ਪ੍ਰਿਯੰਕਾ ਚੋਪੜਾ ਵੱਲੋਂ ਧੀ ਦਿਵਸ ’ਤੇ ਮਾਲਤੀ ਮੈਰੀ ਦੀ ਤਸਵੀਰ ਸਾਂਝੀ
ਕੈਨਬਰਾ: ਅੱਜ-ਕੱਲ੍ਹ ਹੌਲੀਵੁੱਡ ਵਿੱਚ ਕੰਮ ਕਰ ਰਹੀ ਅਦਾਕਾਰਾ ਪ੍ਰਿਯੰਕਾ ਚੋਪੜਾ ਇਸ ਵੇਲੇ ਫਿਲਮ ‘ਦਿ ਬਲੱਫ’ ਲਈ ਕੰਮ ਕਰ ਰਹੀ ਹੈ। ਉਸ ਨੇ ਧੀ ਦਿਵਸ ਮੌਕੇ ਆਪਣੀ ਬੇਟੀ ਮਾਲਤੀ ਮੈਰੀ ਦੀ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਉਸ ਦੀ ਧੀ ਆਪਣੀ ਮਾਂ ਦਾ ਮੇਕਅੱਪ ਕਰਦੀ ਨਜ਼ਰ ਆ ਰਹੀ ਹੈ। ਪ੍ਰਿਯੰਕਾ ਨੇ ਇੰਸਟਾਗ੍ਰਾਮ ’ਤੇ ਇਕ ਸਟੋਰੀ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਮਾਲਤੀ ਆਪਣੀ ਮਾਂ ਦੀ ਮੇਕਅਪ ਵਿੱਚ ਮਦਦ ਕਰਦੀ ਦਿਖਾਈ ਦੇ ਰਹੀ ਹੈ। ਇਹ ਤਸਵੀਰ ਸਾਂਝੀ ਕਰਨ ਤੋਂ ਬਾਅਦ ਉਸ ਦੇ ਪ੍ਰਸ਼ੰਸਕਾਂ ਨੇ ਮਾਲਤੀ ਨਾਲ ਪਿਆਰ ਜਤਾਉਂਦਿਆਂ ਟਿੱਪਣੀਆਂ ਵੀ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਪ੍ਰਿਯੰਕਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ ਤੇ ਆਪਣੀ ਬੇਟੀ ਦੀਆਂ ਤਸਵੀਰਾਂ ਵੀ ਸਾਂਝੀਆਂ ਕਰਦੀ ਰਹਿੰਦੀ ਹੈ। ਫਿਲਮ ਦੀ ਗੱਲ ਕਰੀਏ ਤਾਂ ‘ਦਿ ਬਲੱਫ’ ਦਾ ਨਿਰਦੇਸ਼ਨ ਫਰੈਂਕ ਈ ਫਲਾਵਰਜ਼ ਕਰ ਰਹੇ ਹਨ। ਫਿਲਮ ’ਚ 19ਵੀਂ ਸਦੀ ਦਾ ਕੈਰੇਬੀਅਨ ਦਿਖਾਇਆ ਗਿਆ ਹੈ ਜਿਸ ਵਿੱਚ ਪ੍ਰਿਯੰਕਾ ਪਹਿਲਾਂ ਸਮੁੰਦਰ ਵਿੱਚ ਲੁੱਟਾਂ-ਖੋਹਾਂ ਕਰਦੀ ਹੈ ਪਰ ਬਾਅਦ ਵਿੱਚ ਆਪਣੇ ਪਰਿਵਾਰ ਦੀ ਰੱਖਿਆ ਕਰਨੀ ਚਾਹੁੰਦੀ ਹੈ ਜਦੋਂਕਿ ਉਸ ਦੇ ਅਤੀਤ ਦੇ ਰਹੱਸਮਈ ਪਾਪ ਉਸ ਦਾ ਪਿੱਛਾ ਨਹੀਂ ਛੱਡਦੇ। ਫਿਲਮ ਦਾ ਨਿਰਮਾਣ ਰੂਸੋ ਬ੍ਰਦਰਜ਼ ਦੇ ਬੈਨਰ ਹੇਠ ਏਜੀਬੀਓ ਸਟੂਡੀਓਜ਼ ਅਤੇ ਐਮਾਜ਼ੋਨ ਐੱਮਜੀਐੱਮ ਸਟੂਡੀਓਜ਼ ਨੇ ਕੀਤਾ ਹੈ। -ਏਐੱਨਆਈ