ਪ੍ਰਿਯੰਕਾ ਵੱਲੋਂ ਗਾਜ਼ਾ ’ਚ ਬੰਬਾਰੀ ਖ਼ਿਲਾਫ਼ ਭਾਰਤ ਨੂੰ ਸਹੀ ਸਟੈਂਡ ਲੈਣ ਦਾ ਹੋਕਾ
ਨਵੀਂ ਦਿੱਲੀ, 7 ਦਸੰਬਰ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਗਾਜ਼ਾ ’ਚ ਹੁਣ ਹੋਰ ਵਹਿਸ਼ੀ ਢੰਗ ਨਾਲ ਕੀਤੀ ਜਾ ਰਹੀ ਬੰਬਾਰੀ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਕੌਮਾਂਤਰੀ ਭਾਈਚਾਰੇ ਦੇ ਮੈਂਬਰ ਵਜੋਂ ਭਾਰਤ ਦਾ ਫ਼ਰਜ਼ ਬਣਦਾ ਹੈ ਕਿ ਉਹ ਸਹੀ ਗੱਲ ’ਤੇ ਸਟੈਂਡ ਲਵੇ ਅਤੇ ਜੰਗਬੰਦੀ ਫ਼ੌਰੀ ਯਕੀਨੀ ਬਣਾਉਣ ਲਈ ਹਰ ਸੰਭਵ ਉਪਰਾਲੇ ਕਰੇ।
‘ਐਕਸ’ ’ਤੇ ਪਾਈ ਪੋਸਟ ’ਚ ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਭਾਰਤ ਹਮੇਸ਼ਾ ਸਹੀ ਧਿਰ ਨਾਲ ਖੜ੍ਹਾ ਰਿਹਾ ਹੈ ਅਤੇ ਆਜ਼ਾਦੀ ਲਈ ਸ਼ੁਰੂ ਹੋਏ ਸੰਘਰਸ਼ ਤੋਂ ਉਹ ਫਲਸਤੀਨੀ ਲੋਕਾਂ ਦੀ ਹਮਾਇਤ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪੂਰੇ ਮੁਲਕ ਦਾ ਨਾਮੋ-ਨਿਸ਼ਾਨ ਮਿਟਾਇਆ ਜਾ ਰਿਹਾ ਹੈ ਅਤੇ ਹੁਣ ਤੱਕ 16 ਹਜ਼ਾਰ ਬੇਕਸੂਰ ਲੋਕ ਮਾਰੇ ਜਾ ਚੁੱਕੇ ਹਨ ਜਿਨ੍ਹਾਂ ’ਚ 10 ਹਜ਼ਾਰ ਬੱਚੇ, 60 ਤੋਂ ਜ਼ਿਆਦਾ ਪੱਤਰਕਾਰ ਅਤੇ ਸੈਂਕੜੇ ਮੈਡੀਕਲ ਵਰਕਰ ਸ਼ਾਮਲ ਹਨ। ਪ੍ਰਿਯੰਕਾ ਨੇ ਕਿਹਾ,‘‘ਇਹ ਲੋਕ ਵੀ ਸਾਡੇ ਵਾਂਗ ਹੀ ਸੁਪਨੇ ਦੇਖਦੇ ਹਨ ਪਰ ਹੁਣ ਉਨ੍ਹਾਂ ਨੂੰ ਸਾਡੀਆਂ ਹੀ ਅੱਖਾਂ ਸਾਹਮਣੇ ਮੌਤ ਦੇ ਮੂੰਹ ’ਚ ਸੁੱਟਿਆ ਜਾ ਰਿਹਾ ਹੈ। ਸਾਡੀ ਇਨਸਾਨੀਅਤ ਕਿੱਥੇ ਗਈ?’’
ਉਨ੍ਹਾਂ ਕਿਹਾ ਕਿ ਭਾਰਤ ਨੇ ਦੱਖਣੀ ਅਫ਼ਰੀਕਾ ’ਚ ਗੋਰਿਆਂ ਵੱਲੋਂ ਅਸ਼ਵੇਤਾਂ ਖ਼ਿਲਾਫ਼ ਲਾਈਆਂ ਗਈਆਂ ਪਾਬੰਦੀਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ ਅਤੇ ਹੁਣ ਫਲਸਤੀਨੀਆਂ ਖ਼ਿਲਾਫ਼ ਹੋ ਰਹੇ ਜ਼ੁਲਮ ਖ਼ਿਲਾਫ਼ ਉਸ ਨੂੰ ਕੌਮਾਂਤਰੀ ਭਾਈਚਾਰੇ ’ਚ ਜ਼ੋਰਦਾਰ ਢੰਗ ਨਾਲ ਆਵਾਜ਼ ਚੁੱਕਣੀ ਚਾਹੀਦੀ ਹੈ ਤਾਂ ਜੋ ਜੰਗ ਨੂੰ ਖ਼ਤਮ ਕਰਵਾਇਆ ਜਾ ਸਕੇ। -ਪੀਟੀਆਈ