ਪ੍ਰਿਯੰਕਾ ਗਾਂਧੀ ਨੇ ਵਾਇਨਾਡ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਲਈ ਕਾਗਜ਼ ਭਰੇ
ਵਾਇਨਾਡ, 23 ਅਕਤੂਬਰ
Wayanad Bypoll: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਬੁੱਧਵਾਰ ਨੂੰ ਕੇਰਲ ਦੇ ਵਾਇਨਾਡ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਇਸ ਦੇ ਨਾਲ ਹੀ ਪ੍ਰਿਯੰਕਾ ਗਾਂਧੀ ਪਹਿਲੀ ਵਾਰ ਕਿਸੇ ਚੋਣ ਮੈਦਾਨ ਵਿਚ ਨਿੱਤਰ ਆਏ ਹਨ।
ਉਨ੍ਹਾਂ ਵਾਇਨਾਡ ਚੋਣ ਦੀ ਰਿਟਰਨਿੰਗ ਅਫ਼ਸਰ ਅਤੇ ਜ਼ਿਲ੍ਹਾ ਕੁਲੈਕਟਰ ਮੇਘਾਸ੍ਰੀ ਕੋਲ ਨਾਮਜ਼ਦਗੀ ਕਾਗਜ਼ਾਂ ਦੇ ਤਿੰਨ ਸੈੱਟ ਦਾਖ਼ਲ ਕੀਤੇ ਹਨ। ਜਦੋਂ ਉਨ੍ਹਾਂ ਕਾਗਜ਼ਾਂ ਉਤੇ ਦਸਤਖ਼ਤ ਕੀਤੇ ਤਾਂ ਉਨ੍ਹਾਂ ਦੇ ਪਤੀ ਰੌਬਰਟ ਵਾਡਰਾ ਅਤੇ ਉਨ੍ਹਾਂ ਦਾ ਪੁੱਤਰ ਉਨ੍ਹਾਂ ਨਾਲ ਸਨ। ਉਨ੍ਹਾਂ ਦੀ ਮਾਤਾ ਤੇ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਪਿੱਛੇ ਬੈਠੇ ਸਨ।
ਦੇਖੋ ਵੀਡੀਓ:
#WATCH | Kerala: Congress leader Priyanka Gandhi Vadra files her nomination for Wayanad parliamentary by-election, in the presence of CPP Chairperson Sonia Gandhi, Congress President Mallikarjun Kharge, Leader of Opposition Rahul Gandhi and Congress general secretary KC… pic.twitter.com/ykU6ljJkrm
— ANI (@ANI) October 23, 2024
ਇਸ ਦੌਰਾਨ ਉਦੋਂ ਕੁਝ ਭੰਬਲਭੂਸਾ ਪੈਦਾ ਹੋਇਆ ਜਦੋਂ ਅਧਿਕਾਰੀਆਂ ਨੇ ਜ਼ੋਰ ਦਿੱਤਾ ਕਿ ਕਾਗਜ਼ ਭਰਨ ਲਈ ਰਿਟਰਨਿੰਗ ਅਫ਼ਸਰ ਦੇ ਚੈਂਬਰ ਵਿਚ ਉਮੀਦਵਾਰ ਨਾਲ ਸਿਰਫ਼ ਪੰਜ ਜਣੇ ਹੀ ਜਾ ਸਕਦੇ ਹਨ। ਇਸ ਉਤੇ ਥੋੜ੍ਹੀ ਦੇਰ ਬਾਅਦ ਰੌਬਰਟ ਵਾਡਰਾ ਤੇ ਉਨ੍ਹਾਂ ਦਾ ਪੁੱਤਰ ਚੈਂਬਰ ਤੋਂ ਬਾਹਰ ਆ ਗਏ ਤਾਂ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਜਨਰਲ ਸਕੱਤਰ ਤੇ ਲੋਕ ਸਭਾ ਐੱਮਪੀ ਕੇਸੀ ਵੇਣੂਗੋਪਾਲ ਅੰਦਰ ਜਾ ਸਕਣ।
ਇਸ ਮੌਕੇ ਪ੍ਰਿਯੰਕਾ ਦੇ ਭਰਾ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੀ ਹਾਜ਼ਰ ਸਨ। ਗ਼ੌਰਤਲਬ ਹੈ ਕਿ ਵਾਇਨਾਡ ਹਲਕੇ ਦੀ ਜ਼ਿਮਨੀ ਚੋਣ ਇਸ ਹਲਕੇ ਨੂੰ ਰਾਹੁਲ ਗਾਂਧੀ ਵੱਲੋਂ ਹੀ ਖ਼ਾਲੀ ਕੀਤੇ ਜਾਣ ਕਾਰਨ ਹੋ ਰਹੀ ਹੈ, ਕਿਉਂਕਿ ਉਹ ਦੋ ਹਲਕਿਆਂ ਤੋਂ ਚੋਣ ਜਿੱਤੇ ਸਨ। ਇਸ ਜ਼ਿਮਨੀ ਚੋਣ ਲਈ ਵੋਟਾਂ 13 ਨਵੰਬਰ ਨੂੰ ਪੈਣਗੀਆਂ ਅਤੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ।
ਕਾਗਜ਼ ਦਾਖ਼ਲ ਕੀਤੇ ਜਾਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਵਾਇਨਾਡ ਵਿਚ ਇਕ ਵਿਸ਼ਾਲ ਰੋਡਸ਼ੋਅ ਕੀਤਾ। ਇਸ ਮੌਕੇ ਬੋਲਦਿਆਂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਉਨ੍ਹਾਂ ਦਾ ਚੋਣ ਪ੍ਰਚਾਰ ਕਰਨ ਦਾ 35 ਸਾਲਾਂ ਦਾ ਤਜਰਬਾ ਹੈ ਅਤੇ ਉਨ੍ਹਾਂ 1989 ਵਿਚ 17 ਸਾਲਾਂ ਦੀ ਉਮਰ ਵਿਚ ਹੀ ਸਿਆਸੀ ਮੁਹਿੰਮਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਉਨ੍ਹਾਂ ਆਪਣੇ ਪਿਤਾ ਅਤੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਲਈ ਚੋਣ ਪ੍ਰਚਾਰ ਕੀਤਾ ਸੀ।
ਰੋਡ ਸ਼ੋਅ ਦੀ ਸ਼ੁਰੂਆਤ ਤੋਂ ਪਹਿਲਾਂ ਕਲਪੇਟਾ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਮਾਤਾ ਸੋਨੀਆ ਗਾਂਧੀ ਤੇ ਭਰਾ ਰਾਹੁਲ ਗਾਂਧੀ ਅਤੇ ਹੋਰ ਪਾਰਟੀ ਆਗੂਆਂ ਦੀਆਂ ਚੋਣ ਮੁਹਿੰਮਾਂ ਦੀ ਵੀ ਅਗਵਾਈ ਕੀਤੀ ਹੈ। ਗ਼ੌਰਤਲਬ ਹੈ ਕਿ ਬੀਤੇ ਦਿਨ ਵਾਇਨਾਡ ਤੋਂ ਭਾਜਪਾ ਉਮੀਦਵਾਰ ਨਵਿਆ ਹਰੀਦਾਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਲੋਕਾਂ ਦੀ ਨੁਮਾਇੰਦਗੀ ਦੇ ਮਾਮਲੇ ਵਿਚ ਪ੍ਰਿਯੰਕਾ ਤੋਂ ਵੱਧ ਤਜਰਬਾ ਹਾਸਲ ਹੈ। -ਪੀਟੀਆਈ