ਪ੍ਰਿਯੰਕਾ ਨੇ ਸੰਵਿਧਾਨ ਦੀ ਕਾਪੀ ਫੜ ਕੇ ਸਹੁੰ ਚੁੱਕੀ
ਨਵੀਂ ਦਿੱਲੀ, 28 ਨਵੰਬਰ
ਸਰਗਰਮ ਸਿਆਸਤ ’ਚ ਸ਼ਾਮਲ ਹੋਣ ਦੇ ਪੰਜ ਸਾਲ ਬਾਅਦ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵਜੋਂ ਆਪਣੀ ਯਾਤਰਾ ਸ਼ੁਰੂ ਕਰਨ ਲਈ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਸੰਵਿਧਾਨ ਦੀ ਕਾਪੀ ਹੱਥ ’ਚ ਫੜ ਕੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਇਸੇ ਤਰ੍ਹਾਂ ਨਾਂਦੇੜ ਜ਼ਿਮਨੀ ਚੋਣ ’ਚ ਜਿੱਤ ਦਰਜ ਕਰਨ ਵਾਲੇ ਕਾਂਗਰਸ ਦੇ ਸੰਸਦ ਮੈਂਬਰ ਰਵਿੰਦਰ ਚਵਾਨ ਨੇ ਮਰਾਠੀ ਭਾਸ਼ਾ ’ਚ ਹਲਫ਼ ਲਿਆ।
52 ਸਾਲਾ ਪ੍ਰਿਯੰਕਾ ਇੱਕ ਸੰਸਦ ਮੈਂਬਰ ਵਜੋਂ ਆਪਣੀ ਮਾਂ ਸੋਨੀਆ ਗਾਂਧੀ ਤੇ ਭਰਾ ਰਾਹੁਲ ਗਾਂਧੀ ਨਾਲ ਸੰਸਦ ’ਚ ਇੱਕ ਹੀ ਪਰਿਵਾਰ ਦੇ ਤਿੰਨ ਸੰਸਦ ਮੈਂਬਰ ਹੋਣ ਦੀ ਵਿਲੱਖਣ ਮਿਸਾਲ ਹੈ। ਪ੍ਰਿਯੰਕਾ ਨੇ ਹਿੰਦੀ ’ਚ ਸਹੁੰ ਚੁੱਕੀ। ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਨੇ ਸਹੁੰ ਚੁੱਕਦੇ ਸਮੇਂ ਸੰਵਿਧਾਨ ਦੀ ਲਾਲ ਤੇ ਕਾਲੀ ਕਾਪੀ ਫੜੀ ਹੋਈ ਸੀ, ਜੋ ਰਾਹੁਲ ਗਾਂਧੀ ਆਪਣੀਆਂ ਜਨਤਕ ਰੈਲੀਆਂ ’ਚ ਦਿਖਾਉਂਦੇ ਹਨ।
ਪ੍ਰਿਯੰਕਾ ਗਾਂਧੀ ਦੇ ਸਹੁੰ ਚੁੱਕਣ ਸਮੇਂ ਕਾਂਗਰਸ ਦੇ ਸੰਸਦ ਮੈਂਬਰ ‘ਜੋੜੋ ਜੋੜੋ, ਭਾਰਤ ਜੋੜੋ’ ਦੇ ਨਾਅਰੇ ਮਾਰ ਰਹੇ ਸਨ। ਇਸ ਮੌਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਉਨ੍ਹਾਂ ਦੀ ਮਾਂ ਅਤੇ ਕਾਂਗਰਸ ਸੰਸਦੀ ਪਾਰਟੀ ਦੀ ਮੁਖੀ ਸੋਨੀਆ ਗਾਂਧੀ, ਉਨ੍ਹਾਂ ਦੇ ਪਤੀ ਰਾਬਰਟ ਵਾਡਰਾ, ਪੁੱਤਰ ਰੇਹਾਨ ਅਤੇ ਧੀ ਮਿਰਾਇਆ ਦਰਸ਼ਕ ਗੈਲਰੀ ’ਚ ਬੈਠੇ ਹੋਏ। ਇਸ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਸੰਸਦੀ ਕੰਪਲੈਕਸ ਵਿਚਲੇ ਕਾਂਗਰਸ ਸੰਸਦੀ ਪਾਰਟੀ ਦੇ ਦਫ਼ਤਰ ’ਚ ਪੁੱਜੀ ਜਿੱਥੇ ਪਾਰਟੀ ਆਗੂਆਂ ਨੇ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਸਹੁੰ ਚੁੱਕਣ ਮਗਰੋਂ ਪ੍ਰਿਯੰਕਾ ਨੇ ਰਸਮੀ ਕਾਰਵਾਈ ਪੂਰੀ ਕੀਤੀ ਅਤੇ ਆਪਣੇ ਭਰਾ ਰਾਹੁਲ ਗਾਂਧੀ ਨੂੰ ਗਲੇ ਲੱਗ ਕੇ ਮਿਲੀ। -ਪੀਟੀਆਈ