For the best experience, open
https://m.punjabitribuneonline.com
on your mobile browser.
Advertisement

ਕੈਥੋਲਿਕ ਸੰਸਥਾਵਾਂ ਦੀ ਪਹਿਲ

08:09 AM Apr 05, 2024 IST
ਕੈਥੋਲਿਕ ਸੰਸਥਾਵਾਂ ਦੀ ਪਹਿਲ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਦੇਸ਼ ਦੇ ਮੌਜੂਦਾ ਸਮਾਜਿਕ, ਸੱਭਿਆਚਾਰਕ, ਧਾਰਮਿਕ ਅਤੇ ਸਿਆਸੀ ਮਾਹੌਲ ਕਰ ਕੇ ਪੈਦਾ ਹੋਈਆਂ ਚੁਣੌਤੀਆਂ ਦੇ ਮੱਦੇਨਜ਼ਰ ਕੈਥੋਲਿਕ ਬਿਸ਼ਪਜ਼ ਕਾਨਫਰੰਸ ਆਫ ਇੰਡੀਆ (ਸੀਬੀਸੀਆਈ) ਨੇ ਆਪਣੇ ਅਧਿਕਾਰ ਖੇਤਰ ਹੇਠ ਆਉਂਦੇ ਸਾਰੇ ਵਿਦਿਅਕ ਅਦਾਰਿਆਂ ਲਈ ਸੇਧਾਂ ਜਾਰੀ ਕੀਤੀਆਂ ਹਨ। ਇਨ੍ਹਾਂ ਵਿਚ ਰੋਜ਼ਾਨਾ ਪ੍ਰਾਰਥਨਾ ਸਭਾ ਵੇਲੇ ਵਿਦਿਆਰਥੀਆਂ ਵੱਲੋਂ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨਾ, ਸਾਰੇ ਧਰਮਾਂ ਅਤੇ ਰਵਾਇਤਾਂ ਪ੍ਰਤੀ ਸਤਿਕਾਰ ਦਰਸਾਉਣਾ, ਦੂਜੇ ਧਰਮਾਂ ਨਾਲ ਸਬੰਧਿਤ ਵਿਦਿਆਰਥੀਆਂ ਉੱਪਰ ਇਸਾਈ ਰਵਾਇਤਾਂ ਨਾ ਥੋਪਣਾ ਅਤੇ ਕੈਂਪਸ ਅੰਦਰ ਅੰਤਰ-ਧਰਮ ਪ੍ਰਾਰਥਨਾ ਘਰ ਸਥਾਪਿਤ ਕਰਨਾ ਸ਼ਾਮਿਲ ਹਨ। ਸੀਬੀਸੀਆਈ ਭਾਰਤ ਵਿਚ ਕੈਥੋਲਿਕ ਭਾਈਚਾਰੇ ਦੀ ਫ਼ੈਸਲਾ ਕਰਨ ਵਾਲੀ ਸਿਰਮੌਰ ਸੰਸਥਾ ਹੈ ਜਿਸ ਅਧੀਨ ਕਰੀਬ 14 ਹਜ਼ਾਰ ਸਕੂਲ, 650 ਕਾਲਜ, ਸੱਤ ਯੂਨੀਵਰਸਿਟੀਆਂ, ਪੰਜ ਮੈਡੀਕਲ ਕਾਲਜ ਅਤੇ 450 ਤਕਨੀਕੀ ਤੇ ਵੋਕੇਸ਼ਨਲ ਸੰਸਥਾਵਾਂ ਕੰਮ ਕਰ ਰਹੀਆਂ ਹਨ। ਇਸ ਤਰ੍ਹਾਂ ਦੀ ਕਿਸੇ ਪ੍ਰਭਾਵਸ਼ਾਲੀ ਸੰਸਥਾ ਵੱਲੋਂ ਉਠਾਇਆ ਗਿਆ ਇਹ ਕਦਮ ਵਾਕਈ ਸਲਾਹੁਣਯੋਗ ਹੈ ਜਿਸ ਨਾਲ ਧਾਰਮਿਕ ਅਤੇ ਸੱਭਿਆਚਾਰਕ ਇਕਸੁਰਤਾ ਅਤੇ ਮੇਲ-ਜੋਲ ਦੀ ਭਾਵਨਾ ਵਧਦੀ ਹੈ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਅੰਦਰ ਅਨੇਕਤਾ ਅਤੇ ਵੰਨ-ਸਵੰਨਤਾ ਲਈ ਸਤਿਕਾਰ ਵਧਦਾ ਹੈ।
ਪ੍ਰਸਤਾਵਨਾ ਨੂੰ ਸੰਵਿਧਾਨ ਦੀ ਆਤਮਾ ਤਸਲੀਮ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਇਨਸਾਫ਼, ਸਮਾਨਤਾ, ਆਜ਼ਾਦੀ ਅਤੇ ਭਾਈਚਾਰੇ ਜਿਹੀਆਂ ਮੂਲ ਸੰਵਿਧਾਨਕ ਕਦਰਾਂ-ਕੀਮਤਾਂ ਦਾ ਸਾਰ ਮਿਲਦਾ ਹੈ। ਸਕੂਲ ਦੇ ਮੁੱਖ ਦੁਆਰ ’ਤੇ ਪ੍ਰਸਤਾਵਨਾ ਲਿਖਵਾਉਣਾ ਅਤੇ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਇਸ ਦੇ ਪਾਠ ਨਾਲ ਸਮਾਜ ਅੰਦਰ ਸੰਵਿਧਾਨਕ ਕਦਰਾਂ-ਕੀਮਤਾਂ ਦਾ ਪ੍ਰਸਾਰ ਕਰਨ ਵਿਚ ਮਦਦ ਮਿਲੇਗੀ। ਵਿਅਕਤੀ ਦੀ ਗ਼ੈਰਤ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਪੂਰੀ ਅਹਿਮੀਅਤ ਦੇਣ ਨਾਲ ਬੱਚਿਆਂ ਲਈ ਪ੍ਰੌਢ ਅਤੇ ਜਿ਼ੰਮੇਵਾਰ ਨਾਗਰਿਕ ਬਣਨ ਅਤੇ ਧਰਮ ਨਿਰਪੱਖ ਨਜ਼ਰੀਆ ਧਾਰਨ ਕਰਨ ਲਈ ਸਾਜ਼ਗਾਰ ਮਾਹੌਲ ਪੈਦਾ ਹੋਵੇਗਾ। ਦੇਸ਼ ਅੰਦਰ ਅੱਜ ਕੱਲ੍ਹ ਜਿਵੇਂ ਧਰੁਵੀਕਰਨ ਦਾ ਮਾਹੌਲ ਬਣਿਆ ਹੋਇਆ ਹੈ, ਉਸ ਦੇ ਮੱਦੇਨਜ਼ਰ ਇਨ੍ਹਾਂ ਸਰੋਕਾਰਾਂ ਨੂੰ ਉਜਾਗਰ ਕਰਨ ਅਤੇ ਇਸ ਦੇ ਨਾਲ ਹੀ ਹਾਂਦਰੂ ਮਾਹੌਲ ਪੈਦਾ ਕਰਨ ਦੇ ਕਦਮਾਂ ਦੀ ਬਹੁਤ ਲੋੜ ਅਤੇ ਅਹਿਮੀਅਤ ਹੈ। ਕੈਥੋਲਿਕ ਅਦਾਰੇ ਦੇ ਇਸ ਉੱਦਮ ਤੋਂ ਹੋਰਨਾਂ ਧਰਮਾਂ ਨਾਲ ਸਬੰਧਿਤ ਵਿਦਿਅਕ ਅਦਾਰਿਆਂ ਨੂੰ ਪ੍ਰੇਰਨਾ ਲੈ ਕੇ ਆਪੋ-ਆਪਣੇ ਅਦਾਰਿਆਂ ਅੰਦਰ ਇਨ੍ਹਾਂ ਸੰਵਿਧਾਨਕ ਅਤੇ ਸਮਾਜਿਕ-ਸੱਭਿਆਚਾਰਕ ਸਰੋਕਾਰਾਂ ਨੂੰ ਮੁਖ਼ਾਤਬਿ ਹੋਣਾ ਚਾਹੀਦਾ ਹੈ।
ਇਸ ਸਬੰਧ ਵਿਚ ਸੁਪਰੀਮ ਕੋਰਟ ਨੇ ਇਸ ਸਾਲ ਜਨਵਰੀ ਮਹੀਨੇ ਰਾਹ ਦਰਸਾਉਂਦਿਆਂ ਇਹ ਰਾਏ ਦਿੱਤੀ ਸੀ ਕਿ ਘੱਟ-ਗਿਣਤੀਆਂ ਵਲੋਂ ਸੰਵਿਧਾਨ ਦੀ ਧਾਰਾ 30 (1) ਅਧੀਨ ਕੋਈ ਸਿੱਖਿਆ ਸੰਸਥਾ ਸਥਾਪਿਤ ਕਰਨ ਦੇ ਹੱਕ ਦਾ ਇਹ ਭਾਵ ਨਹੀਂ ਲਿਆ ਜਾਣਾ ਚਾਹੀਦਾ ਕਿ ਕਿਸੇ ਭਾਈਚਾਰੇ ਨੂੰ ਸਮਾਜ ਦੇ ਹੋਰਨਾਂ ਭਾਈਚਾਰਿਆਂ ਨਾਲੋਂ ਅਲੱਗ-ਥਲੱਗ ਕਰ ਕੇ ਰੱਖਿਆ ਜਾਵੇ। ਵਿਦਿਅਕ ਅਦਾਰਿਆਂ ਅੰਦਰ ਇਕਸੁਰਤਾ ਦਾ ਮਾਹੌਲ ਪੈਦਾ ਕਰਨ ਦੀਆਂ ਇਹ ਕੋਸ਼ਿਸ਼ਾਂ ਸਵਾਗਤਯੋਗ ਹਨ ਅਤੇ ਸੰਵਿਧਾਨ ਦੇ ਨਿਰਮਾਤਾਵਾਂ ਪ੍ਰਤੀ ਅਕੀਦਤ ਦਾ ਇਜ਼ਹਾਰ ਵੀ ਹਨ ਅਤੇ ਇਨ੍ਹਾਂ ਯਤਨਾਂ ਸਦਕਾ ਹੀ ਭਾਰਤ ਵਿਕਸਤ ਦੁਨੀਆ ਵਿਚ ਆਪਣਾ ਸਨਮਾਨਯੋਗ ਸਥਾਨ ਹਾਸਿਲ ਕਰ ਸਕੇਗਾ।

Advertisement

Advertisement
Author Image

sukhwinder singh

View all posts

Advertisement
Advertisement
×