ਮਾਈ ਮਾਲਾਂ ਐਜੂਕੇਸ਼ਨਲ ਟਰੱਸਟ ਵੱਲੋਂ ਇਨਾਮ ਵੰਡ ਸਮਾਰੋਹ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 25 ਨਵੰਬਰ
ਸਿੱਖਿਆ ਅਤੇ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਸੰਸਥਾਵਾਂ ‘ਮਾਈ ਮਾਲਾਂ ਐਜੂਕੇਸ਼ਨਲ ਟਰੱਸਟ ਪਿਪਲਾਂਵਾਲਾ’ ਵੱਲੋਂ 44ਵਾਂ ਸਾਲਾਨਾ ਇਨਾਮ ਵੰਡ ਸਮਾਗਮ ਟਰੱਸਟ ਦੇ ਪੈਟਰਨ ਡਾ. ਅਜੀਤ ਸਿੰਘ ਧਾਮੀ, ਪ੍ਰਧਾਨ ਕੈਪਟਨ ਊਧਮ ਸਿੰਘ ਰੱਤੂ, ਉਪ ਪ੍ਰਧਾਨ ਕੈਪਟਨ ਮਹਿੰਦਰ ਸਿੰਘ ਧਾਮੀ ਅਤੇ ਕਾਰਜਕਾਰੀ ਸਕੱਤਰ ਦੀਪਕ ਕੁਮਾਰ ਵਸ਼ਿਸ਼ਟ ਦੀ ਅਗਵਾਈ ਵਿੱਚ ਪਿੱਪਲਾਂਵਾਲਾ ਪਬਲਿਕ ਲਾਇਬ੍ਰੇਰੀ ਚੌਕ ’ਚ ਕਰਵਾਇਆ ਗਿਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਜਸਵਿੰਦਰ ਸਿੰਘ ਧਾਮੀ ਯੂ.ਐੱਸ.ਏ ਨੇ ਸ਼ਿਰਕਤ ਕੀਤੀ।
ਇਸ ਮੌਕੇ ਦੀਪਕ ਕੁਮਾਰ ਵਸ਼ਿਸ਼ਟ ਤੇ ਡਾ. ਅਜੀਤ ਸਿੰਘ ਧਾਮੀ ਨੇ ਮਾਈ ਮਾਲਾਂ ਐਜੂਕੇਸ਼ਨਲ ਟਰੱਸਟ ਦੇ ਸੰਸਥਾਪਕ ਤੇ ਲੇਖਕ ਡਾ. ਸਾਧੂ ਸਿੰਘ ਧਾਮੀ ਬਾਰੇ ਜਾਣਕਾਰੀ ਸਾਂਝੀ ਕੀਤੀ ਜਿਨ੍ਹਾਂ ਨੇ ਇਲਾਕੇ ਵਿਚ ਵਿਦਿਆ ਦੇ ਪ੍ਰਚਾਰ ਪਸਾਰ ਲਈ ਆਪਣੀ ਮਾਤਾ ਦੇ ਨਾਂਅ ’ਤੇ ਮਾਈ ਮਾਲਾਂ ਐਜੂਕੇਸ਼ਨਲ ਟਰੱਸਟ ਦੀ ਸਥਾਪਨਾ 1981 ਵਿੱਚ ਕੀਤੀ। ਜਸਵਿੰਦਰ ਸਿੰਘ ਧਾਮੀ ਨੇ ਇੱਕ ਲੱਖ ਰੁਪਏ ਦੀ ਰਾਸ਼ੀ ਟਰੱਸਟ ਨੂੰ ਭੇਟ ਕੀਤੀ। ਪ੍ਰੋ. ਹਰਬੰਸ ਸਿੰਘ ਧਾਮੀ, ਪ੍ਰੋ. ਬਹਾਦਰ ਸਿੰਘ ਸੁਨੇਤ, ਜਸਕੀਰਤ ਸਿੰਘ ਧਾਮੀ ਯੂ.ਐਸ.ਏ, ਨੇਤਰਦਾਨ ਸੰਸਥਾ ਦੇ ਸੰਜੀਵ, ਸੰਦੀਪ ਕੁਮਾਰ ਸ਼ਰਮਾ, ਚੰਦਰ ਪ੍ਰਕਾਸ਼ ਸੈਣੀ, ਰਵਿੰਦਰ ਸਿੰਘ ਧਾਮੀ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਦੌਰਾਨ ਵਿਦਿਅਕ, ਸੱਭਿਆਚਰਕ ਤੇ ਖੇਡਾਂ ਵਿੱਚ ਪ੍ਰਮੁੱਖ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।