For the best experience, open
https://m.punjabitribuneonline.com
on your mobile browser.
Advertisement

ਪ੍ਰਾਈਵੇਟ ਵਪਾਰੀ ਐੱਮਐੱਸਪੀ ਤੋਂ ਵੱਧ ਭਾਅ ’ਤੇ ਖਰੀਦਣ ਲੱਗੇ ਕਣਕ

08:05 AM Apr 16, 2024 IST
ਪ੍ਰਾਈਵੇਟ ਵਪਾਰੀ ਐੱਮਐੱਸਪੀ ਤੋਂ ਵੱਧ ਭਾਅ ’ਤੇ ਖਰੀਦਣ ਲੱਗੇ ਕਣਕ
ਬੁਢਲਾਡਾ ਵਿੱਚ ਕਣਕ ਦੀ ਬੋਲੀ ਲਗਵਾਉਂਦੇ ਹੋਏ ਡਿਪਟੀ ਜ਼ਿਲ੍ਹਾ ਮੰਡੀ ਅਫ਼ਸਰ ਜੈ ਸਿੰਘ ਸਿੱਧੂ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 15 ਅਪਰੈਲ
ਬੇਸ਼ੱਕ ਪੰਜਾਬ ਵਿੱਚ ਲਗਾਤਾਰ ਦੋ-ਤਿੰਨ ਦਿਨਾਂ ਤੋਂ ਕਿਣਮਿਣ ਵਾਲਾ ਮੌਸਮ ਚੱਲ ਰਿਹਾ ਹੈ ਪਰ ਇਸ ਦੇ ਬਾਵਜੂਦ ਮੰਡੀਆਂ ਵਿੱਚ ਵਿਕਣ ਲਈ ਆ ਰਹੀ ਕਣਕ ਸਰਕਾਰੀ ਭਾਅ ਤੋਂ ਵਧ ਕੇ ਵਿਕਣ ਲੱਗੀ ਹੈ। ਪੰਜਾਬ ਵਿੱਚ ਇਹ ਪਹਿਲੀ ਵਾਰ ਹੈ ਕਿ ਪ੍ਰਾਈਵੇਟ ਵਪਾਰੀ ਕਣਕ ਖਰੀਦਣ ਲਈ ਗਿੱਲੀ-ਸੁੱਕੀ ਨਹੀਂ ਵੇਖ ਰਹੇ। ਮਾਨਸਾ ਜ਼ਿਲ੍ਹੇ ਵਿੱਚ ਲਗਾਤਾਰ ਦੋ ਦਿਨਾਂ ਤੋਂ ਪ੍ਰਾਈਵੇਟ ਵਪਾਰੀ ਮੀਂਹਾਂ ਕਾਰਨ ਬਣੀ ਸਿੱਲ੍ਹ ਦੇ ਦੌਰਾਨ ਕਣਕ ਨੂੰ 5 ਤੋਂ 7 ਰੁਪਏ ਪ੍ਰਤੀ ਕੁਇੰਟਲ ਵਧ ਕੇ ਖਰੀਦ ਰਹੇ ਹਨ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਇਸ ਵਾਰ ਕਣਕ ਦਾ ਸਰਕਾਰੀ ਭਾਅ 2275 ਰੁਪਏ ਐਲਾਨਿਆ ਗਿਆ ਹੈ। ਪੰਜਾਬ ਮੰਡੀ ਬੋਰਡ ਦੇ ਮਾਨਸਾ ਸਥਿਤ ਡਿਪਟੀ ਜ਼ਿਲ੍ਹਾ ਮੰਡੀ ਅਫ਼ਸਰ ਜੈ ਸਿੰਘ ਸਿੱਧੂ, ਜਿਨ੍ਹਾਂ ਕੋਲ ਮਾਨਸਾ, ਬੁਢਲਾਡਾ, ਬਰੇਟਾ ਮਾਰਕੀਟ ਕਮੇਟੀ ਦੇ ਸਕੱਤਰ ਦਾ ਵੀ ਚਾਰਜ ਹੈ, ਨੇ ਮੰਨਿਆ ਕਿ ਵਪਾਰੀਆਂ ਵੱਲੋਂ ਸਰਕਾਰੀ ਭਾਅ ਤੋਂ 5 ਰੁਪਏ ਪ੍ਰਤੀ ਕੁਇੰਟਲ ਵਧ ਕੇ ਕਣਕ ਦੀ ਬੋਲੀ ਦਿੱਤੀ ਜਾ ਰਹੀ ਹੈ ਅਤੇ ਇਸ ਨੂੰ ਖਰੀਦਿਆ ਜਾਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮੰਡੀਆਂ ਵਿੱਚ ਇਸ ਸਮੇਂ ਮਾਰਕਫੈੱਡ, ਪਨਗਰੇਨ, ਵੇਅਰ ਹਾਊਸ, ਪਨਸਪ ਦੇ ਅਧਿਕਾਰੀ ਕਣਕ ਖਰੀਦਣ ਵਿੱਚ ਮਸ਼ਰੂਫ਼ ਹਨ, ਪਰ ਜਦੋਂ ਹੀ ਪ੍ਰਾਈਵੇਟ ਵਪਾਰੀਆਂ ਨੂੰ ਮੋਟੇ ਦਾਣਿਆਂ ਵਾਲੀ ਸ਼ਰਬਤੀ ਕਣਕ ਵਿਖਾਈ ਦਿੰਦੀ ਹੈ ਤਾਂ ਉਹ ਸਰਕਾਰੀ ਏਜੰਸੀਆਂ ਨਾਲੋਂ, ਉਸ ਨੂੰ ਵਧ ਕੇ ਖਰੀਦਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਲਗਾਤਾਰ ਦੋ ਦਿਨਾਂ ਤੋਂ ਇਸ ਖੇਤਰ ਵਿੱਚ 44 ਮੀਟਰਕ ਟਨ (9 ਹਜ਼ਾਰ ਗੱਟਾ) ਕਣਕ ਦਾ ਪ੍ਰਾਈਵੇਟ ਵਪਾਰੀਆਂ ਵੱਲੋਂ ਖਰੀਦਿਆ ਜਾ ਚੁੱਕਿਆ ਹੈ। ਇਸੇ ਦੌਰਾਨ ਹੀ ਮੰਡੀ ਵਿੱਚ ਕਣਕ ਲੈ ਕੇ ਆਏ ਕਿਸਾਨ ਗਮਦੂਰ ਸਿੰਘ ਦਾ ਕਹਿਣਾ ਹੈ ਕਿ ਕਣਕ ਦਾ ਦਾਣਾ ਇਸ ਵਾਰ ਮੋਟਾ ਹੈ ਅਤੇ 60 ਤੋਂ 65 ਮਣ ਦੇ ਵਿਚਕਾਰ ਕਣਕ ਦਾ ਪ੍ਰਤੀ ਏਕੜ ਝਾੜ ਪ੍ਰਾਪਤ ਹੋਣ ਲੱਗਿਆ ਹੈ। ਮਾਨਸਾ ਦੀ ਆਧੁਨਿਕ ਅਨਾਜ ਮੰਡੀ ਵਿੱਚ ਕਣਕ ਵੇਚਣ ਆਏ ਕਿਸਾਨਾਂ ਨੇ ਇਸ ਵਾਰ ਝਾੜ ਘੱਟ ਹੋਣ ਦਾ ਰੋਣਾ ਨਹੀਂ ਰੋਇਆ, ਸਗੋਂ ਪ੍ਰਾਈਵੇਟ ਵਪਾਰੀਆਂ ਦੇ ਸਰਕਾਰੀ ਏਜੰਸੀਆਂ ਨਾਲ ਭਾਅ ਪੱਖੋਂ ਮੁਕਾਬਲਾ ਕਰਨ ਨੂੰ ਚੰਗੀ ਗੱਲ ਦੱਸਿਆ।

Advertisement

ਸਰਦੇ ਪੁੱਜਦੇ ਕਿਸਾਨ ਚੰਗੇ ਭਾਅ ਲਈ ਕਣਕ ਨੂੰ ਘਰਾਂ ਵਿੱਚ ਕਰਨਗੇ ਸਟੋਰ: ਦਾਨੇਵਾਲੀਆ

ਜ਼ਿਲ੍ਹਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਬੇਸ਼ੱਕ ਵਪਾਰੀ ਕਣਕ ਨੂੰ ਖਰੀਦਣ ਲਈ ਇਸ ਵਾਰ ਅਨਾਜ ਮੰਡੀਆਂ ਵਿੱਚ ਪੁੱਜਣ ਲੱਗੇ ਹਨ, ਪਰ ਸਰਦੇ-ਪੁੱਜਦੇ ਕਿਸਾਨਾਂ ਵੱਲੋਂ ਕਣਕ ਨੂੰ ਘਰਾਂ ਵਿੱਚ ਸਟੋਰ ਕਰਕੇ ਚੰਗੇ ਭਾਅ ਦੀ ਉਮੀਦ ਰੱਖਣ ਦੀ ਸੰਭਾਵਨਾ ਬਣਨ ਲੱਗੀ ਹੈ। ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਵਿੱਚ 162 ਲੱਖ ਮੀਟਰਕ ਟਨ ਕਣਕ ਦੇ ਪੈਦਾ ਹੋਣ ਦੀ ਸਰਕਾਰ ਨੂੰ ਆਸ ਹੈ ਅਤੇ ਉਸ ਵਿੱਚੋਂ ਕਿਸਾਨਾਂ ਵੱਲੋਂ ਆਪਣੇ ਘਰ ਖਾਣ ਲਈ ਕਣਕ ਰੱਖਣ ਤੋਂ ਬਾਅਦ 132 ਲੱਖ ਮੀਟਰਕ ਟਨ ਕਣਕ ਵਿਕਣ ਲਈ ਮੰਡੀਆਂ ਵਿੱਚ ਆਉਣ ਦੀ ਸੰਭਾਵਨਾ ਹੈ।

Advertisement

Advertisement
Author Image

joginder kumar

View all posts

Advertisement