ਪ੍ਰਿਯੰਕਾ ਚੋਪੜਾ ਦੀ ਫ਼ਿਲਮ ‘ਪਾਨੀ’ 18 ਅਕਤੂਬਰ ਨੂੰ ਰਿਲੀਜ਼ ਹੋਵੇਗੀ
ਨਵੀਂ ਦਿੱਲੀ:
ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੇ ਮਰਾਠੀ ਫ਼ਿਲਮ ‘ਪਾਨੀ’ ਦੀ ਰਿਲੀਜ਼ ਹੋਣ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਇਹ ਫ਼ਿਲਮ ਪ੍ਰਿਯੰਕਾ ਨੇ ਆਪਣੀ ਮਾਂ ਮਧੂ ਚੋਪੜਾ ਨਾਲ ਮਿਲ ਕੇ ਆਪਣੇ ਪ੍ਰੋਡਕਸ਼ਨ ‘ਪਰਪਲ ਪੈਬਲ ਪਿਕਚਰਜ਼’ ਦੇ ਬੈਨਰ ਹੇਠ ਤਿਆਰ ਕੀਤੀ ਹੈ। ਦੱਸਣਯੋਗ ਹੈ ਕਿ ਇਸ ਮਰਾਠੀ ਫ਼ਿਲਮ ਨੇ ਸਾਲ 2019 ਵਿੱਚ ਵਾਤਾਵਰਨ ਸੰਭਾਲ ਵਜੋਂ ‘ਸਰਵੋਤਮ ਫ਼ਿਲਮ’ ਕੌਮੀ ਪੁਰਸਕਾਰ ਹਾਸਲ ਕੀਤਾ ਸੀ। ਇਹ ਫ਼ਿਲਮ ਹੁਣ 18 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਪ੍ਰਿਯੰਕਾ ਨੇ ਰਾਜਸ੍ਰੀ ਐਂਟਰਟੇਨਮੈਂਟ ਅਤੇ ਕੋਠਾਰੇ ਵਿਜ਼ਨ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਇਸ ਪ੍ਰਾਜੈਕਟ ਦਾ ਨਿਰਮਾਣ ਕੀਤਾ ਹੈ। 42 ਸਾਲਾ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਫ਼ਿਲਮ ਦਾ ਟੀਜ਼ਰ ਸਾਂਝਾ ਕਰਦਿਆਂ ਆਖਿਆ, ‘‘ਇਹ ਬਹੁਤ ਹੀ ਸਪੈਸ਼ਲ ਹੈ, ਸਾਡੀ ਮਰਾਠੀ ਫ਼ਿਲਮ ‘ਪਾਨੀ’ ਰਿਲੀਜ਼ ਲਈ ਤਿਆਰ ਹੈ ਜੋ 18 ਅਕਤੂਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।’’ ‘ਪਾਨੀ’ ਦੇ ਨਿਰਦੇਸ਼ਨ ਰਾਹੀਂ ਆਦਿਨਾਥ ਐੱਮ ਕੋਠਾਰੇ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਆਦਿਨਾਥ ਨੇ ਇਸ ਤੋਂ ਪਹਿਲਾਂ ਰੁਚਾ ਵੈਦਿਆ, ਸੁਬੋਧ ਭਵੇ, ਰਜਿਤ ਕਪੂਰ, ਕਿਸ਼ੋਰ ਕਦਮ, ਸਚਿਨ ਗੋਸਵਾਮੀ, ਮੋਹਨਾਬਾਈ, ਸ੍ਰੀਪਦ ਜੋਸ਼ੀ ਅਤੇ ਵਿਕਾਸ ਪਾਂਡੁਰੰਗ ਪਾਟਿਲ ਦੇ ਨਾਲ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ। ਇਸ ਫ਼ਿਲਮ ਦੀ ਕਹਾਣੀ ਨਿਤਿਨ ਦੀਕਸ਼ਿਤ ਨੇ ਲਿਖੀ ਹੈ। ਇਸ ਵਿੱਚ ਸੋਕੇ ਦੀ ਮਾਰ ਝੱਲ ਰਹੇ ਪਿੰਡ ਵਿੱਚ ਰਹਿਣ ਵਾਲੇ ਇੱਕ ਆਮ ਆਦਮੀ ਦੀ ਕਹਾਣੀ ਬਿਆਨੀ ਗਈ ਹੈ। -ਪੀਟੀਆਈ