ਕਾਤਰੋਂ ਸਕੂਲ ਦਾ ਇਨਾਮ ਵੰਡ ਸਮਾਗਮ
ਪੱਤਰ ਪ੍ਰੇਰਕ
ਸ਼ੇਰਪੁਰ, 26 ਮਾਰਚ
ਸਰਕਾਰੀ ਪ੍ਰਾਇਮਰੀ ਸਕੂਲ ਕਾਤਰੋਂ ਵਿੱਚ ਸਕੂਲ ਮੁਖੀ ਕੁਲਵਿੰਦਰ ਸਿੰਘ ਖੇੜੀ ਦੀ ਅਗਵਾਈ ਹੇਠ ਹੌਲਦਾਰ ਬਲਵੰਤ ਸਿੰਘ ਚੌਹਾਨ ਯਾਦਗਾਰੀ ਸਾਲਾਨਾ ਇਨਾਮ ਵੰਡ ਤੇ ਸੱਭਿਆਚਾਰ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸਕੂਲ ਦੇ ਵਿੱਦਿਅਕ, ਖੇਡਾਂ ਤੇ ਹੋਰ ਖੇਤਰਾਂ ਵਿੱਚੋਂ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਪਰਵਾਸੀ ਭਾਰਤੀ ਸੁਖਵਿੰਦਰ ਸਿੰਘ ਤੇ ਬੇਅੰਤ ਸਿੰਘ ਆਸਟਰੇਲੀਆ ਦੇ ਯਤਨਾਂ ਸਦਕਾ ਹੋਏ ਇਸ ਪ੍ਰੋਗਰਾਮ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਦਰਸ਼ਨ ਸਿੰਘ ਨੇ ਮੁੱਖ ਮਹਿਮਾਨ ਅਤੇ ਮਰਹੂਮ ਬਲਵੰਤ ਚੌਹਾਨ ਦੀ ਪਤਨੀ ਗੁਰਬੰਤ ਕੌਰ, ਆਪ ਆਗੂ ਪਰਮਿੰਦਰ ਪੰਨੂੰ, ਸਰਪੰਚ ਬਹਾਦਰ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਸੰਸਥਾ ਪੰਜਾਬ ਦੇ ਆਗੂ ਹੰਸ ਰਾਜ ਬਾਵਾ ਤੇ ਪ੍ਰਿੰਸੀਪਲ ਅਮਨਦੀਪ ਬਾਦਸ਼ਾਹਪੁਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਮੁਖੀ ਕੁਲਵਿੰਦਰ ਸਿੰਘ ਨੇ ਲੰਘੇ ਸੈਸ਼ਨ ਦੌਰਾਨ ਵਿੱਦਿਅਕ, ਖੇਡਾਂ ਤੇ ਸੱਭਿਆਚਾਰਕ ਖੇਤਰ ਵਿੱਚ ਸਕੂਲ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਵੱਖ-ਵੱਖ ਖੇਤਰਾਂ ਵਿੱਚ ਮੋਹਰੀ ਰਹੇ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਜਸਪ੍ਰੀਤ ਕੌਰ ਨੇ ਨਿਭਾਈ।