱਲੋਂ ਕਵਿਤਾਵਾਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ। ਜੇਤੂ ਵਿਦਿਆਰਥੀਆਂ ਤੋਂ ਇਲਾਵਾ ਇਮਤਿਹਾਨ ਵਿੱਚ ਸਹਿਯੋਗ ਕਰਨ ਵਾਲੇ ਵੱਖ ਵੱਖ ਸਕੂਲਾਂ ਦੇ ਅਧਿਆਪਕ ਇੰਚਾਰਜਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖ ਵੱਖ ਸਕੂਲਾਂ ਦੇ ਅਧਿਆਪਕ ਇੰਚਾਰਜ ਹਾਜ਼ਰ ਸਨ।