ਪ੍ਰਿਯੰਕਾ ਬਾਘ ਹਮਲੇ ’ਚ ਮਰੀ ਔਰਤ ਦੇ ਪਰਿਵਾਰ ਨੂੰ ਮਿਲੀ
* ਪੁੱਤ ਨਾਲ ਖ਼ੁਦਕੁਸ਼ੀ ਕਰਨ ਵਾਲੇ ਸਾਬਕਾ ਕਾਂਗਰਸੀ ਆਗੂ ਦੇ ਪਰਿਵਾਰ ਨੂੰ ਵੀ ਇਨਸਾਫ਼ ਦਾ ਭਰੋਸਾ ਦਿੱਤਾ
ਵਾਇਨਾਡ, 28 ਜਨਵਰੀ
ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪਿਛਲੇ ਹਫ਼ਤੇ ਬਾਘ ਵੱਲੋਂ ਮਾਰੀ ਔਰਤ ਰਾਧਾ ਦੇ ਪਰਿਵਾਰ ਨਾਲ ਅੱਜ ਮੁਲਾਕਾਤ ਕੀਤੀ। ਇਸ ਦੌਰਾਨ ਉਹ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਅਹੁਦੇਦਾਰ ਐੱਨਐੱਮ ਵਿਜਯਨ ਦੇ ਪਰਿਵਾਰ ਨੂੰ ਵੀ ਮਿਲੇ ਤੇ ਉਨ੍ਹਾਂ ਨਾਲ ਦੁੱਖ ਵੰਡਾਿੲਆ, ਜਿਨ੍ਹਾਂ ਦਸੰਬਰ 2024 ਵਿੱਚ ਆਪਣੇ ਪੁੱਤਰ ਨਾਲ ਖ਼ੁਦਕੁਸ਼ੀ ਕਰ ਲਈ ਸੀ।
ਸੀਪੀਆਈ(ਐੱਮ) ਵਰਕਰਾਂ ਨੇ ਇਸ ਦੌਰਾਨ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਦੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਅਤੇ ‘ਵਾਪਸ ਜਾਓ’ ਦੇ ਨਾਅਰੇ ਲਾਏ। ਕਾਂਗਰਸ ਦੀ ਜਨਰਲ ਸਕੱਤਰ ਬਾਅਦ ਦੁਪਹਿਰ ਲਗਪਗ 1.15 ਵਜੇ ਰਾਧਾ ਦੇ ਘਰ ਪਹੁੰਚੀ ਅਤੇ ਪੀੜਤ ਪਰਿਵਾਰ ਨਾਲ ਦੁੱਖ ਵੰਡਾਇਆ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। 24 ਜਨਵਰੀ ਨੂੰ ਮਨੰਤਵਾਦੀ ਪਿੰਡ ਵਿੱਚ ਕਾਫੀ ਬੀਨਜ਼ ਇਕੱਠੀ ਕਰਨ ਗਈ ਰਾਧਾ ’ਤੇ ਬਾਘ ਨੇ ਹਮਲਾ ਕਰ ਦਿੱਤਾ ਸੀ। ਜੰਗਲਾਤ ਅਧਿਕਾਰੀਆਂ ਨੇ ਦੱਸਿਆ ਕਿ ਰਾਧਾ ’ਤੇ ਹਮਲਾ ਕਰਨ ਵਾਲਾ ਬਾਘ ਸੋਮਵਾਰ ਨੂੰ ਕੇਰਲ ਦੇ ਵਾਇਨਾਡ ਜ਼ਿਲ੍ਹੇ ਵਿੱਚ ਮਰਿਆ ਹੋਇਆ ਮਿਲਿਆ। ਬਾਘ ਦੇ ਪੇਟ ਵਿੱਚੋਂ ਪੀੜਤ ਦੇ ਵਾਲ, ਕੱਪੜੇ ਅਤੇ ਕੰਨਾਂ ਦੀਆਂ ਵਾਲੀਆਂ ਮਿਲੀਆਂ ਸਨ। ਪ੍ਰਿਯੰਕਾ ਨੇ ਪੀੜਤ ਪਰਿਵਾਰ ਦੀ ਮਦਦ ਦਾ ਭਰੋਸਾ ਦਿੱਤਾ। -ਪੀਟੀਆਈ
ਜੰਗਲੀ ਜਾਨਵਰਾਂ ਦੇ ਹਮਲਿਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨਾ ਪਵੇਗਾ: ਪ੍ਰਿਯੰਕਾ
ਵਾਇਨਾਡ:
ਪ੍ਰਿਯੰਕਾ ਨੇ ਕਿਹਾ ਕਿ ਕੇਰਲ ਵਿੱਚ ਜੰਗਲੀ ਜਾਨਵਰਾਂ ਦੇ ਹਮਲਿਆਂ ਨਾਲ ਨਜਿੱਠਣ ਲਈ ਕਾਫੀ ਫੰਡ ਦੀ ਜ਼ਰੂਰ ਹੈ ਪਰ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਇਸ ਸਬੰਧੀ ਬਹੁਤ ਘੱਟ ਫੰਡ ਮਿਲ ਰਹੇ ਹਨ। ਉਨ੍ਹਾਂ ਇਹ ਮੁੱਦਾ ਸੰਸਦ ਵਿੱਚ ਚੁੱਕਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ, ‘ਮੈਂ ਕਾਨੂੰਨ ਵਿੱਚ ਤਬਦੀਲੀ ਲਈ ਕੋਈ ਪਹਿਲ ਨਹੀਂ ਕਰਾਂਗੀ ਪਰ ਸੰਸਦ ਵਿੱਚ ਲੋਕਾਂ ਦੀਆਂ ਜ਼ਰੂਰਤਾਂ ਦਾ ਮੁੱਦਾ ਜ਼ਰੂਰ ਚੁੱਕਾਂਗੀ, ਜਿਸ ਵਿੱਚ ਲੋਕਾਂ ਦੀ ਸੁਰੱਖਿਆ ਦੀ ਸਭ ਤੋਂ ਵੱਡੀ ਜ਼ਰੂਰਤ ਵੀ ਸ਼ਾਮਲ ਹੈ।’ ਉਨ੍ਹਾਂ ਕਿਹਾ ਕਿ ਕੇਂਦਰ, ਰਾਜ ਸਰਕਾਰ ਅਤੇ ਲੋਕ ਨੁਮਾਇੰਦਿਆਂ ਸਮੇਤ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ ਕਿਉਂਕਿ ਜੰਗਲੀ ਜਾਨਵਰਾਂ ਦੇ ਹਮਲਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ‘ਕੋਈ ਤਿਆਰ ਹੱਲ’ ਨਹੀਂ ਹੈ। -ਪੀਟੀਆਈ