For the best experience, open
https://m.punjabitribuneonline.com
on your mobile browser.
Advertisement

ਸਿੱਖਿਆ, ਸਿਹਤ ਅਤੇ ਖੇਤੀ ਨੂੰ ਤਰਜੀਹ

06:47 AM Mar 06, 2024 IST
ਸਿੱਖਿਆ  ਸਿਹਤ ਅਤੇ ਖੇਤੀ ਨੂੰ ਤਰਜੀਹ
Advertisement

* ਵਿੱਤ ਮੰਤਰੀ ਵੱਲੋਂ 2,04,918 ਕਰੋੜ ਰੁਪਏ ਦਾ ਬਜਟ ਪੇਸ਼
* ਬੀਤੇ ਸਾਲ ਨਾਲੋਂ ਤਿੰਨ ਫੀਸਦ ਵੱਧ ਹੈ ਵਿੱਤੀ ਵਰ੍ਹੇ 2024-25 ਦਾ ਬਜਟ
* ਹਰਪਾਲ ਚੀਮਾ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਯੋਜਨਾਵਾਂ ਬਾਰੇ ਦੱਸਿਆ
* ਬਜਟ ਪੰਜਾਬ ਦੇ ਟਿਕਾਊ ਤੇ ਖੁਸ਼ਹਾਲ ਭਵਿੱਖ ਦਾ ਖਾਕਾ: ਚੀਮਾ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 5 ਮਾਰਚ
ਪੰਜਾਬ ਵਿਧਾਨ ਸਭਾ ’ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇ ਪੇਸ਼ ਕੀਤੇ ਗਏ ਵਿੱਤੀ ਸਾਲ 2024-25 ਦੇ ਬਜਟ ਵਿਚ ਅੱਜ ਨਾ ਕੋਈ ਨਵਾਂ ਟੈਕਸ ਲਾਇਆ ਗਿਆ ਅਤੇ ਨਾ ਹੀ ਵੋਟਰਾਂ ਨੂੰ ਲੁਭਾਉਣ ਲਈ ਕੋਈ ਨਵੇਂ ਐਲਾਨ ਕੀਤੇ ਗਏ। ਵਿੱਤ ਮੰਤਰੀ ਚੀਮਾ ਨੇ ਸੂਬੇ ਵਿਚ ਵਿੱਤੀ ਤੰਗੀ ਦੇ ਮੱਦੇਨਜ਼ਰ ਵਿੱਤੀ ਸੰਜਮ ਦਾ ਰਾਹ ਅਖਤਿਆਰ ਕੀਤਾ ਜਿਸ ਕਾਰਨ ਅੱਜ ਕਿਸੇ ਵੀ ਵਰਗ ਲਈ ਬਜਟ ਵਿਚ ਤੋਹਫ਼ਾਨੁਮਾ ਝਲਕ ਦੇਖਣ ਨੂੰ ਨਹੀਂ ਮਿਲੀ। ‘ਆਪ’ ਸਰਕਾਰ ਦੇ ਕਾਰਜਕਾਲ ਦੇ ਤੀਜੇ ਬਜਟ ਦਾ ਰੰਗ ਪਿਛਲੇ ਵਰ੍ਹੇ ਨਾਲੋਂ ਵੱਖਰਾ ਨਜ਼ਰ ਆਇਆ। ਵਿੱਤ ਮੰਤਰੀ ਚੀਮਾ ਨੇ ਅੱਜ ਸਦਨ ਵਿੱਚ ਵਰ੍ਹਾ 2024-25 ਲਈ 2,04,918 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਜੋ ਕਿ ਪਿਛਲੇ ਵਰ੍ਹੇ ਦੇ ਬਜਟ ਨਾਲੋਂ ਤਿੰਨ ਫੀਸਦ ਵੱਧ ਹੈ। ਬਜਟ ਵਿਚ ਮੁੱਖ ਤੌਰ ’ਤੇ ਸਿਹਤ, ਸਿੱਖਿਆ, ਖੇਤੀ ਅਤੇ ਜਨਤਕ ਬੁਨਿਆਦੀ ਢਾਂਚੇ ’ਤੇ ਧਿਆਨ ਦਿੱਤਾ ਗਿਆ ਹੈ। ਇਸ ਬਜਟ ਵਿਚ 1,27,134 ਕਰੋੜ ਦੇ ਮਾਲੀਆ ਖਰਚਿਆਂ ਦੇ ਮੁਕਾਬਲੇ 1,03,936 ਕਰੋੜ ਦੇ ਮਾਲੀਆ ਪ੍ਰਾਪਤੀਆਂ ਦਾ ਟੀਚਾ ਤੈਅ ਕੀਤਾ ਗਿਆ ਹੈ। ਇਸ ਬਜਟ ਵਿੱਚ ਮਾਲੀਆ ਘਾਟਾ 23,198.14 ਕਰੋੜ ਦਾ ਰਹੇਗਾ। ਦੂਜੇ ਪਾਸੇ 38,331.48 ਕਰੋੜ ਦਾ ਮਾਰਕੀਟ ਲੋਨ ਲਿਆ ਜਾਵੇਗਾ। ਬਜਟ ਅਨੁਸਾਰ ਮਾਲੀਆ ਪ੍ਰਾਪਤੀਆਂ ਦਾ ਕਰੀਬ 52.88 ਫੀਸਦੀ ਤਨਖਾਹਾਂ ਤੇ ਪੈਨਸ਼ਨਾਂ ’ਤੇ ਚਲਾ ਜਾਵੇਗਾ ਜਦਕਿ 35.37 ਫੀਸਦੀ ਕਰਜ਼ੇ ਦੀ ਅਦਾਇਗੀ ’ਤੇ ਚਲਾ ਜਾਵੇਗਾ। ਇਸੇ ਤਰ੍ਹਾਂ ਬਿਜਲੀ ਸਬਸਿਡੀਆਂ ’ਤੇ ਮਾਲੀਆ ਪ੍ਰਾਪਤੀਆਂ ਦਾ 19.4 ਫੀਸਦੀ ਖਰਚ ਹੋਵੇਗਾ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਧਾਨ ਸਭਾ ਵਿੱਚ ਪੰਜਾਬ ਦਾ ਬਜਟ ਪੇਸ਼ ਕਰਦੇ ਹੋਏ। -ਫੋਟੋ: ਵਿੱਕੀ ਘਾਰੂ

ਪੰਜਾਬ ਸਿਰ ਕਰਜ਼ਾ ਮਾਰਚ 2025 ਤੱਕ ਵਧ ਕੇ 3.74 ਲੱਖ ਕਰੋੜ ਹੋ ਜਾਵੇਗਾ। ਬਜਟ ’ਚ ਫਸਲੀ ਖਰੀਦ ਵਾਸਤੇ ਕੋਈ ਵਿੱਤੀ ਸਹਾਇਤਾ ਜਾਂ ਕੀਮਤ ਸਥਿਰਤਾ ਫੰਡ ਵਗੈਰਾ ਨਹੀਂ ਐਲਾਨਿਆ ਗਿਆ ਹੈ ਪਰ ਫਸਲੀ ਵਿਭਿੰਨਤਾ ਲਈ 575 ਕਰੋੜ ਰੁਪਏ ਰੱਖੇ ਗਏ ਹਨ। ਵਿੱਤ ਮੰਤਰੀ ਚੀਮਾ ਨੇ ਬਜਟ ਪ੍ਰਸਤਾਵ ਪੇਸ਼ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਸੂਬੇ ਦੇ ਅੱਠ ਹਜ਼ਾਰ ਕਰੋੜ ਦੇ ਫੰਡ ਰੋਕ ਲਏ ਹਨ ਪਰ ਸੂਬਾ ਸਰਕਾਰ ਟੈਕਸ ਮਾਲੀਏ ਨੂੰ 13 ਫੀਸਦੀ ਵਧਾਉਣ ਵਿਚ ਸਫਲ ਰਹੀ ਹੈ ਅਤੇ ਆਬਕਾਰੀ ਡਿਊਟੀ ਤੋਂ ਮਾਲੀਆ 10 ਹਜ਼ਾਰ ਕਰੋੜ ਨੂੰ ਪਾਰ ਕਰ ਜਾਵੇਗਾ। ਚੀਮਾ ਨੇ ਖੇਤੀ ਲਈ 13,784 ਕਰੋੜ ਦੀ ਤਜਵੀਜ਼ ਪੇਸ਼ ਕਰਦਿਆਂ ਕਿਹਾ ਕਿ ਖੇਤੀ ਸੈਕਟਰ ਨੂੰ ਮੁਫਤ ਬਿਜਲੀ ਦੀ ਸਹੂਲਤ ਜਾਰੀ ਰਹੇਗੀ ਜਿਸ ਵਾਸਤੇ 9,330 ਕਰੋੜ ਰੁਪਏ ਰੱਖੇ ਗਏ ਹਨ। ਬਜਟ ਪ੍ਰਸਤਾਵਾਂ ’ਚ ਪੂੰਜੀਗਤ ਖਰਚਾ ਘਟਾ ਕੇ 7,445.03 ਕਰੋੜ ਕਰ ਦਿੱਤਾ ਗਿਆ ਹੈ ਜਦਕਿ ਸਾਲ 2023-24 ’ਚ ਇਹ ਟੀਚਾ 10,354.53 ਕਰੋੜ ਦਾ ਸੀ। ਵਿੱਤ ਮੰਤਰੀ ਨੇ 18 ਸਾਲ ਤੋਂ ਉਪਰ ਦੀਆਂ ਔਰਤਾਂ ਲਈ ਇੱਕ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਨਹੀਂ ਕੀਤਾ। ਚੀਮਾ ਨੇ ਬਜਟ ਨੂੰ ਪੰਜਾਬ ਦੇ ਟਿਕਾਊ ਤੇ ਖੁਸ਼ਹਾਲ ਭਵਿੱਖ ਦਾ ਰੋਡਮੈਪ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਜੀਐੱਸਟੀ ਕੁਲੈਕਸ਼ਨ, ਬਿਜਲੀ ਡਿਊਟੀ, ਵਾਹਨਾਂ ਤੇ ਟੈਕਸਾਂ ਅਤੇ ਸਟੈਂਪ ਡਿਊਟੀ ਕੁਲੈਕਸ਼ਨ ਵਿਚ ਵਾਧੇ ਤੋਂ ਕਾਫੀ ਉਮੀਦਾਂ ਹਨ। ਬਜਟ ਵਿਚ ਸਿੱਖਿਆ ਲਈ 16,987 ਅਤੇ ਸਿਹਤ ਲਈ 5,264 ਕਰੋੜ ਰੁਪਏ ਰੱਖੇ ਗਏ ਹਨ। ਬੁਨਿਆਦੀ ਢਾਂਚੇ ਦੇ ਵਿਕਾਸ ਲਈ 24,283 ਕਰੋੜ ਰੁਪਏ ਰੱਖੇ ਗਏ ਹਨ। ਉਦਯੋਗਿਕ ਖੇਤਰ ਲਈ 3,367 ਕਰੋੜ ਜਦਕਿ ਨਸ਼ਾ ਛੁਡਾਊ ਪਹਿਲਕਦਮੀ ਵਾਸਤੇ 70 ਕਰੋੜ ਦਾ ਫੰਡ ਰੱਖਿਆ ਗਿਆ ਹੈ। ਬਜਟ ’ਚ 100 ਪ੍ਰਾਇਮਰੀ ਸਕੂਲਾਂ ਨੂੰ ‘ਸਕੂਲ ਆਫ ਹੈਪੀਨੈੱਸ’ ਵਿਚ ਤਬਦੀਲ ਕਰਨ ਦੀ ਵਿਵਸਥਾ ਕੀਤੀ ਗਈ ਹੈ। ਬਜਟ ਵਿਚ ਖੇਡ ਨਰਸਰੀਆਂ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਅਤੇ ਮਾਲਵਾ ਨਹਿਰ ਨੂੰ ਮੁੱਖ ਪ੍ਰਾਜੈਕਟ ਵਜੋਂ ਉਭਾਰਿਆ ਗਿਆ ਹੈ। ਚੀਮਾ ਨੇ ਆਪਣੇ 1.20 ਘੰਟੇ ਦੇ ਭਾਸ਼ਨ ਵਿਚ ਔਰਤਾਂ ਲਈ ਮੁਫਤ ਬੱਸ ਯਾਤਰਾ ਸਹੂਲਤ ਵਾਸਤੇ 450 ਕਰੋੜ ਅਤੇ ਮੁੱਖ ਮੰਤਰੀ ਤੀਰਥ ਯਾਤਰਾ ਲਈ 25 ਕਰੋੜ ਦੇ ਫੰਡ ਰੱਖਣ ਦਾ ਜ਼ਿਕਰ ਕੀਤਾ। ਗ੍ਰਹਿ ਤੇ ਨਿਆਂ ਵਿਭਾਗ ਲਈ 10,635 ਕਰੋੜ ਅਲਾਟ ਕੀਤੇ ਗਏ ਹਨ ਅਤੇ ਸਮਾਜ ਭਲਾਈ ਸਕੀਮਾਂ ਲਈ 9,388 ਕਰੋੜ ਰੱਖੇ ਗਏ ਹਨ। ਈਕੋ ਟੂਰਿਜ਼ਮ ਪ੍ਰਾਜੈਕਟ ਲਾਗੂ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ।
ਚੀਮਾ ਨੇ ਬਜਟ ਪੇਸ਼ ਕਰਦਿਆਂ ਰੰਗਲਾ ਪੰਜਾਬ ਦੇ ਸੰਕਲਪ ਨੂੰ ਰੂਪਮਾਨ ਕਰਨ ਵਾਸਤੇ ਲਾਗੂ ਕੀਤੀਆਂ ਸਕੀਮਾਂ ਅਤੇ ਪ੍ਰਾਜੈਕਟਾਂ ਦੀ ਚਰਚਾ ਕੀਤੀ। ਮੁੱਖ ਤੌਰ ’ਤੇ ‘ਆਪ ਕੀ ਸਰਕਾਰ, ਆਪ ਦੇ ਦੁਆਰ’ ਤੇ ‘ਸਰਕਾਰ ਤੁਹਾਡੇ ਦੁਆਰ’, ‘ਆਮ ਆਦਮੀ ਕਲੀਨਿਕ’, ‘ਖੇਡਾਂ ਵਤਨ ਪੰਜਾਬ ਦੀਆਂ’, ਸੜਕ ਸੁਰੱਖਿਆ ਫੋਰਸ, ਫਰਿਸ਼ਤੇ ਸਕੀਮ, ਹਰ ਘਰ ਜਲ ਅਤੇ ‘ਬਿੱਲ ਲਿਆਓ, ਇਨਾਮ ਪਾਓ’ ਨੂੰ ਉਭਾਰਿਆ। ਚੀਮਾ ਵੱਲੋਂ ਪੇਸ਼ ਬਜਟ ਤਜਵੀਜ਼ਾਂ ਵਿਚ ਪਿਛਲੇ ਵਰ੍ਹੇ ਦੇ ਮੁਕਾਬਲੇ ਪ੍ਰਮੁੱਖ ਸੈਕਟਰਾਂ ਵਿੱਚ ਬਜਟ ਵਿਚ ਕਟੌਤੀ ਕੀਤੀ ਗਈ ਹੈ। ਅੱਜ ਦੇ ਬਜਟ ਵਿੱਚ ਮੁਲਾਜ਼ਮ ਵਰਗ ਵਾਸਤੇ ਕੋਈ ਖਾਸ ਐਲਾਨ ਨਹੀਂ ਹੋਇਆ ਤੇ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪਸਾਰ ਤੋਂ ਇਲਾਵਾ ਸਾਹਿਤਕ ਹਲਕਿਆਂ ਲਈ ਵੀ ਬਜਟ ਖਾਮੋਸ਼ ਹੀ ਰਿਹਾ ਹੈ।

ਕਰਜ਼ੇ ਦਾ ਬੋਝ ਚਾਰ ਫੀਸਦੀ ਘਟਾਇਆ: ਚੀਮਾ

ਚੰਡੀਗੜ੍ਹ (ਟਨਸ): ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਇਸ ਸਾਲ ਸੂਬੇ ਦੇ ਕਰਜ਼ੇ ਦੇ ਬੋਝ ਨੂੰ ਚਾਰ ਫੀਸਦੀ ਤੱਕ ਘਟਾਉਣਾ ਸਭ ਤੋਂ ਅਹਿਮ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਰਾਜ ਦੀ ਆਰਥਿਕਤਾ ਨੂੰ ਸੁਰਜੀਤ ਕਰਨ ਲਈ ਆਪਣੇ ਸਾਧਨਾਂ ਅੰਦਰ ਸਭ ਕੁਝ ਕਰਨਾ ਪਵੇਗਾ। ਜੋ ਕੁਝ ਵਿਰਾਸਤ ਵਿੱਚ ਮਿਲਿਆ ਹੈ, ਉਸ ਨੂੰ ਮੁਨਾਫੇ ਵਿਚ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਕਰਜ਼ਾ ਵਿਰਾਸਤ ਵਿਚ ਮਿਲਿਆ ਹੈ ਅਤੇ ਉਹ ਪੁਰਾਣਾ ਕਰਜ਼ਾ ਹੀ ਨਹੀਂ ਮੋੜ ਰਹੇ ਬਲਕਿ ਕਰਜ਼ੇ ’ਤੇ ਵਿਆਜ ਵੀ ਅਦਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਨੂੰ ਦਿੱਤੀ ਗਈ ਗਾਰੰਟੀ ਪੂਰੀ ਕਰਾਂਗੇ।

ਔਰਤਾਂ ਨੂੰ ਨਹੀਂ ਮਿਲਿਆ ਹਜ਼ਾਰ ਰੁਪਿਆ

‘ਆਪ’ ਸਰਕਾਰ ਨੇ ਆਪਣੇ ਤੀਜੇ ਬਜਟ ਵਿੱਚ ਵੀ 18 ਸਾਲ ਤੋਂ ਉਪਰ ਦੀਆਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਸਬੰਧੀ ਕੋਈ ਐਲਾਨ ਨਹੀਂ ਕੀਤਾ ਜਦਕਿ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਸਰਕਾਰ ਨੇ ਹਾਲ ਹੀ ਵਿਚ ਔਰਤਾਂ ਵਾਸਤੇ ਆਪੋ-ਆਪਣੇ ਬਜਟ ਵਿਚ ਰਾਸ਼ੀ ਰੱਖੀ ਹੈ। ਇਸੇ ਕਰਕੇ ਪੰਜਾਬ ਦੀਆਂ ਔਰਤਾਂ ਨੂੰ ਉਡੀਕ ਸੀ ਕਿਉਂਕਿ ਚੋਣਾਂ ’ਤੇ ਸਿਰ ’ਤੇ ਹਨ। ‘ਆਪ’ ਨੇ ਬੁਢਾਪਾ ਪੈਨਸ਼ਨ 2500 ਰੁਪਏ ਕਰਨ ਦਾ ਐਲਾਨ ਕੀਤਾ ਸੀ ਪਰ ਉਹ ਵਾਅਦਾ ਵੀ ਅੱਜ ਹਕੀਕਤ ਨਹੀਂ ਬਣ ਸਕਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 85 ਫੀਸਦੀ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ ਅਤੇ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦੀ ਗਾਰੰਟੀ ਵੀ ਜਲਦ ਪੂਰੀ ਕਰਾਂਗੇ।

ਮਾਲਵਾ ਨਹਿਰ ਲਈ ਬਜਟ ਅਲਾਟ

ਐਤਕੀਂ ਬਜਟ ਵਿਚ ਬਹੁਤੇ ਨਵੇਂ ਪ੍ਰਾਜੈਕਟ ਨਹੀਂ ਹਨ ਪਰ ‘ਮਾਲਵਾ ਨਹਿਰ’ ਦਾ ਐਲਾਨ ਖਾਸ ਕਰਕੇ ਮਲਵਈ ਖਿੱਤੇ ਲਈ ਅਹਿਮ ਹੈ। ਜਲ ਸਰੋਤ ਵਿਭਾਗ ਦੇ ਵੱਖ ਵੱਖ ਪ੍ਰਾਜੈਕਟਾਂ ਲਈ 143 ਕਰੋੜ ਰੱਖੇ ਗਏ ਹਨ ਜਦਕਿ ਰਾਜਸਥਾਨ ਫੀਡਰ ਅਤੇ ਸਰਹਿੰਦ ਫੀਡਰ ਲਈ 150 ਕਰੋੜ ਰਾਖਵੇਂ ਕੀਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਬਚਾਉਣ ਲਈ ਅਤੇ ਹਰ ਖੇਤ ਤੱਕ ਨਹਿਰੀ ਪਾਣੀ ਪੁੱਜਦਾ ਕਰਨ ਲਈ ਮਾਲਵਾ ਨਹਿਰ ਅਹਿਮ ਰਹੇਗੀ।

ਕਰਜ਼ੇ ਦੀ ਪੰਡ ਦਾ ਵਧੇਗਾ ਬੋਝ

ਬੇਸ਼ੱਕ ਅੱਜ ਮਾਲੀਏ ’ਚ ਵਾਧੇ ਦਾ ਗੱਲ ਕੀਤੀ ਗਈ ਹੈ ਪਰ ਪੰਜਾਬ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋਵੇਗੀ। ਨਵੇਂ ਬਜਟ ਅਨੁਮਾਨ ਅਨੁਸਾਰ ਮਾਲੀ ਵਰ੍ਹਾ 2024-25 ਦੇ ਅਖੀਰ ਤੱਕ ਸੂਬੇ ਸਿਰ ਕਰਜ਼ਾ ਵੱਧ ਕੇ 3,74,091.31 ਕਰੋੜ ਹੋ ਜਾਵੇਗਾ। ‘ਆਪ’ ਸਰਕਾਰ ਨੂੰ ਵਿਰਾਸਤ ’ਚ 2.83 ਲੱਖ ਕਰੋੜ ਦਾ ਕਰਜ਼ਾ ਮਿਲਿਆ ਸੀ। ਕਰੀਬ ਲੰਘੇ ਦੋ ਸਾਲਾਂ (ਜਨਵਰੀ 2024 ਤੱਕ) ਦੌਰਾਨ ‘ਆਪ’ ਸਰਕਾਰ ਨੇ 59,994.29 ਕਰੋੜ ਦਾ ਕਰਜ਼ ਚੁੱਕਿਆ ਹੈ। ਵਰ੍ਹਾ 2024-25 ਦੌਰਾਨ ਸਰਕਾਰ ਦਾ 38,331.48 ਕਰੋੜ ਦਾ ਨਵਾਂ ਕਰਜ਼ ਚੁੱਕਣ ਦਾ ਅਨੁਮਾਨ ਹੈ ਅਤੇ ਇਸ ਵਿੱਤੀ ਵਰ੍ਹੇ ਦੌਰਾਨ ਸਰਕਾਰ ਨੇ 36,766.56 ਕਰੋੜ ਦਾ ਕਰਜ਼ਾ ਉਤਾਰਨ ਦਾ ਉਪਬੰਦ ਕੀਤਾ ਹੈ ਜਿਸ ਵਿਚ 23,900 ਕਰੋੜ ਦੇ ਵਿਆਜ ਦੀ ਅਦਾਇਗੀ ਵੀ ਸ਼ਾਮਿਲ ਹੈ।

ਸਿੱਖਿਆ ਤੇ ਸਿਹਤ ਬਜਟ ’ਚ ਛੇ ਫੀਸਦ ਦਾ ਵਾਧਾ

ਸਿੱਖਿਆ ਦੇ ਬਜਟ ਵਿਚ ਕਰੀਬ ਛੇ ਫੀਸਦੀ ਦਾ ਵਾਧਾ ਕੀਤਾ ਗਿਆ ਹੈ ਜਿਸ ਤਹਿਤ 16,987 ਕਰੋੜ ਰੁਪਏ ਰੱਖੇ ਗਏ ਹਨ। ਹਾਲਾਂਕਿ ਪਿਛਲੇ ਵਰ੍ਹੇ ਸਿੱਖਿਆ ਬਜਟ ਵਿਚ 12 ਫੀਸਦੀ ਵਾਧਾ ਕੀਤਾ ਗਿਆ ਸੀ। ਸਕੂਲ ਆਫ ਐਮੀਨੈਂਸ ਲਈ 100 ਕਰੋੜ ਰੱਖੇ ਗਏ ਹਨ ਜਦਕਿ ਪਿਛਲੇ ਬਜਟ ਵਿੱਚ 200 ਕਰੋੜ ਦੀ ਵਿਵਸਥਾ ਕੀਤੀ ਗਈ ਸੀ। ਸਿਹਤ ਬਜਟ ਐਤਕੀਂ 5,264 ਕਰੋੜ ਦਾ ਅਨੁਮਾਨ ਕੀਤਾ ਗਿਆ ਹੈ ਜਿਸ ’ਚ 13 ਫੀਸਦੀ ਦਾ ਵਾਧਾ ਦਿਖਾਇਆ ਗਿਆ ਹੈ। ਇਸ ਵਾਰ ਬਜਟ ਦੇ ਕੁੱਲ ਖਰਚੇ ਦਾ 3.6 ਫੀਸਦੀ ਸਿਹਤ ਬਜਟ ਰੱਖਿਆ ਗਿਆ ਹੈ ਜਦੋਂ ਕਿ ਪਿਛਲੇ ਵਰ੍ਹੇ ਇਹੋ ਬਜਟ 4.2 ਫੀਸਦੀ ਸੀ। ਆਮ ਆਦਮੀ ਕਲੀਨਿਕਾਂ ਲਈ 249 ਕਰੋੜ ਰੱਖੇ ਗਏ ਹਨ। ਫਰਿਸ਼ਤੇ ਸਕੀਮ ਲਈ 20 ਕਰੋੜ ਰੱਖੇ ਗਏ ਹਨ।

ਖੇਤੀ ਬਜਟ ਵਿੱਚ ਚਾਰ ਫੀਸਦ ਵਾਧਾ

ਇਸ ਵਾਰ ਖੇਤੀ ਬਜਟ ਵਿਚ ਸਿਰਫ ਚਾਰ ਫੀਸਦੀ ਦਾ ਵਾਧਾ ਕੀਤਾ ਹੈ ਜਦਕਿ ਪਿਛਲੇ ਵਰ੍ਹੇ ਖੇਤੀ ਬਜਟ ਵਿਚ 20 ਫੀਸਦੀ ਦਾ ਵਾਧਾ ਕੀਤਾ ਗਿਆ ਸੀ। ਵਰ੍ਹਾ 2024-25 ਦੇ ਬਜਟ ਵਿਚ 13,784 ਕਰੋੜ ਰੁਪਏ ਰੱਖੇ ਗਏ ਹਨ। ਫਸਲੀ ਵਿਭਿੰਨਤਾ ਲਈ 575 ਕਰੋੜ ਰਾਖਵੇਂ ਕੀਤੇ ਗਏ ਹਨ ਜਦਕਿ ਪਿਛਲੇ ਸਾਲ ਇੱਕ ਹਜ਼ਾਰ ਕਰੋੜ ਰੁਪਏ ਰੱਖੇ ਗਏ ਸਨ। ਲੰਘੇ ਵਰ੍ਹੇ ਬਜਟ ਵਿਚ ਖੇਤੀ ਨੀਤੀ ਅਤੇ ਫਸਲੀ ਬੀਮਾ ਸਕੀਮ ਦਾ ਐਲਾਨ ਕੀਤਾ ਗਿਆ ਸੀ ਪਰ ਐਤਕੀਂ ਬਜਟ ਇਸ ਬਾਰੇ ਖਾਮੋਸ਼ ਹੈ। ਖੇਤੀ ਸੈਕਟਰ ਨੂੰ ਮੁਫਤ ਬਿਜਲੀ ਦੇਣ ਲਈ 9,330 ਕਰੋੜ ਰੁਪਏ ਰੱਖੇ ਗਏ ਹਨ।

ਯੂਨੀਵਰਸਿਟੀਆਂ ਲਈ 1,425 ਕਰੋੜ ਦੇ ਫੰਡ ਰੱਖੇ

ਸੂਬੇ ਦੀਆਂ ’ਵਰਸਿਟੀਆਂ ਅਤੇ ਕਾਂਸਟੀਚਿਊਐਂਟ ਕਾਲਜਾਂ ਨੂੰ ਗਰਾਂਟ ਇਨ ਏਡ ਲਈ 1,425 ਕਰੋੜ ਰੱਖੇ ਗਏ ਹਨ। ਪੰਜਾਬ ਖੇਤੀ ’ਵਰਸਿਟੀ ਲਈ ਖੋਜ ਕਾਰਜਾਂ ਆਦਿ ਲਈ 40 ਕਰੋੜ, ਪੰਜਾਬ ’ਵਰਸਿਟੀ ਦੇ ਹੋਸਟਲ ਲਈ 40 ਕਰੋੜ ਅਤੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ’ਵਰਸਿਟੀ ਲਈ 34 ਕਰੋੜ ਰੱਖੇ ਗਏ ਹਨ। ਇਸ ਤੋਂ ਇਲਾਵਾ ਉਚੇਰੀ ਸਿੱਖਿਆ ਵਾਸਤੇ 101 ਕਰੋੜ ਰਾਖਵੇਂ ਕੀਤੇ ਗਏ ਹਨ। ਤਕਨੀਕੀ ਸਿੱਖਿਆ ਵਾਸਤੇ 525 ਕਰੋੜ ਰੁਪਏ ਰੱਖੇ ਗਏ ਹਨ।

ਬਜਟ ‘ਰੰਗਲਾ ਪੰਜਾਬ’ ਬਣਾਉਣ ਵੱਲ ਅਹਿਮ ਕਦਮ: ਮੁੱਖ ਮੰਤਰੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪੇਸ਼ ਕੀਤੇ ਬਜਟ 2024-25 ਦੀ ਸ਼ਲਾਘਾ ਕਰਦਿਆਂ ਇਸ ਨੂੰ ਸੂਬੇ ਦੇ ਸਮੁੱਚੇ, ਬਰਾਬਰ ਅਤੇ ਵਿਆਪਕ ਵਿਕਾਸ ਰਾਹੀਂ ‘ਰੰਗਲਾ ਪੰਜਾਬ’ ਬਣਾਉਣ ਦੀ ਦਿਸ਼ਾ ਵੱਲ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ‘ਜ਼ੀਰੋ ਟੈਕਸ’ ਬਜਟ ’ਚ ਸਾਰੇ ਮੁੱਖ ਖੇਤਰਾਂ ਜਿਵੇਂ ਸਿਹਤ, ਸਿੱਖਿਆ, ਬਿਜਲੀ, ਬੁਨਿਆਦੀ ਢਾਂਚਾ, ਉਦਯੋਗ, ਖੇਡਾਂ, ਸਮਾਜਿਕ ਸੁਰੱਖਿਆ ਅਤੇ ਹੋਰ ਖੇਤਰਾਂ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ ਹੈ ਜੋ ਸੂਬੇ ਦੇ ਵਿਕਾਸ ਲਈ ਨਵੇਂ ਰਾਹ ਖੋਲ੍ਹੇਗਾ। ਉਨ੍ਹਾਂ ਕਿਹਾ ਕਿ ਇਹ ਬਜਟ ਸੂਬੇ ਦੇ ਸਮੁੱਚੇ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰੇਗਾ ਅਤੇ ਸਮਾਜ ਦੇ ਸਾਰੇ ਵਰਗਾਂ ਖਾਸ ਕਰ ਕੇ ਗਰੀਬ ਤੇ ਪਛੜੇ ਵਰਗਾਂ ਦੀ ਖੁਸ਼ਹਾਲੀ ਯਕੀਨੀ ਬਣਾਏਗਾ।

ਬਜਟ ’ਚ ਕਿਸਾਨ, ਫਸਲੀ ਵਿਭਿੰਨਤਾ ਅਤੇ ਉਦਯੋਗ ਵਿਸਾਰੇ: ਜਾਖੜ

ਚੰਡੀਗੜ੍ਹ (ਟਨਸ): ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੂਬਾ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਕਿਸਾਨ ਭਾਈਚਾਰੇ ਦੀ ਪਿੱਠ ’ਚ ਛੁਰਾ ਮਾਰਨ ਵਾਲਾ ਬਜਟ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਵਿੱਤ ਵਰ੍ਹੇ 2024-25 ਦੇ ਬਜਟ ਵਿੱਚ ਕਿਸਾਨਾਂ, ਫਸਲੀ ਵਿਭਿੰਨਤਾ, ਧਰਤੀ ਹੇਠਲੇ ਪਾਣੀ ਦੀ ਸੰਭਾਲ ਤੇ ਉਦਯੋਗਾਂ ਨੂੰ ਸੁਰਜੀਤ ਕਰਨ ਲਈ ਕੋਈ ਰੋਡਮੈਪ ਨਹੀਂ ਦਿੱਤਾ ਗਿਆ। ਇਹ ‘ਆਪ’ ਸਰਕਾਰ ਦਾ ਤੀਜਾ ਸਾਲ ਹੈ ਪਰ ਸਰਕਾਰ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕੱਢਿਆ ਅਤੇ ਨਾ ਹੀ ਉਨ੍ਹਾਂ ਨਾਲ ਕੀਤੇ ਵਾਅਦੇ ਪੁਗਾਏ ਹਨ। ਜਾਖੜ ਨੇ ਕਿਹਾ ਕਿ ਪੰਜਾਬ ਦੇ ਸਿਰ ਕਰਜ਼ਾ ਲਗਾਤਾਰ ਵਧ ਰਿਹਾ ਹੈ। ਇਸ ਵਾਰ ਪੰਜਾਬ ਦਾ ਬਜਟ 2 ਲੱਖ ਕਰੋੜ ਰੁਪਏ ਦਾ ਬਜਟ ਹੈ ਅਤੇ ਕਰਜ਼ਾ 4 ਲੱਖ ਕਰੋੜ ਰੁਪਏ ਦੇ ਕਰੀਬ ਪਹੁੰਚਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਬਜਟ ਵਿੱਚ ਸ਼ਹਿਰੀ ਵਿਕਾਸ ਤੇ ਸ਼ਹਿਰਾਂ ਦੇ ਬੁਨਿਆਦੀ ਢਾਂਚੇ ਦੇ ਰੱਖ-ਰਖਾਅ ਲਈ ਕੋਈ ਯੋਜਨਾ ਤਿਆਰ ਨਹੀਂ ਕੀਤੀ ਹੈ। ਇਸ ਤੋਂ ਇਲਾਵਾ ਸਿੱਖਿਆ ਲਈ ਰੱਖੇ ਫੰਡ ਵੀ ਲੋੜ ਨਾਲੋਂ ਘੱਟ ਹਨ।

ਬਜਟ ਦੇ ਮੁੱਖ ਪੱਖ

* ਸਿੱਖਿਆ ’ਤੇ ਖਰਚ: 16,987 ਕਰੋੜ (ਕੁੱਲ ਖਰਚੇ ਦਾ 11.48 ਫੀਸਦੀ)
* ਸਿਹਤ ’ਤੇ ਖਰਚ: 5,264 ਕਰੋੜ (3.55 ਫੀਸਦੀ)
* ਖੇਤੀਬਾੜੀ ’ਤੇ ਖਰਚ: 13,784 ਕਰੋੜ (9.3 ਫੀਸਦੀ)
* ਖੇਡ ਤੇ ਯੁਵਕ ਭਲਾਈ ’ਤੇ ਖਰਚ: 272 ਕਰੋੜ (0.18 ਫੀਸਦੀ)
* ਸਮਾਜ ਭਲਾਈ ਤੇ ਨਿਆਂ: 9,388 ਕਰੋੜ (6.3 ਫੀਸਦੀ)
* ਪੇਂਡੂ ਵਿਕਾਸ: 2,090 ਕਰੋੜ (7 ਫੀਸਦੀ)
* ਸਿੰਜਾਈ ਅਤੇ ਹੜ੍ਹ ਕੰਟਰੋਲ: 948 ਕਰੋੜ (ਤਿੰਨ ਫੀਸਦੀ)
* ਟਰਾਂਸਪੋਰਟ: 1,760 ਕਰੋੜ (ਛੇ ਫੀਸਦੀ)
* ਬੁਨਿਆਦੀ ਢਾਂਚਾ: 24,283 ਕਰੋੜ (16.4 ਫੀਸਦੀ)
* ਫਸਲੀ ਵਿਭਿੰਨਤਾ ਪ੍ਰੋਗਰਾਮ: 575 ਕਰੋੜ
* ਖੇਤੀ ਲਈ ਬਿਜਲੀ ਸਬਸਿਡੀ: 9,330 ਕਰੋੜ
* ਕੌਮੀ ਸਿਹਤ ਮਿਸ਼ਨ: 961 ਕਰੋੜ
* ਆਮ ਆਦਮੀ ਕਲੀਨਿਕਾਂ: 249 ਕਰੋੜ
* ਆਯੂਸ਼ਮਾਨ ਸਕੀਮ: 553 ਕਰੋੜ
* ਘਰ ਘਰ ਮੁਫਤ ਰਾਸ਼ਨ: 250 ਕਰੋੜ

ਰੁਪਿਆ ਕਿੱਥੋਂ ਆਏਗਾ

* ਸੂਬੇ ਨੂੰ ਆਪਣੇ ਟੈਕਸਾਂ ਤੋਂ ਆਮਦਨ: 58,900 ਕਰੋੜ
* ਸਰਕਾਰੀ ਰਿਣ ਤੋਂ ਪ੍ਰਾਪਤੀਆਂ: 41,831.48 ਕਰੋੜ
* ਕੇਂਦਰਾਂ ਟੈਕਸਾਂ ਚੋਂ ਹਿੱਸੇਦਾਰੀ: 22,041.48 ਕਰੋੜ
* ਕੇਂਦਰ ਤੋਂ ਗਰਾਂਟਾਂ: 11,748.38 ਕਰੋੜ
* ਆਪਣੇ ਗੈਰ ਟੈਕਸਾਂ ਤੋਂ ਆਮਦਨ: 11,246 ਕਰੋੜ

ਕਿੱਥੇ ਜਾਏਗਾ

* ਤਨਖਾਹ ਅਤੇ ਉਜਰਤਾਂ: 35,167.74 ਕਰੋੜ
* ਪੈਨਸ਼ਨਾਂ ਤੇ ਹੋਰ ਸੇਵਾ ਨਵਿਰਤੀ ਲਾਭ: 19,800 ਕਰੋੜ
* ਪੂੰਜੀਗਤ ਖਰਚਾ ਸਮੇਤ ਸਰਕਾਰੀ ਰਿਣ ਦੀ ਅਦਾਇਗੀ: 20,312 ਕਰੋੜ
* ਵਿਆਜ ਅਦਾਇਗੀਆਂ: 23,900 ਕਰੋੜ
* ਹੋਰ ਮਾਲੀਆ ਖਰਚੇ: 48,267 ਕਰੋੜ

ਨਵੇਂ ਐਲਾਨ

* ਮਾਲਵਾ ਖਿੱਤੇ ਲਈ ‘ਮਾਲਵਾ ਨਹਿਰ’
* ਪਿੰਡ ਪੱਧਰ ’ਤੇ ਸਿਖਲਾਈ ਲਈ ‘ਮਿਸ਼ਨ ਫੁਲਕਾਰੀ’
* ਸਹਿਕਾਰੀ ਖੰਡ ਮਿੱਲ ਗੁਰਦਾਸਪੁਰ ’ਚ ਨਵਾਂ ਈਥਾਨੋਲ ਪ੍ਰਾਜੈਕਟ
* ਪੰਜ ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ) ਹੁਣ ਕੋ ਐਡ ’ਚ ਤਬਦੀਲ
* ਸਰਕਾਰੀ ਅਯੁਰਵੈਦਿਕ ਕਾਲਜ ਪਟਿਆਲਾ ਵਿਚ ਲੜਕੀਆਂ ਦਾ ਹੋਸਟਲ
* ਸਿਹਤ ਕੇਂਦਰਾਂ ਲਈ 58 ਨਵੀਆਂ ਐਂਬੂਲੈਂਸਾਂ
* ਪੰਜਾਬ ਹੁਨਰ ਵਿਕਾਸ ਯੋਜਨਾ
* ਪ੍ਰਬੰਧਕੀ ਕੰਪਲੈਕਸਾਂ ਦੀ ਉਸਾਰੀ ਤੇ ਮੁਰੰਮਤ
* ਜੰਗੀ ਵਿਧਵਾਵਾਂ ਦੀ ਪੈਨਸ਼ਨ ਵਿੱਚ ਵਾਧਾ
* ਜੰਗਲੀ ਬੀੜਾਂ ਵਿਚ ਈਕੋ ਟੂਰਿਜ਼ਮ
* ਖੇੜਾ ਕਮਲੋਟ ਤੇ ਭਲੇੜੀ ਦਰਮਿਆਨ ਅਤੇ ਬੇਲਾ ਧਿਆਨੀ ਤੇ ਅਜੌਲੀ ਦਰਮਿਆਨ ਪੁਲਾਂ ਦੀ ਉਸਾਰੀ
* ਪਟਿਆਲਾ ਤੇ ਅੰਮ੍ਰਿਤਸਰ ਦੇ ਐਵੀਏਸ਼ਨ ਕਲੱਬ ਲਈ ਬਹੁਇੰਜਨੀ ਏਅਰ ਕਰਾਫਟ ਤੇ ਸਿਮੂਲੇਟਰਜ਼

ਬਜਟ ਦੇ ਨੁਕਤੇ

* ਘਰੇਲੂ ਖਪਤਕਾਰਾਂ ਲਈ ਮੁਫਤ ਬਿਜਲੀ: 7,780 ਕਰੋੜ
* ਮੁੱਖ ਮੰਤਰੀ ਤੀਰਥ ਯਾਤਰਾ: 25 ਕਰੋੜ
* ਔਰਤਾਂ ਲਈ ਮੁਫਤ ਬੱਸ ਸਹੂਲਤ: 450 ਕਰੋੜ
* ਸਕੂਲ ਆਫ ਐਮੀਨੈਂਸ: 100 ਕਰੋੜ
* ਸਕੂਲ ਆਫ ਹੈਪੀਨੈੱਸ: 10 ਕਰੋੜ
* ਸਕੂਲ ਆਫ ਬ੍ਰਿਲੀਐਂਸੀ: 10 ਕਰੋੜ
* ਉੱਚੇਰੀ ਸਿੱਖਿਆ ਦੀਆਂ ਸਕੀਮਾਂ: 101 ਕਰੋੜ
* ਹੁਸ਼ਿਆਰਪੁਰ ਤੇ ਕਪੂਰਥਲਾ ਮੈਡੀਕਲ ਕਾਲਜ: 100 ਕਰੋੜ
* ਅੰਮ੍ਰਿਤਸਰ ਤੇ ਫਾਜ਼ਿਲਕਾ ’ਚ ਤੀਜਾ ਦਰਜਾ ਦੇਖਭਾਲ ਕੇਂਦਰ: 40 ਕਰੋੜ
* ਮੈਡੀਕਲ ਕਾਲਜਾਂ ਦੇ ਬੁਨਿਆਦੀ ਢਾਂਚੇ: 170 ਕਰੋੜ
* ਖੇਡ ਨਰਸਰੀਆਂ: 50 ਕਰੋੜ
* ਯਾਦਗਾਰਾਂ ਦੀ ਉਸਾਰੀ ਤੇ ਸਾਂਭ ਸੰਭਾਲ: 30 ਕਰੋੜ
* ਜੇਲ੍ਹਾਂ ਦਾ ਬੁਨਿਆਦੀ ਢਾਂਚਾ: 547 ਕਰੋੜ
* ਪੁਲੀਸ ਬਲਾਂ ਦਾ ਆਧੁਨਿਕੀਕਰਨ: 427 ਕਰੋੜ
* ਸਮਾਜਿਕ ਸੁਰੱਖਿਆ ਸਹਾਇਤਾ: 5925 ਕਰੋੜ
* ਸੜਕਾਂ ਤੇ ਪੁਲਾਂ ਦੀ ਉਸਾਰੀ ਤੇ ਮੁਰੰਮਤ: 662 ਕਰੋੜ
* ਮਨਰੇਗਾ: 655 ਕਰੋੜ

ਸੂਬਾਈ ਟੈਕਸਾਂ ਤੋਂ ਅਨੁਮਾਨਿਤ ਮਾਲੀਆ

* ਜੀਐੱਸਟੀ ਤੋਂ ਪ੍ਰਾਪਤੀ: 25,750 ਕਰੋੜ (14.44 ਫੀਸਦੀ ਵਾਧਾ)
* ਆਬਕਾਰੀ ਆਮਦਨ: 10,350 ਕਰੋੜ (4.55 ਫੀਸਦੀ ਵਾਧਾ)
* ਵੈਟ ਪ੍ਰਾਪਤੀ: 8,550 ਕਰੋੜ (14 ਫੀਸਦੀ ਵਾਧਾ)
* ਸਟੈਂਪ ਡਿਊਟੀ ਤੇ ਰਜਿਸਟ੍ਰੇਸ਼ਨ: 5,750 ਕਰੋੜ (25 ਫੀਸਦੀ ਵਾਧਾ)
* ਵਾਹਨਾਂ ’ਤੇ ਟੈਕਸ: 4,350 ਕਰੋੜ (31.82 ਫੀਸਦੀ ਵਾਧਾ)
* ਬਿਜਲੀ ਡਿਊਟੀ: 3,500 ਕਰੋੜ (12.90 ਫੀਸਦੀ ਵਾਧਾ)
* ਹੋਰ ਪ੍ਰਾਪਤੀਆਂ: 650 ਕਰੋੜ (30 ਫੀਸਦੀ ਵਾਧਾ)

ਅਨੁਮਾਨਿਤ ਖਰਚ

* ਸਿੱਖਿਆ ’ਤੇ ਖਰਚ: 16,987 ਕਰੋੜ (ਕੁੱਲ ਖਰਚੇ ਦਾ 11.48 ਫੀਸਦੀ)
* ਸਿਹਤ ’ਤੇ ਖਰਚ: 5,264 ਕਰੋੜ (3.55 ਫੀਸਦੀ)
* ਖੇਤੀਬਾੜੀ ’ਤੇ ਖਰਚ: 13,784 ਕਰੋੜ (9.3 ਫੀਸਦੀ)
* ਖੇਡ ਤੇ ਯੁਵਕ ਭਲਾਈ ’ਤੇ ਖਰਚ: 272 ਕਰੋੜ (0.18 ਫੀਸਦੀ)
* ਸਮਾਜ ਭਲਾਈ ਤੇ ਨਿਆਂ: 9,388 ਕਰੋੜ (6.3 ਫੀਸਦੀ)
* ਪੇਂਡੂ ਵਿਕਾਸ: 2,090 ਕਰੋੜ (7 ਫੀਸਦੀ)
* ਸਿੰਜਾਈ ਤੇ ਹੜ੍ਹ ਕੰਟਰੋਲ: 948 ਕਰੋੜ (ਤਿੰਨ ਫੀਸਦੀ)
* ਟਰਾਂਸਪੋਰਟ: 1,760 ਕਰੋੜ (ਛੇ ਫੀਸਦੀ)
* ਬੁਨਿਆਦੀ ਢਾਂਚਾ: 24,283 ਕਰੋੜ (16.4 ਫੀਸਦੀ)

Advertisement
Author Image

joginder kumar

View all posts

Advertisement
Advertisement
×