ਬਰਨਾਲਾ ’ਚ ਪ੍ਰੀਤਮ ਸਿੰਘ ਰਾਹੀ ਯਾਦਗਾਰੀ ਸਨਮਾਨ ਸਮਾਰੋਹ
ਪਰਸ਼ੋਤਮ ਬੱਲੀ
ਬਰਨਾਲਾ, 26 ਨਵੰਬਰ
ਲਿਖਾਰੀ ਸਭਾ ਬਰਨਾਲਾ ਅਤੇ ਪ੍ਰੋ. ਪ੍ਰੀਤਮ ਸਿੰਘ ਰਾਹੀ ਟਰੱਸਟ ਵੱਲੋਂ ਸਾਂਝੇ ਤੌਰ ’ਤੇ ਗੋਬਿੰਦ ਬਾਂਸਲ ਟਰੱਸਟ ਕਮਿਊਨਿਟੀ ਹਾਲ ਵਿੱਚ ‘ਪ੍ਰੋ. ਪ੍ਰੀਤਮ ਸਿੰਘ ਰਾਹੀ ਯਾਦਗਾਰੀ ਸਮਾਰੋਹ’ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ’ਚ ਪੰਜਾਬ ਆਰਟ ਕੌਂਸਲ ਦੇ ਚੇਅਰਮੈਨ, ਉੱਘੇ ਸ਼ਾਇਰ ਤੇ ਆਰਟਿਸਟ ਸਵਰਨਜੀਤ ਸਿੰਘ ਸਵੀ, ਡਾ. ਸਰਬਜੀਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ), ਓਮ ਪ੍ਰਕਾਸ਼ ਗਾਸੋ, ਡਾ. ਜੋਗਿੰਦਰ ਸਿੰਘ ਨਿਰਾਲਾ ਅਤੇ ਸਾਗਰ ਸਿੰਘ ਸਾਗਰ ਸ਼ਾਮਲ ਸਨ। ਟਰੱਸਟ ਦੇ ਚੇਅਰਮੈਨ ਡਾ. ਰਾਹੁਲ ਰੁਪਾਲ ਨੇ ਕਿਹਾ ਕਿ ਪ੍ਰੋ. ਪ੍ਰੀਤਮ ਸਿੰਘ ਰਾਹੀ ਬਰਨਾਲਾ ਸਾਹਿਤਕ ਲਹਿਰ ਦੇ ਮੋਢੀਆਂ ‘ਚੋਂ ਤੇ ਸਥਾਪਿਤ ਜਨਵਾਦੀ ਸ਼ਾਇਰ ਸਨ, ਜਿਨ੍ਹਾਂ ਦੀ ਯਾਦ ਵਿੱਚ ਹਰ ਵਰ੍ਹੇ ਇਹ ਯਾਦਗਾਰੀ ਸਮਾਗਮ ਕਰਵਾਇਆ ਜਾਂਦਾ ਹੈ। ਦੂਸਰੇ ਸੈਸ਼ਨ ਵਿੱਚ ਪੁਰਸਕਾਰ ਵੰਡ ਸਮਾਰੋਹ ਹੋਇਆ ਜਿਸ ਵਿੱਚ ਕ੍ਰਮਵਾਰ ਹੇਠ ਲਿਖੇ ਪੁਰਸਕਾਰ ਪ੍ਰਦਾਨ ਕੀਤੇ ਗਏ, ਰਣਜੀਤ ਸਿੰਘ ਧੂਰੀ (ਪ੍ਰੋ. ਪ੍ਰੀਤਮ ਸਿੰਘ ਰਾਹੀ ਗ਼ਜ਼ਲ ਪੁਰਸਕਾਰ 2004), ਸ਼ਾਇਰਾ ਪਾਲ ਕੌਰ ਅੰਬਾਲਾ (ਮੁਹਾਂਦਰਾ ਪੁਰਸਕਾਰ-2024), ਸੱਤਪਾਲ ਭੀਖੀ ‘ਤਾਸਮਨ’ (ਸਾਹਿਤ ਸੰਪਾਦਕ ਐਵਾਰਡ), ਮਨਦੀਪ ਕੌਰ ਭੰਮਰਾ ਲੁਧਿਆਣਾ (ਸਰਦਾਰਨੀ ਹਰਿਲਾਭ ਕੌਰ ਪੁਰਸਕਾਰ-2024) ਪ੍ਰਦਾਨ ਕੀਤੇ ਗਏ। ਨਵਰਾਹੀ ਘੁਗਿਆਣਵੀ ਨੂੰ ਜੀਵਨ ਭਰ ਦੀਆਂ ਸਾਹਿਤਕ ਪ੍ਰਾਪਤੀਆਂ ਪੁਰਸਕਾਰ ਪ੍ਰਦਾਨ ਕੀਤਾ ਗਿਆ। ‘ਮੁਹਾਂਦਰਾ’ (ਤ੍ਰੈਮਾਸਿਕ) ਦਾ ਨਵਾਂ ਅੰਕ ਅਤੇ ਰਣਜੀਤ ਸਿੰਘ ਧੂਰੀ ਦੀ ਪੁਸਤਕ ‘ਵਿਹਾਰਕ ਅਰੂਜ਼ੀ ਬਹਿਰਾਂ’ ਲੋਕ ਅਰਪਣ ਕੀਤੀਆਂ ਗਈਆਂ।