ਮੁੰਬਈ ਫਿਲਮ ਮੇਲੇ ’ਚ ਸ਼ਾਮਲ ਹੋਣ ਲਈ ਭਾਰਤ ਪੁੱਜੀ ਪ੍ਰਿਯੰਕਾ ਚੋਪੜਾ
ਮੁੰਬਈ: ਅਦਾਕਾਰਾ ਤੇ ਨਿਰਮਾਤਾ ਪ੍ਰਿਯੰਕਾ ਚੋਪੜਾ ਜੋਨਸ ਜੀਓ ਮਾਮੀ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਹਿੱਸਾ ਲੈਣ ਲਈ ਭਾਰਤ ਪੁੱਜ ਗਈ ਹੈ। ਇਹ ਫੈਸਟੀਵਲ 27 ਅਕਤੂਬਰ ਨੂੰ ਸ਼ੁਰੂ ਹੋ ਕੇ 5 ਨਵੰਬਰ ਤੱਕ ਚੱਲੇਗਾ। ਦੱਸਣਾ ਬਣਦਾ ਹੈ ਕਿ ਪ੍ਰਿਯੰਕਾ ਚੋਪੜਾ ਇਸ ਫਿਲਮ ਫੈਸਟੀਵਲ ਦੇ ਮੌਜੂਦਾ ਐਡੀਸ਼ਨ ਦੀ ਚੇਅਰਪਰਸਨ ਹੈ। ਉਸ ਨੇ ਅੱਜ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਭਾਰਤ ਆਉਣ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। 41 ਸਾਲਾ ਪ੍ਰਿਯੰਕਾ ਨੇ ਆਪਣੇ ਹੱਥ ਵਿੱਚ ਭਾਰਤੀ ਪਾਸਪੋਰਟ ਅਤੇ ਬੋਰਡਿੰਗ ਪਾਸ ਦੀ ਫੋਟੋ ਸ਼ੇਅਰ ਕੀਤੀ ਹੈ ਜਿਸ ਵਿਚ ਲਿਖਿਆ ਹੈ ਕਿ ਉਹ ਮੁੰਬਈ ਆਉਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੀ। ਇਸ ਫਿਲਮ ਫੈਸਟੀਵਲ ਵਿਚ ਸ਼ੁਰੂਆਤੀ ਫਿਲਮ ਵਜੋਂ ਹੰਸਲ ਮਹਿਤਾ ਵੱਲੋਂ ਨਿਰਦੇਸ਼ਿਤ ਕਰੀਨਾ ਕਪੂਰ ਖਾਨ ਦੀ ਫਿਲਮ ‘ਦਿ ਬਕਿੰਘਮ ਮਰਡਰਸ’ ਦਿਖਾਈ ਜਾਵੇਗੀ। ਜ਼ਿਕਰਯੋਗ ਹੈ ਕਿ ਜੀਓ ਮਾਮੀ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਤਿੰਨ ਸਾਲਾਂ ਦੇ ਵਕਫੇ ਬਾਅਦ ਹੋ ਰਿਹਾ ਹੈ। ਇਸ ਫਿਲਮ ਫੈਸਟੀਵਲ ਵਿਚ ਦੱਖਣੀ ਏਸ਼ੀਆ ਦੀਆਂ 250 ਤੋਂ ਵੱਧ ਸਮਕਾਲੀ ਫਿਲਮਾਂ ਦਿਖਾਈਆਂ ਜਾਣਗੀਆਂ। ਪ੍ਰਬੰਧਕਾਂ ਅਨੁਸਾਰ ਇਸ ਫੈਸਟੀਵਲ ਵਿੱਚ 40 ਤੋਂ ਵੱਧ ਵਿਸ਼ਵ ਪ੍ਰੀਮੀਅਰ, 45 ਏਸ਼ੀਅਨ ਪ੍ਰੀਮੀਅਰ, 70 ਦੱਖਣੀ ਏਸ਼ੀਆ ਪ੍ਰੀਮੀਅਰ ਹੋਣਗੇ। -ਪੀਟੀਆਈ