ਪ੍ਰਿਯੰਕਾ ਦੀ ਪਾਰੀ
ਕੇਰਲਾ ਵਿੱਚ ਵਾਇਨਾਡ ਸੰਸਦੀ ਹਲਕੇ ਤੋਂ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਉਮੀਦਵਾਰ ਬਣਾਉਣਾ ਕਾਂਗਰਸ ਪਾਰਟੀ ਲਈ ਅਹਿਮ ਘਟਨਾ ਹੈ। ਪ੍ਰਿਯੰਕਾ ਗਾਂਧੀ ਨੂੰ ਸਿਆਸੀ ਸਰਗਰਮੀ ਸ਼ੁਰੂ ਕੀਤਿਆਂ ਪੰਜ ਸਾਲ ਹੋ ਚੁੱਕੇ ਹਨ ਅਤੇ ਹੁਣ ਉਹ 13 ਨਵੰਬਰ ਨੂੰ ਹੋਣ ਵਾਲੀ ਜਿ਼ਮਨੀ ਚੋਣ ਲਈ ਨਾਮਜ਼ਦਗੀ ਭਰਨਗੇ ਜੋ ਸੰਸਦ ਵਿੱਚ ਗਾਂਧੀ ਪਰਿਵਾਰ ਦੇ ਅਸਰ-ਰਸੂਖ਼ ਨੂੰ ਪੀਢਾ ਕਰਨ ਵੱਲ ਕਦਮ ਮੰਨਿਆ ਜਾਵੇਗਾ। ਕਾਂਗਰਸ ਪਾਰਟੀ ਵਿੱਚ ਪ੍ਰਿਯੰਕਾ ਗਾਂਧੀ ਦੀ ਹੁਣ ਤੱਕ ਦੀ ਪਾਰੀ ਨੂੰ ਜੇ ਗਹੁ ਨਾਲ ਦੇਖਿਆ ਜਾਵੇ ਤਾਂ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਪਰਦੇ ਪਿੱਛੇ ਰਹਿ ਕੇ ਮੋਹਰੀ ਲੀਡਰਸ਼ਿਪ ਨੂੰ ਇਮਦਾਦ ਮੁਹੱਈਆ ਕਰਵਾਈ ਹੈ ਅਤੇ ਆਪਣੀ ਰਣਨੀਤਕ ਲਿਆਕਤ ਤੇ ਲੋਕਾਂ ਨਾਲ ਰਾਬਤਾ ਕਾਇਮ ਕਰਨ ਦੀ ਕਾਬਲੀਅਤ ਦਾ ਮੁਜ਼ਾਹਰਾ ਕੀਤਾ ਹੈ।
ਸ਼ੁਰੂ ਵਿੱਚ ਪ੍ਰਿਯੰਕਾ ਗਾਂਧੀ ਨੇ ਪਾਰਟੀ ਦੇ ਜਥੇਬੰਦਕ ਆਧਾਰ ਖ਼ਾਸਕਰ ਉੱਤਰ ਪ੍ਰਦੇਸ਼ ਜਿਹੇ ਸੂਬਿਆਂ ਅੰਦਰ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਸੀ। ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਵਿੱਚ ਉਨ੍ਹਾਂ ਸਫਲ ਪ੍ਰਚਾਰ ਕੀਤਾ ਅਤੇ ਫਿਰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਰਵੀਂ ਭੂਮਿਕਾ ਨਿਭਾਈ ਜਿਸ ਸਦਕਾ ਸੰਸਦ ਵਿੱਚ ਪਾਰਟੀ ਦੀ ਸਥਿਤੀ ਬਿਹਤਰ ਹੋਈ ਅਤੇ ਨਾਲ ਹੀ ਪਾਰਟੀ ਦੀ ਅਹਿਮ ਆਗੂ ਵਜੋਂ ਉਨ੍ਹਾਂ ਦੀ ਦਿੱਖ ਸਥਾਪਿਤ ਹੋਈ ਹੈ। ਵਾਇਨਾਡ ਵਿੱਚ ਚੋਣ ਪ੍ਰਚਾਰ ਵਿੱਚ ਵੀ ਉਨ੍ਹਾਂ ਦੀ ਇਹੋ ਪਹੁੰਚ ਰਹੇਗੀ ਜਿਸ ਤਹਿਤ ਉਹ ਖੇਤਰੀ ਮੁੱਦਿਆਂ ਉੱਪਰ ਧਿਆਨ ਕੇਂਦਰਿਤ ਕਰਨਗੇ ਅਤੇ ਨਾਲ ਹੀ ਗਾਂਧੀ ਪਰਿਵਾਰ ਦੇ ਜੀਅ ਵਜੋਂ ਆਪਣੀ ਦਿੱਖ ਨੂੰ ਪੁਖ਼ਤਾ ਕਰਨਗੇ। ਉਨ੍ਹਾਂ ਦੇ ਪੋਸਟਰਾਂ ’ਤੇ ਉਨ੍ਹਾਂ ਨੂੰ ‘ਵਾਇਨਾਡ ਦੀ ਚਹੇਤੀ’ ਵਜੋਂ ਉਭਾਰਿਆ ਜਾ ਰਿਹਾ ਹੈ। ਉਨ੍ਹਾਂ ਹਲਕੇ ਵਿੱਚ ਰਾਹੁਲ ਗਾਂਧੀ ਦੇ ਕੀਤੇ ਕੰਮਾਂ ਨੂੰ ਜਾਰੀ ਰੱਖਣ ਦਾ ਵਾਅਦਾ ਕੀਤਾ ਹੈ। ਕਾਂਗਰਸ ਨੇ ਭਾਵੇਂ 2022 ਵਿੱਚ ਉਦੈਪੁਰ ਚਿੰਤਨ ਕੈਂਪ ਵਿੱਚ ‘ਇੱਕ ਪਰਿਵਾਰ ਇੱਕ ਟਿਕਟ’ ਦਾ ਨਿਯਮ ਬਣਾਇਆ ਸੀ ਪਰ ਪ੍ਰਿਯੰਕਾ ਗਾਂਧੀ ਨੂੰ ਉਮੀਦਵਾਰ ਵਜੋਂ ਉਤਾਰਨਾ ਇਸ ਨਿਯਮ ਦੀ ਲਚਕਤਾ ਨੂੰ ਦਰਸਾਉਂਦਾ ਹੈ। ਇਸ ਤਹਿਤ ਤਜਰਬੇਕਾਰ ਪਰਿਵਾਰਕ ਮੈਂਬਰ ਜੋ ਪਾਰਟੀ ਨਾਲ ਪੰਜ ਸਾਲਾਂ ਤੋਂ ਜੁੜੇ ਹੋਏ ਹਨ, ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਇਹੀ ਅਪਵਾਦ ਰਾਹੁਲ ਉੱਤੇ ਵੀ ਲਾਗੂ ਹੁੰਦਾ ਹੈ ਜਿਸ ਵਿੱਚੋਂ ਕਾਂਗਰਸ ਦੀ ਗਾਂਧੀਆਂ ’ਤੇ ਨਿਰਭਰਤਾ ਅਜੇ ਵੀ ਝਲਕਦੀ ਹੈ।
ਇਹ ਜਿ਼ਮਨੀ ਚੋਣ ਵਾਇਨਾਡ ਤੋਂ ਕਿਤੇ ਵਧ ਕੇ ਹੈ ਕਿਉਂਕਿ ਇਸ ਨਾਲ ਪ੍ਰਿਯੰਕਾ ਦੀ ਅਗਵਾਈ ਵਿੱਚ ਕਾਂਗਰਸ ਦੀ ਪਰਖ ਹੋਵੇਗੀ ਤੇ ਨਵੀਂ ਦਿਸ਼ਾ ਤੈਅ ਹੋਵੇਗੀ। ਜੇ ਉਹ ਜਿੱਤਦੀ ਹੈ ਤਾਂ ਉਸ ਦੀ ਭੂਮਿਕਾ ਪਰਿਵਾਰਕ ਹਸਤੀ ਤੋਂ ਬਦਲ ਕੇ ਰਸੂਖ਼ਵਾਨ ਸਿਆਸੀ ਆਗੂ ਦੀ ਹੋ ਜਾਵੇਗੀ। ਇਸ ਨਾਲ ਭਾਜਪਾ ਦੀਆਂ ਨੀਤੀਆਂ ਖਿ਼ਲਾਫ਼ ਕਾਂਗਰਸ ਦਾ ਰੁਖ਼ ਵੀ ਮਜ਼ਬੂਤ ਹੋਵੇਗਾ। ਵਾਇਨਾਡ ਵਿੱਚ ਉਸ ਦੇ ਵਿਰੋਧੀਆਂ ’ਚ ਭਾਜਪਾ ਵੀ ਸ਼ਾਮਿਲ ਹੈ ਜੋ ਕੇਰਲਾ ’ਚ ਆਪਣਾ ਆਧਾਰ ਵਧਾਉਣ ਲਈ ਜੱਦੋਜਹਿਦ ਕਰ ਰਹੀ ਹੈ। ਇਸ ਤੋਂ ਇਲਾਵਾ ਸੀਪੀਐੱਮ ਹੈ ਜਿਸ ਦਾ ਖੱਬੇ ਪੱਖੀ ਝੁਕਾਅ ਰੱਖਦੇ ਰਾਜ ਵਿੱਚ ਡੂੰਘਾ ਅਧਾਰ ਹੈ। ਸਿਆਸਤ ਵਿੱਚ ਆਪਣੀ ਭੂਮਿਕਾ ਨੂੰ ਨਵੇਂ ਸਿਰਿਓਂ ਪਰਿਭਾਸ਼ਿਤ ਕਰਨ ਅਤੇ ਰਾਹੁਲ-ਸੋਨੀਆ ਦੇ ਪਰਛਾਵੇਂ ’ਚੋਂ ਬਾਹਰ ਆਉਣ ਲਈ ਪ੍ਰਿਯੰਕਾ ਗਾਂਧੀ ਨੂੰ ਇਨ੍ਹਾਂ ਵਿਚਾਰਧਾਰਕ ਚੁਣੌਤੀਆਂ ’ਚੋਂ ਸੰਤੁਲਨ ਬਣਾ ਕੇ ਲੰਘਣਾ ਪਏਗਾ।