ਪ੍ਰਿਯੰਕਾ ਗਾਂਧੀ ਵਾਇਨਾਡ ਤੋਂ ਬੁੱਧਵਾਰ ਨੂੰ ਭਰਨਗੇ ਨਾਮਜ਼ਦਗੀ
ਨਵੀਂ ਦਿੱਲੀ, 21 ਅਕਤੂਬਰ
Wayanad Lok Sabha bypoll: ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ (Congress leader Priyanka Gandhi Vadra) ਕੇਰਲ ਦੇ ਲੋਕ ਸਭਾ ਹਲਕੇ ਵਾਇਨਾਡ ਦੀ ਜ਼ਿਮਨੀ ਚੋਣ ਲਈ ਬੁੱਧਵਾਰ 23 ਅਕਤੂਬਰ ਨੂੰ ਆਪਣੇ ਕਾਗਜ਼ ਭਰਨਗੇ। ਇਹ ਜਾਣਕਾਰੀ ਪਾਰਟੀ ਸੂਤਰਾਂ ਨੇ ਦਿੱਤੀ ਹੈ।
ਸੂਤਰਾਂ ਮੁਤਾਬਕ ਇਸ ਮੌਕੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੀ ਹਾਜ਼ਰ ਰਹਿਣਗੇ। ਪ੍ਰਿਯੰਕਾ ਨੇ ਇਸ ਸਬੰਧ ਵਿਚ ਸੋਮਵਾਰ ਨੂੰ ਇਥੇ ਪਾਰਟੀ ਪ੍ਰਧਾਨ ਖੜਗੇ ਨੂੰ ਮਿਲ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ।
ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਕਾਗਜ਼ ਭਰਨ ਤੋਂ ਪਹਿਲਾਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੀ ਅਗਵਾਈ ਹੇਠ ਪਾਰਟੀ ਵੱਲੋਂ ਵਾਇਨਾਡ ਵਿਚ ਜ਼ਿਲ੍ਹਾ ਕੁਲੈਕਟਰ ਦੇ ਦਫ਼ਤਰ ਤੱਕ ਇਕ ਰੋਡਸ਼ੋਅ ਵੀ ਕੱਢਿਆ ਜਾਵੇਗਾ ਅਤੇ ਇਸ ਤੋਂ ਬਾਅਦ ਉਥੇ ਕਾਗਜ਼ ਦਾਖ਼ਲ ਕੀਤੇ ਜਾਣਗੇ। ਗ਼ੌਰਤਲਬ ਹੈ ਕਿ ਇਹ ਸੀਟ ਰਾਹੁਲ ਗਾਂਧੀ ਵੱਲੋਂ ਹੀ ਖ਼ਾਲੀ ਕੀਤੀ ਗਈ ਹੈ, ਜੋ ਹਾਲੀਆ ਲੋਕ ਸਭਾ ਚੋਣਾਂ ਦੌਰਾਨ ਦੋ ਹਲਕਿਆਂ (ਵਾਇਨਾਡ ਤੇ ਯੂਪੀ ਦੇ ਰਾਏ ਬਰੇਲੀ) ਤੋਂ ਸੰਸਦ ਮੈਂਬਰ ਚੁਣੇ ਗਏ ਸਨ ਅਤੇ ਬਾਅਦ ਵਿਚ ਉਨ੍ਹਾਂ ਰਾਏ ਬਰੇਲੀ ਸੀਟ ਰੱਖਣ ਦਾ ਫ਼ੈਸਲਾ ਕਰਦਿਆਂ ਵਾਇਨਾਡ ਸੀਟ ਖ਼ਾਲੀ ਕਰ ਦਿੱਤੀ ਸੀ।
ਪ੍ਰਿਯੰਕਾ ਇਸ ਹਲਕੇ ਤੋਂ ਯੂਡੀਐੱਫ਼ (ਯੂਨਾਈਟਿਡ ਡੈਮੋਕ੍ਰੈਟਿਕ ਫਰੰਟ) ਦੇ ਉਮੀਦਵਾਰ ਵਜੋਂ ਨਾਮਜ਼ਦਗੀ ਭਰਨਗੇ। ਇਸ ਮੌਕੇ ਕਾਂਗਰਸ ਦੇ ਮੁੱਖ ਮੰਤਰੀਆਂ ਦੇ ਵੀ ਹਾਜ਼ਰੀ ਭਰਨ ਦੇ ਆਸਾਰ ਹਨ। ਵਾਇਨਾਡ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਾਂ 13 ਨਵੰਬਰ ਨੂੰ ਪੈਣਗੀਆਂ ਅਤੇ ਗਿਣਤੀ 23 ਨਵੰਬਰ ਨੂੰ ਹੋਵੇਗੀ। ਕਾਗਜ਼ ਭਰਨ ਦੀ ਆਖ਼ਰੀ ਤਾਰੀਖ਼ 25 ਅਕਤੂਬਰ ਹੈ। -ਪੀਟੀਆਈ