ਪ੍ਰਿਯੰਕਾ ਚੋਪੜਾ ਨੇ ਨਿਊਯਾਰਕ ਦੇ ਰੇਸਤਰਾਂ ‘ਸੋਨਾ’ ਦੀ ਭਾਈਵਾਲੀ ਛੱਡੀ
ਲਾਸ ਏਂਜਲਸ: ਅਦਾਕਾਰਾ ਤੇ ਨਿਰਮਾਤਾ ਪ੍ਰਿਅੰਕਾ ਚੋਪੜਾ ਜੋਨਸ ਨੇ ਨਿਊਯਾਰਕ ਵਿਚ ਖੋਲ੍ਹੇ ਭਾਰਤੀ ਰੇਸਤਰਾਂ ‘ਸੋਨਾ’ ਤੋਂ ਦੂਰੀ ਬਣਾ ਲਈ ਹੈ। ਉਹ ਹੁਣ ਇਸ ਰੇਸਤਰਾਂ ਦੀ ਭਾਈਵਾਲ ਨਹੀਂ ਰਹੀ। ਇਹ ਰੇਸਤਰਾਂ ਕਰੋਨਾ ਮਹਾਮਾਰੀ ਦੌਰਾਨ 2021 ਵਿੱਚ ਖੋਲ੍ਹਿਆ ਗਿਆ ਸੀ। ਇਸ ਦੀ ਪੁਸ਼ਟੀ ਵੈੱਬ ਸੀਰੀਜ਼ ‘ਸਿਟਾਡੇਲ’ ਦੀ ਸਟਾਰ ਦੇ ਬੁਲਾਰੇ ਨੇ ਪੀਪਲ ਮੈਗਜ਼ੀਨ ਨੂੰ ਕੀਤੀ ਹੈ। ਉਸ ਨੇ ਕਿਹਾ,‘ਸੋਨਾ ਨੂੰ ਜੀਵਨ ਵਿੱਚ ਲਿਆਉਣਾ ਪ੍ਰਿਯੰਕਾ ਦੇ ਕਰੀਅਰ ਵਿੱਚ ਹਮੇਸ਼ਾ ਇੱਕ ਮਾਣ ਵਾਲਾ ਅਤੇ ਮਹੱਤਵਪੂਰਨ ਪਲ ਹੋਵੇਗਾ। ਪ੍ਰਿਯੰਕਾ ਨੇ ਹਮੇਸ਼ਾ ਭਾਰਤੀ ਸੱਭਿਆਚਾਰ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਭਾਵੇਂ ਉਹ ਫਿਲਮ ਜਾਂ ਟੀਵੀ ਲਈ ਦਿਲਚਸਪ ਸਮੱਗਰੀ ਰਾਹੀਂ ਹੋਵੇ ਜਾਂ ਭਾਰਤੀ ਪਕਵਾਨਾਂ ਜ਼ਰੀਏ।’ ਜ਼ਿਕਰਯੋਗ ਹੈ ਕਿ ਪ੍ਰਿਯੰਕਾ ਨੇ ਬੌਲੀਵੁੱਡ ਤੋਂ ਇਲਾਵਾ ਹੌਲੀਵੁੱਡ ਵਿਚ ਵੀ ਨਾਮਣਾ ਖੱਟਿਆ ਹੈ ਤੇ ਉਹ ਸਫਲ ਉਦਮੀ ਵਜੋਂ ਵੀ ਜਾਣੀ ਜਾਂਦੀ ਹੈ। ਰੇਸਤਰਾਂ ਸੋਨਾ ਦੇ ਸਹਿ-ਸੰਸਥਾਪਕ ਅਤੇ ਪ੍ਰਿਯੰਕਾ ਦੇ ਦੋਸਤ ਮਨੀਸ਼ ਕੇ ਗੋਇਲ ਨੇ ਕਿਹਾ, ‘ਪ੍ਰਿਯੰਕਾ ਨਾਲ ਕੰਮ ਕਰ ਕੇ ਮੇਰਾ ਸੁਫਨਾ ਸਾਕਾਰ ਹੋਇਆ ਹੈ। ਅਸੀਂ ਉਸ ਦੀ ਭਾਈਵਾਲੀ ਅਤੇ ਸਮਰਥਨ ਲਈ ਧੰਨਵਾਦੀ ਹਾਂ। ਹਾਲਾਂਕਿ ਉਹ ਭਾਈਵਾਲ ਨਹੀਂ ਰਹੀ ਪਰ ਉਹ ਸੋਨਾ ਪਰਿਵਾਰ ਦਾ ਹਿੱਸਾ ਬਣੀ ਰਹੇਗੀ।’ -ਪੀਟੀਆਈ