ਪ੍ਰਿਯੰਕਾ ਨੇ ਬਦਲਾਅ ਲਈ ਵੋਟਾਂ ਪਾਉਣ ਦਾ ਸੱਦਾ ਦਿੱਤਾ
ਰਾਮਨਗਰ, 13 ਅਪਰੈਲ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੱਛੇਦਾਰ ਭਾਸ਼ਨਾਂ ਵਿੱਚ ਕੀਤੀ ਜਾਂਦੀ ਜੁਮਲੇਬਾਜ਼ੀ ਤੋਂ ਬਚਣ ਅਤੇ ਲੋਕ ਸਭਾ ਚੋਣਾਂ ’ਚ ਬਦਲਾਅ ਲਈ ਵੋਟ ਪਾਉਣ। ਇੱਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਚੋਣ ਖੋਖਲੀ ਬਿਆਨਬਾਜ਼ੀ ਦੇ ਆਧਾਰ ’ਤੇ ਨਹੀਂ ਸਗੋਂ ਅਸਲ ਮੁੱਦਿਆਂ ’ਤੇ ਲੜੀ ਜਾਣੀ ਚਾਹੀਦੀ ਹੈ।
ਕਾਂਗਰਸ ਜਨਰਲ ਸਕੱਤਰ ਨੇ ਕਿਹਾ,‘‘ਵੋਟ ਪਾਉਣ ਤੋਂ ਪਹਿਲਾਂ ਤੁਹਾਨੂੰ ਇਮਾਨਦਾਰੀ ਨਾਲ ਪੁੱਛਣਾ ਚਾਹੀਦਾ ਹੈ ਕਿ ਮੋਦੀ ਸਰਕਾਰ ਦੇ 10 ਸਾਲ ਦੇ ਕਾਰਜਕਾਲ ’ਚ ਤੁਹਾਡੇ ਜੀਵਨ ’ਚ ਕੋਈ ਹਾਂ-ਪੱਖੀ ਬਦਲਾਅ ਆਇਆ ਹੈ ਜਾਂ ਨਹੀਂ।’’ ਉਨ੍ਹਾਂ ਕਿਹਾ ਕਿ ਲਗਾਤਾਰ ਵਧਦੀ ਬੇਰੁਜ਼ਗਾਰੀ, ਬੇਕਾਬੂ ਮਹਿੰਗਾਈ ਅਤੇ ਪੇਪਰ ਲੀਕ ਘੁਟਾਲੇ ਲੋਕਾਂ ਦੇ ਜੀਵਨ ਦੀ ਸਚਾਈ ਹਨ ਅਤੇ ਇਨ੍ਹਾਂ ਲਈ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਉਹ ਪਿਛਲੇ 10 ਸਾਲਾਂ ਤੋਂ ਸੱਤਾ ’ਚ ਹੈ। ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੀਆਂ ਕੁਝ ਘਟਨਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੋਦੀ ਤੋਂ ਪੁੱਛਣਾ ਚਾਹੀਦਾ ਹੈ ਕਿ ਰਿਜ਼ੌਰਟ ਰਿਸੈਪਸ਼ਨਿਸਟ ਅੰਕਿਤਾ ਭੰਡਾਰੀ ਅਤੇ ਗੁਆਂਢੀ ਉੱਤਰ ਪ੍ਰਦੇਸ਼ ਦੇ ਉਨਾਓ ਦੀ ਇਕ ਮਹਿਲਾ ਦੇ ਕਾਤਲਾਂ ਨੂੰ ਕੌਣ ਬਚਾ ਰਿਹਾ ਹੈ। ਪ੍ਰਿਯੰਕਾ ਨੇ ਮੋਦੀ ਸਰਕਾਰ ’ਤੇ ਆਪਣੇ ਕਿਸੇ ਵੀ ਵਾਅਦੇ ਨੂੰ ਪੂਰਾ ਨਾ ਕਰਨ ਦਾ ਦੋਸ਼ ਲਾਉਂਦਿਆਂ ਲੋਕਾਂ ਨੂੰ ਯਾਦ ਦਿਵਾਇਆ ਕਿ ਨੌਜਵਾਨਾਂ ਨੂੰ ਦੋ ਕਰੋੜ ਨੌਕਰੀਆਂ ਅਤੇ ਹਰੇਕ ਨਾਗਰਿਕ ਦੇ ਬੈਂਕ ਖ਼ਾਤੇ ’ਚ 15 ਲੱਖ ਰੁਪਏ ਜਮ੍ਹਾਂ ਕਰਨ ਜਿਹੇ ਵਾਅਦੇ ਅਧੂਰੇ ਹਨ। -ਪੀਟੀਆਈ
ਜਮਹੂਰੀ ਅਮਲ ਬਾਰੇ ਸ਼ੰਕੇ ਖੜੇ ਕਰ ਰਿਹੈ ਭਾਜਪਾ ਦਾ ਨਾਅਰਾ: ਕਨ੍ਹੱਈਆ
ਬਿਲਾਸਪੁਰ: ਕਾਂਗਰਸ ਆਗੂ ਕਨ੍ਹੱਈਆ ਕੁਮਾਰ ਨੇ ਅੱਜ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ 400 ਤੋਂ ਵੱਧ ਸੀਟਾਂ ਜਿੱਤਣ ਦੇ ਨਾਅਰੇ ਨੇ ਦੇਸ਼ ਦੇ ਜਮਹੂਰੀ ਅਮਲ ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਸਬੰਧੀ ਲੋਕਾਂ ਵਿੱਚ ਖਦਸ਼ੇ ਪੈਦਾ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਦੇ ਬੁਨਿਆਦੀ ਅਧਿਕਾਰ ਖੋਹਣ ਲਈ ਸੰਵਿਧਾਨ ਬਦਲਣਾ ਚਾਹੁੰਦੀ ਹੈ ਜਿਸ ਕਰਕੇ ਇਸ ਦੀ ਰਾਖੀ ਲਈ 2024 ਦੀਆਂ ਲੋਕ ਸਭਾ ਚੋਣਾਂ ਨੂੰ ਅੰਦੋਲਨ ਵਿੱਚ ਬਦਲਣ ਦੀ ਲੋੜ ਹੈ। ਕਨ੍ਹੱਈਆ ਭਦੌਰਾ ਪਿੰਡ ਵਿੱਚ ਬਿਲਾਸਪੁਰ ਤੋਂ ਉਮੀਦਵਾਰ ਦੇਵੇਂਦਰ ਯਾਦਵ ਦੇ ਹੱਕ ’ਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। -ਪੀਟੀਆਈ