ਪ੍ਰਾਈਵੇਟ ਲੈਬਾਰਟਰੀਆਂ ਦੇ ਕਰਿੰਦੇ ਮਰੀਜ਼ਾਂ ਨੂੰ ਕਰ ਲੈਂਦੇ ਨੇ ‘ਅਗਵਾ’
ਮਨੋਜ ਸ਼ਰਮਾ
ਬਠਿੰਡਾ, 3 ਜੂਨ
ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਅਧੀਨ ਚੱਲ ਰਿਹਾ ਬਠਿੰਡਾ ਐਡਵਾਂਸ ਕੈਂਸਰ ਇੰਸਟੀਚਿਊਟ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਪਰ ਇਸ ਹਸਪਤਾਲ ਵਿੱਚ ਲੋੜੀਂਦੇ ਟੈਸਟ ਨਾ ਹੋਣ ਮਰੀਜ਼ਾਂ ਨੂੰ ਬਾਹਰੋਂ ਟੈਸਟ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਥੇ ਨਿੱਜੀ ਡਾਇਗਨੋਸ ਸੈਂਟਰਾਂ ਦੇ ਕਰਿੰਦਿਆਂ ਦੀ ਭਰਮਾਰ ਹੈ, ਜੋ ਹਸਪਤਾਲ ‘ਚੋਂ ਹੀ ਮਰੀਜ਼ ਦੀ ਪਰਚੀ ਫੜ ਲੈਂਦੇ ਹਨ। ਉਪਰੋਂ ਮਰੀਜ਼ਾਂ ਨੂੰ ਹਸਪਤਾਲ ਤੋਂ ਸੈਂਟਰ ਤੱਕ ਮੁਫ਼ਤ ਸਫਰ ਸਹੂਲਤ ਵੀ ਦਿੱਤੀ ਜਾ ਰਹੀ ਹੈ। ਨਿੱਜੀ ਲੈਬਾਰਟਰੀਆਂ ਵਾਲਿਆਂ ਦੀਆਂ ਗੱਡੀਆਂ ਹਸਪਤਾਲ ਦੇ ਗੇਟ ‘ਤੇ ਲੱਗੀਆਂ ਹੁੰਦੀਆਂ ਹਨ, ਜੋ ਮਰੀਜ਼ ਨੂੰ ਟੈਸਟ ਵਾਸਤੇ ਲੈ ਕੇ ਜਾਂਦੀਆਂ ਹਨ ਅਤੇ ਬਾਅਦ ਵਿਚ ਉਸੇ ਥਾਂ ਛੱਡ ਕੇ ਜਾਂਦੀਆਂ ਹਨ। ਗੌਰਤਲਬ ਹੈ ਕਿ ਮਾਲਵਾ ਖੇਤਰ ਵਿੱਚ ਕੈਂਸਰ ਦੇ ਮਰੀਜ਼ ਵੱਧ ਹੋਣ ਕਾਰਨ ਪਹਿਲਾਂ ਉਹ ਬੀਕਾਨੇਰ ਦੇ ਅਚਾਰੀਆ ਤੁਲਸੀ ਰਿਜਨਲ ਕੈਂਸਰ ਟਰੀਟਮੈਂਟ ਅਤੇ ਖ਼ੋਜ ਇੰਸਟੀਟਿਊਟ ‘ਚ ਇਲਾਜ ਲਈ ਜਾਂਦੇ ਸਨ। ਇਸ ਲਈ ਬਠਿੰਡਾ ਤੋਂ ਚੱਲਣ ਵਾਲ਼ੀ ਟਰੇਨ ਦਾ ਨਾਮ ਹੀ ‘ਕੈਂਸਰ ਟਰੇਨ’ ਪੈ ਗਿਆ ਸੀ ਪਰ ਹੁਣ ਬਠਿੰਡਾ ਦੇ ਇਸ ਕੈਂਸਰ ਇੰਸਟੀਟਿਊਟ ਵਿਚ ਮਾਲਵਾ ਖੇਤਰ ਸਮੇਤ ਗੁਆਂਢੀ ਸੂਬਿਆਂ ਹਰਿਆਣਾ ਅਤੇ ਰਾਜਸਥਾਨ ਦੇ ਮਰੀਜ਼ ਵੀ ਇੱਥੇ ਆਸ ਦੀ ਕਿਰਨ ਲੈ ਕੇ ਪੁੱਜਦੇ ਹਨ ਪਰ ਹਸਪਤਾਲ ਆਉਂਦੇ ਮਰੀਜ਼ਾਂ ਨੂੰ ਜਿਥੇ ਬਾਹਰੀ ਲੈਬਾਰਟਰੀਆਂ ਤੇ ਸਕੈਨ ਸੈਂਟਰਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਉਥੇ ਡਾਕਟਰੀ ਅਮਲੇ ਦੀ ਵੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ। ਸੂਤਰਾਂ ਨੇ ਦੱਸਿਆ ਕਿ ਰੇਡਿਓਲੋਜੀ ਵਿਭਾਗ ‘ਚ ਲੈਬ ਤਕਨੀਸ਼ੀਅਨਾਂ ਨਾਲ ਬੁੱਤਾ ਸਾਰਿਆ ਜਾ ਰਿਹਾ। ਇਸ ਵਿਭਾਗ ‘ਚ ਡਾਕਟਰ ਦੀ ਅਸਾਮੀ 2014 -15 ਤੋਂ ਖ਼ਾਲੀ ਪਈ ਹੈ।
ਇਸੇ ਤਰ੍ਹਾਂ ਗਾਇਨੀਓਲੋਜਿਸਟ ਅਤੇ ਦੰਦਾਂ ਦੇ ਡਾਕਟਰ ਦੀ ਅਸਾਮੀ ਵੀ ਖ਼ਾਲੀ ਹੈ। ਇਥੇ ਮਹਿਲਾ ਮਰੀਜ਼ਾਂ ਨੂੰ ਸਰਜਨ ਦੁਆਰਾ ਚੈੱਕਅਪ ਕੀਤਾ ਜਾ ਰਿਹਾ, ਉੱਥੇ ਦੰਦਾਂ ਦੇ ਡਾਕਟਰ ਦੀ ਥਾਂ ਅੰਡਰ ਪ੍ਰੈਕਟਿਸ ਡਾਕਟਰ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਸ਼ਹਿਰ ਦੇ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਨੇ ਦੱਸਿਆ ਕਿ ਹਸਪਤਾਲ ‘ਚ ਡਾਕਟਰ ਦੇ ਕੈਬਿਨ ‘ਚੋਂ ਨਿਕਲਦਿਆਂ ਹੀ ਮਰੀਜ਼ਾਂ ਨੂੰ ਨਿੱਜੀ ਸਕੈਨ ਸੈਂਟਰ ਵੱਲੋਂ ਰੱਖੇ ਗਏ ਕਥਿਤ ‘ਕਰਿੰਦੇ’ ਘੇਰਾ ਪਾ ਕੇ ਮਰੀਜ਼ ਦੀ ਪਰਚੀ ਫੜ ਕੇ ਆਪਣੇ ਸੈਂਟਰ ‘ਚੋਂ ਐੱਮਆਰਆਈ ਅਤੇ ਸਿਟੀ ਸਕੈਨ ਕਰਵਾਉਣ ਲਈ ਮਜਬੂਰ ਕਰਦੇ ਹਨ। ਉਨ੍ਹਾਂ ਕਿਹਾ ਕਿ ਸਕੈਨ ਸੈਂਟਰਾਂ ਵਾਲਿਆਂ ਵੱਲੋਂ ਮਰੀਜ਼ਾਂ ਨੂੰ ਹਸਪਤਾਲ ਤੋਂ ਲਿਜਾਣ ਲਈ ਸਫਰ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਕਰਿੰਦਿਆਂ ਨੂੰ ਹਸਪਤਾਲ ‘ਚ ਦਾਖ਼ਲ ਹੋਣ ਦੀ ਆਗਿਆ ਨਹੀਂ: ਡਾ. ਅਰੋੜਾ
ਇਸ ਸਬੰਧੀ ਐਡਵਾਂਸ ਕੈਂਸਰ ਇੰਸਟੀਚਿਊਟ ਦੇ ਆਫੀਸ਼ੀਏਟਿੰਗ ਡਾਇਰੈਕਟਰ ਡਾ. ਦੀਪਕ ਅਰੋੜਾ ਦਾ ਕਹਿਣਾ ਹੈ ਰੇਡਿਓਲੋਜੀ ਵਿਭਾਗ ਨਾਲ ਸਬੰਧ ਰਿਪੋਰਟਾਂ ਲਈ ਚੰਡੀਗੜ੍ਹ ਦੀ ਇੱਕ ਫ਼ਰਮ ਨਾਲ ਸਮਝੌਤਾ ਕੀਤਾ ਗਿਆ ਹੈ, ਜਿਸ ਤੋਂ ਟੈਲੀ ਪ੍ਰਿੰਟਰ ਰਾਹੀਂ ਰਿਪੋਰਟਾਂ ਪ੍ਰਾਪਤ ਕੀਤੀ ਜਾਂਦੀਆਂ ਹਨ। ਜਦੋਂ ਉਨ੍ਹਾਂ ਨੂੰ ਹਸਪਤਾਲ ਵਿਚ ਨਿੱਜੀ ਡਾਇਗਨੋਸਟਿਕ ਸੈਂਟਰ ਵਾਲਿਆਂ ਦੇ ‘ਕਰਿੰਦੇ’ ਘੁੰਮਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਹੁਣ ਉਹ ਛੁੱਟੀ ‘ਤੇ ਹਨ। ਉਨ੍ਹਾਂ ਕਿਹਾ ਹਸਪਤਾਲ ‘ਚ ਕਿਸੇ ਵੀ ਨਿੱਜੀ ਕੇਂਦਰ ਦੇ ‘ਕਰਿੰਦਿਆਂ’ ਨੂੰ ਕੈਂਪਸ ‘ਚ ਵੜਨ ਦੀ ਸਖ਼ਤ ਮਨਾਹੀ ਕੀਤੀ ਗਈ ਹੈ ਅਤੇ ਉਹ ਹੋਰ ਵੀ ਸਖ਼ਤੀ ਕਰਨਗੇ।