For the best experience, open
https://m.punjabitribuneonline.com
on your mobile browser.
Advertisement

ਪ੍ਰਿਤਪਾਲ ਸਿੰਘ ਨੂੰ ਘਟਨਾ ਸਥਾਨ ਦੀ ਨਿਸ਼ਾਨਦੇਹੀ ਲਈ ਐਂਬੂਲੈਂਸ ਰਾਹੀਂ ਖਨੌਰੀ ਬਾਰਡਰ ’ਤੇ ਲਿਆਂਦਾ

09:06 AM Apr 05, 2024 IST
ਪ੍ਰਿਤਪਾਲ ਸਿੰਘ ਨੂੰ ਘਟਨਾ ਸਥਾਨ ਦੀ ਨਿਸ਼ਾਨਦੇਹੀ ਲਈ ਐਂਬੂਲੈਂਸ ਰਾਹੀਂ ਖਨੌਰੀ ਬਾਰਡਰ ’ਤੇ ਲਿਆਂਦਾ
ਘਟਨਾ ਸਥਾਨ ਦੀ ਨਿਸ਼ਾਨਦੇਹੀ ਲਈ ਪ੍ਰਿਤਪਾਲ ਸਿੰਘ ਨੂੰ ਐਂਬੂਲੈਂਸ ਰਾਹੀਂ ਖਨੌਰੀ ਬਾਰਡਰ ’ਤੇ ਲਿਆਉਂਦੇ ਹੋਏ ਪੁਲੀਸ ਮੁਲਾਜ਼ਮ।
Advertisement

ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ
ਸੰਗਰੂਰ/ਖਨੌਰੀ, 4 ਅਪਰੈਲ
ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ 21 ਫਰਵਰੀ ਨੂੰ ਨੌਜਵਾਨ ਪ੍ਰਿਤਪਾਲ ਸਿੰਘ ਨੂੰ ਕਥਿਤ ਤੌਰ ’ਤੇ ਹਰਿਆਣਾ ਪੁਲੀਸ ਵਲੋਂ ਚੁੱਕ ਕੇ ਲਿਜਾਣ ਅਤੇ ਬੁਰੀ ਤਰਾਂ ਕੁੱਟਮਾਰ ਕਰ ਕੇ ਜ਼ਖ਼ਮੀ ਕਰ ਦਿੱਤੇ ਜਾਣ ਦੀ ਘਟਨਾ ਵਾਪਰੀ ਸੀ। ਗੰਭੀਰ ਜ਼ਖ਼ਮੀ ਪ੍ਰਿਤਪਾਲ ਸਿੰਘ ਨੂੰ ਅੱਜ ਅਦਾਲਤ ਦੇ ਹੁਕਮਾਂ ’ਤੇ ਘਟਨਾ ਵਾਲੀ ਜਗ੍ਹਾ ਦੀ ਨਿਸ਼ਾਨਦੇਹੀ ਕਰਾਉਣ ਲਈ ਐਂਬੂਲੈਂਸ ਰਾਹੀਂ ਖਨੌਰੀ ਬਾਰਡਰ ’ਤੇ ਲਿਆਂਦਾ ਗਿਆ। ਡੀਐਸਪੀ ਪਾਤੜਾਂ ਦਲਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਟੀਮ ਵਲੋਂ ਪ੍ਰਿਤਪਾਲ ਸਿੰਘ ਨੂੰ ਉਸਦੇ ਪਿੰਡ ਨਵਾਂਗਾਓ ਤੋਂ ਸਵੇਰੇ ਕਰੀਬ ਸਾਢੇ ਨੌਂ ਵਜੇ ਖਨੌਰੀ ਬਾਰਡਰ ’ਤੇ ਲਿਆ ਕੇ ਘਟਨਾ ਸਥਾਨ ’ਤੇ ਲਿਜਾਇਆ ਗਿਆ ਜਿਥੇ ਲੋਕੇਸ਼ਨ ਚੈੱਕ ਕੀਤੀ ਗਈ। ਕਰੀਬ ਅੱਧੇ ਘੰਟੇ ਮਗਰੋਂ ਪ੍ਰਿਤਪਾਲ ਸਿੰਘ ਨੂੰ ਵਾਪਸ ਲਿਜਾਇਆ ਗਿਆ।
ਜਾਣਕਾਰੀ ਅਨੁਸਾਰ ਪ੍ਰਿਤਪਾਲ ਸਿੰਘ ਦੇ ਪਿਤਾ ਦੇਵਿੰਦਰ ਸਿੰਘ ਵਾਸੀ ਨਵਾਂਗਾਓ ਤਹਿਸੀਲ ਮੂਨਕ ਜ਼ਿਲ੍ਹਾ ਸੰਗਰੂਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਦਾਖਲ ਪਟੀਸ਼ਨ ਵਿਚ ਕਿਹਾ ਹੈ ਕਿ ਹਰਿਆਣਾ ਪੁਲੀਸ ਨੇ 21 ਫਰਵਰੀ ਨੂੰ ਖਨੌਰੀ ਬਾਰਡਰ ਤੋਂ ਪੰਜਾਬ ਦੇ ਹੱਦ ਵਿਚ ਦਾਖਲ ਹੋ ਕੇ ਉਸਦੇ ਲੜਕੇ ਪ੍ਰਿਤਪਾਲ ਸਿੰਘ ਦੀ ਕੁੱਟਮਾਰ ਕੀਤੀ ਅਤੇ ਨਾਜਾਇਜ਼ ਤਰੀਕੇ ਨਾਲ ਹਿਰਾਸਤ ’ਚ ਲਿਆ ਸੀ। ਹਰਿਆਣਾ ਸਰਕਾਰ ਨੇ ਅਦਾਲਤ ਵਿਚ ਆਪਣਾ ਪੱਖ ਰੱਖਦਿਆਂ ਕਿਹਾ ਸੀ ਕਿ ਪ੍ਰਦਰਸ਼ਨਕਾਰੀ ਹਰਿਆਣਾ ਦੀ ਹੱਦ ਵਿਚ ਮੌਜੂਦ ਸੀ ਜੋ ਖੇਤ ਵਿਚ ਜ਼ਖ਼ਮੀ ਹਾਲਤ ਵਿਚ ਮਿਲਿਆ ਸੀ ਜਿਸ ਨੂੰ ਸਿਵਲ ਹਸਪਤਾਲ ਨਰਵਾਣਾ ’ਚ ਦਾਖਲ ਕਰਵਾਇਆ ਗਿਆ। ਬਾਅਦ ਵਿਚ ਪਰਿਵਾਰ ਦੀ ਮੰਗ ’ਤੇ ਪੀਜੀਆਈ ਰੋਹਤਕ ਤੋਂ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਸੀ।
ਇਸ ਮਾਮਲੇ ’ਚ ਦੋ ਦਿਨ ਪਹਿਲਾਂ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਜਵਾਬ ਦੇਣ ਲਈ ਹਾਈ ਕੋਰਟ ਤੋਂ ਸਮਾਂ ਦੇਣ ਦੀ ਮੰਗ ਕਰਦਿਆਂ ਕਿਹਾ ਸੀ ਕਿ ਪੁਲੀਸ ਵਲੋਂ ਖਨੌਰੀ ਬਾਰਡਰ ’ਤੇ ਘਟਨਾ ਸਥਾਨ ਦੀ ਨਿਸ਼ਾਨਦੇਹੀ ਕਰਨੀ ਹੈ ਕਿ ਘਟਨਾ ਵਾਲੀ ਜਗ੍ਹਾ ਪੰਜਾਬ ਦੀ ਹੱਦ ਵਿਚ ਜਾਂ ਹਰਿਆਣਾ ਦੀ ਹੱਦ ਵਿਚ ਪੈਂਦੀ ਹੈ। ਅਦਾਲਤ ਨੇ ਪ੍ਰਿਤਪਾਲ ਸਿੰਘ ਨੂੰ ਨਿਸ਼ਾਨਦੇਹੀ ਲਈ ਘਟਨਾ ਸਥਾਨ ’ਤੇ ਲਿਜਾਣ ਦੇ ਆਦੇਸ਼ ਦਿੱਤੇ ਸਨ। ਭਾਕਿਯੂ ਸਿੱਧੂਪੁਰ ਦੇ ਆਗੂ ਬਲਦੇਵ ਸਿੰਘ ਸੰਦੋਹਾ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸੇ ਕਾਰਨ ਹੀ ਅੱਜ ਪ੍ਰਿਤਪਾਲ ਸਿੰਘ ਨੂੰ ਐਬੂਲੈਂਸ ਰਾਹੀਂ ਖਨੌਰੀ ਬਾਰਡਰ ’ਤੇ ਲਿਆਂਦਾ ਗਿਆ ਸੀ।
ਉਧਰ ਪੰਜਾਬ ਪੁਲੀਸ ਵਲੋਂ ਥਾਣਾ ਪਾਤੜਾਂ ਵਿਚ ਪ੍ਰਿਤਪਾਲ ਸਿੰਘ ਦੇ ਬਿਆਨਾਂ ’ਤੇ ਹਰਿਆਣਾ ਪੁਲੀਸ ਦੇ 8/10 ਨਾਮਾਲੂਮ ਮੁਲਾਜ਼ਮਾਂ ਖ਼ਿਲਾਫ਼ ਜ਼ੇਰੇ ਦਫ਼ਾ 364, 365, 341, 323, 148,149 ਆਈਪੀਸੀ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਪ੍ਰਿਤਪਾਲ ਨੇ ਬਿਆਨਾਂ ਵਿਚ ਹਰਿਆਣਾ ਵਿਚ ਲਿਜਾ ਕੇ ਬੇਰਹਿਮੀ ਨਾਲ ਹੋਈ ਕੁੱਟਮਾਰ ਦਾ ਵਿਸਥਾਰ ’ਚ ਜ਼ਿਕਰ ਕੀਤਾ ਗਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×