For the best experience, open
https://m.punjabitribuneonline.com
on your mobile browser.
Advertisement

ਕਾਠਮੰਡੂ ’ਚ ਪ੍ਰਾਈਵੇਟ ਏੇਅਰਲਾਈਨ ਦੇ ਜਹਾਜ਼ ਨੂੰ ਹਾਦਸਾ, 18 ਹਲਾਕ

07:28 AM Jul 25, 2024 IST
ਕਾਠਮੰਡੂ ’ਚ ਪ੍ਰਾਈਵੇਟ ਏੇਅਰਲਾਈਨ ਦੇ ਜਹਾਜ਼ ਨੂੰ ਹਾਦਸਾ  18 ਹਲਾਕ
ਕਾਠਮੰਡੂ ਵਿੱਚ ਹਾਦਸੇ ਵਾਲੀ ਥਾਂ ’ਤੇ ਬਚਾਅ ਕਾਰਜਾਂ ਵਿਚ ਜੁਟੇ ਬਚਾਅ ਕਰਮੀ। -ਫੋਟੋ: ਪੀਟੀਆਈ
Advertisement

ਕਾਠਮੰਡੂ, 24 ਜੁਲਾਈ
ਇਥੇ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ’ਤੇ ਉਡਾਣ ਭਰਨ ਮੌਕੇ ਨਿੱਜੀ ਨੇਪਾਲੀ ਏਅਰਲਾਈਨ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਤੋਂ ਫੌਰੀ ਮਗਰੋਂ ਜਹਾਜ਼ ਨੂੰ ਅੱਗ ਲੱਗ ਗਈ। ਹਾਦਸੇ ਵਿਚ ਇਕ ਵਿਦੇਸ਼ੀ ਨਾਗਰਿਕ ਸਣੇ ਜਹਾਜ਼ ਵਿਚ ਸਵਾਰ 18 ਵਿਅਕਤੀਆਂ ਦੀ ਮੌਤ ਹੋ ਗਈ। ਹਾਲਾਂਕਿ ਗੰਭੀਰ ਸੱਟਾਂ ਦੇ ਬਾਵਜੂਦ ਜਹਾਜ਼ ਦੇ ਪਾਇਲਟ ਦੀ ਜਾਨ ਬਚ ਗਈ। ਸੌਰਿਆ ਏਅਰਲਾਈਨਜ਼ ਦੇ ਪ੍ਰਾਈਵੇਟ ਜਹਾਜ਼ ਐੱਨ9ਏਐੱਮਈ ਨੇ ਨਿਯਮਤ ਮੈਂਟੇਨੈਂਸ ਸਰਵਿਸ ਖ਼ਾਤਰ ਪੋਖਰਾ ਲਈ ਉਡਾਣ ਭਰਨੀ ਸੀ ਜਦੋਂ ਸਵੇਰੇ 11:11 ਵਜੇ ਦੇ ਕਰੀਬ ਇਹ ਹਾਦਸਾਗ੍ਰਸਤ ਹੋ ਗਿਆ।
ਨੇਪਾਲ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਦੇ ਖੋਜ ਤੇ ਰਾਹਤ ਕੇਂਦਰ ਨੇ ਇਕ ਬਿਆਨ ਵਿਚ ਕਿਹਾ ਕਿ ਬੰਬਾਰਡੀਅਰ ਸੀਆਰਜੇ-200 ਜਹਾਜ਼ ਉਡਾਣ ਭਰਨ ਦੌਰਾਨ ਹਵਾਈ ਪੱਟੀ ਤੋਂ ਖਿਸਕ ਗਿਆ ਤੇ ਇਸ ਨੂੰ ਫੌਰੀ ਅੱਗ ਲੱਗ ਗਈ। ਆਨਲਾਈਨ ਪੋਸਟ ਕੀਤੀਆਂ ਵੀਡੀਓਜ਼ ਵਿਚ ਜਹਾਜ਼ ਅੱਗ ਦੀਆਂ ਲਪਟਾਂ ਵਿਚ ਘਿਰਿਆ ਤੇ ਇਸ ਵਿਚੋਂ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ। ਹਾਦਸੇ ਮਗਰੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਐਂਬੂਲੈਂਸਾਂ ਮੌਕੇ ’ਤੇ ਭੇਜੀਆਂ ਗਈਆਂ। ਮ੍ਰਿਤਕਾਂ ਦੀ ਪਛਾਣ ਸਹਿ-ਪਾਇਲਟ ਐੱਸ. ਕਾਤੂਵਾਲ ਤੇ ਸੌਰਿਆ ਏਅਰਲਾਈਨਜ਼ ਦੇ 17 ਮੁਲਾਜ਼ਮਾਂ ਵਜੋਂ ਹੋਈ ਹੈ।
ਮ੍ਰਿਤਕਾਂ ਵਿਚ ਇਕ ਨੇਪਾਲੀ ਮਹਿਲਾ ਤੇ ਯਮਨੀ ਨਾਗਰਿਕ ਵੀ ਸ਼ਾਮਲ ਹਨ। ਪਾਇਲਟ ਕਪਤਾਨ ਮਨੀਸ਼ ਸ਼ਾਕਿਆ (37) ਕਾਠਮੰਡੂ ਦੇ ਮਾਡਲ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਏਅਰਪੋਰਟ ਅਥਾਰਿਟੀਜ਼ ਨੇ ਕਿਹਾ ਕਿ ਪੀੜਤਾਂ ਵਿਚੋਂ 15 ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਤਿੰਨ ਨੇ ਸਥਾਨਕ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਸੌਰਿਆ ਏਅਰਲਾਈਨਜ਼ ਨੇਪਾਲ ਵਿਚ ਪੰਜ ਸੈਲਾਨੀ ਕੇਂਦਰਾਂ ਲਈ ਉਡਾਣਾਂ ਚਲਾਉਂਦੀ ਹੈ ਤੇ ਕੰਪਨੀ ਦੀ ਵੈੱਬਸਾਈਟ ਮੁਤਾਬਕ ਏਅਰਲਾਈਨ ਕੋਲ ਤਿੰਨ ਬੰਬਾਰਡੀਅਰ ਸੀਆਰਜੇ-200 ਜੈੱਟਾਂ ਦੀ ਫਲੀਟ ਹੈ। ਹਾਲੀਆ ਸਾਲਾਂ ਵਿਚ ਮਾੜੇ ਹਵਾਈ ਸੁਰੱਖਿਆ ਰਿਕਾਰਡ ਕਰਕੇ ਨੇਪਾਲ ਦੀ ਨੁਕਤਾਚੀਨੀ ਹੁੰਦੀ ਰਹੀ ਹੈ ਹਾਲਾਂਕਿ ਹਵਾਈ ਹਾਦਸਿਆਂ ਦੇ ਕਈ ਕਾਰਨ ਹਨ, ਜਿਨ੍ਹਾਂ ਵਿਚ ਚਾਣਚੱਕ ਮੌਸਮ ਦੀ ਤਬਦੀਲੀ, ਪਹਾੜੀ ਇਲਾਕਿਆਂ ਵਿਚ ਬਣੀਆਂ ਹਵਾਈ ਪੱਟੀਆਂ ਤੇ ਮਨੁੱਖੀ ਗ਼ਲਤੀ ਸ਼ਾਮਲ ਹਨ। ਨੇਪਾਲ ਦੀ ਸ਼ਹਿਰੀ ਹਵਾਬਾਜ਼ੀ ਸੰਸਥਾ ਮੁਤਾਬਕ ਅਗਸਤ 1955 ਵਿਚ ਪਹਿਲੇ ਹਾਦਸੇ ਮਗਰੋਂ ਹੁਣ ਤੱਕ ਦੇਸ਼ ਵਿਚ ਵਾਪਰੇ ਹਵਾਈ ਹਾਦਸਿਆਂ ਵਿਚ 914 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ। ਪਿਛਲੇ ਸਾਲ ਜਨਵਰੀ ਵਿਚ ਯੇਤੀ ਏਅਰਲਾਈਨਜ਼ ਦਾ ਜਹਾਜ਼ ਸੈਰ-ਸਪਾਟੇ ਲਈ ਮਸ਼ਹੂਰ ਸ਼ਹਿਰ ਪੋਖਰਾ ’ਤੇ ਹਾਦਸਾਗ੍ਰਸਤ ਹੋਣ ਕਰਕੇ ਪੰਜ ਭਾਰਤੀਆਂ ਸਣੇ ਇਸ ਵਿਚ ਸਵਾਰ ਸਾਰੇ 72 ਵਿਅਕਤੀਆਂ ਦੀ ਮੌਤ ਹੋ ਗਈ ਸੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×