ਪ੍ਰਿੰਸੀਪਲ ਦੀਆਂ ਬਾਤਾਂ...
ਰਣਜੀਤ ਲਹਿਰਾ
ਸਾਲ 1979 ਵਿਚ ਜਨਿ੍ਹੀਂ ਦਿਨੀਂ ਮੈਂ ਆਈਟੀਆਈ ਬੁਢਲਾਡਾ ਵਿਚ ਦੋ-ਸਾਲਾ ਇਲੈਕਟ੍ਰੀਸ਼ਨ ਵਾਲੇ ਕੋਰਸ ਵਿਚ ਦਾਖਲਾ ਲਿਆ, ਉਨ੍ਹੀਂ ਦਿਨੀਂ ਉਸ ਸੰਸਥਾ ਦੇ ਪ੍ਰਿੰਸੀਪਲ ਜਰਨੈਲ ਸਿੰਘ ਸਨ। ਉਹ ਬਠਿੰਡਾ ਜਿ਼ਲ੍ਹੇ ਦੇ ਪਿੰਡ ਫੂਲ ਦੇ ਜੰਮਪਲ ਸਨ। ਟੇਢੀ ਪੇਚਦਾਰ ਪੱਗ, ਬੰਨ੍ਹੀ ਦਾਹੜੀ ਤੇ ਰਤਾ ਕੁ ਖੜ੍ਹੀਆਂ ਮੁੱਛਾਂ, ਭਰਵਾਂ ਸਰੀਰ ਤੇ ਦਰਮਿਆਨਾ ਜਿਹਾ ਕੱਦ। ਪੂਰੀ ਠੁੱਕਦਾਰ ਸ਼ਖ਼ਸੀਅਤ ਸੀ ਉਨ੍ਹਾਂ ਦੀ। ਉਂਝ ਉਹ ਹੈ ਬੜੇ ਧਾਰਮਿਕ ਖਿਆਲਾਂ ਦੇ ਸਨ, ਪੂਰਨ ਗੁਰਸਿੱਖ। ਬੂੰਗਾ ਸਾਹਿਬ, ਦੋਦੜਾ ਦੇ ਅਨਿੰਨ ਸ਼ਰਧਾਲੂ, ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਕਰਨ ਵਾਲੇ। ਉਨ੍ਹਾਂ ਦੇ ਆਪਣੇ ਲਫਜ਼ਾਂ ਵਿਚ ਕਹਾਂ ਤਾਂ ਉਹ “ਰੱਬ ਤੋਂ ਡਰਨ ਤੇ ਰੱਬ ਦੀ ਰਜ਼ਾ ’ਚ ਰਹਿਣ ਵਾਲੇ’ ਬੰਦੇ ਸਨ।
ਆਈਟੀਆਈ ਦਾ ਗੇਟ ਵੜਦਿਆਂ ਖੱਬੇ ਹੱਥ ਬਣੇ ਸਰਕਾਰੀ ਕੁਆਰਟਰਾਂ ਵਿਚ ਉਨ੍ਹਾਂ ਦੀ ਕੋਠੀ ਐਨ ਉਸ ਥਾਂ ’ਤੇ ਸੀ ਜਿੱਥੋਂ ਸਿੱਧੀ ਸੜਕ ਹੋਸਟਲਾਂ ਵੱਲ ਜਾਂਦੀ ਸੀ, ਤੇ ਜਿਸ ਦੇ ਇੱਕ ਹਿੱਸੇ ਵਿਚ ਜੂਨੀਅਰ ਬੇਸਿਕ ਟ੍ਰੇਨਿੰਗ (ਜੇਬੀਟੀ) ਸਕੂਲ ਚੱਲਦਾ ਸੀ ਅਤੇ ਦੂਜੀ ਸੱਜੇ ਪਾਸੇ ਆਈਟੀਆਈ ਦੇ ਪ੍ਰਬੰਧਕੀ ਕੰਪਲੈਕਸ, ਕਲਾਸ ਰੂਮਾਂ ਤੇ ਵਰਕਸ਼ਾਪ ਨੂੰ ਮੁੜ ਜਾਂਦੀ ਸੀ। ਉਹ ਟਹਿਲਦੇ ਹੋਏ ਤੇ ਵਿਦਿਆਰਥੀਆਂ ਦੀ ਦੁਆ-ਸਲਾਮ ਕਬੂਲ ਕਰਦੇ 9 ਕੁ ਵਜੇ ਦਫ਼ਤਰ ਜਾ ਬੈਠਦੇ ਤੇ ਪ੍ਰਿੰਸੀਪਲ ਵਾਲੀ ਕੁਰਸੀ ’ਤੇ ਬਹਿ ਕੇ ਹਰਾ ਪੈੱਨ ਹੱਥ ਫੜ ਲੈਂਦੇ; ਕਹਿਣ ਨੂੰ ਨਹੀਂ, ਸੱਚੀਓਂ ਵਿਦਿਆਰਥੀਆਂ ਦਾ ਭਲਾ ਕਰਨ ਨੂੰ। ਜਾਪਦਾ ਸੀ- ਕਿਸੇ ਦਾ ਮਾੜਾ ਕਰਨਾ ਉਨ੍ਹਾਂ ਦੇ ਹਿੱਸੇ ਆਇਆ ਹੀ ਨਹੀਂ ਸੀ।
ਵਿਦਿਆਰਥੀਆਂ ਨਾਲ ਸੰਵਾਦ ਰਚਾਉਣ ਲਈ ਉਹ ਅਕਸਰ ਡੇਢ-ਦੋ ਮਹੀਨੇ ਬਾਅਦ ਆਈਟੀਆਈ ਦੇ ਖੁੱਲ੍ਹੇ ਗਰਾਊਂਡ ਵਿਚ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ। ਉਨ੍ਹਾਂ ਦੇ ਬੋਲਾਂ ਵਿਚ ਪੇਂਡੂ ਤੇ ਮਲਵਈ ਸੱਭਿਆਚਾਰ ਦੀ ਸੁਗੰਧ ਘੁਲੀ ਹੁੰਦੀ। ਵਿਚ ਵਿਚ ਢੁੱਕਵੇਂ ਸ਼ੇਅਰਾਂ ਨਾਲ ਗੁੰਦਿਆ ਉਨ੍ਹਾਂ ਦਾ ਅੱਧੇ-ਪੌਣੇ ਘੰਟੇ ਦਾ ਲੈਕਚਰ ਸਾਰੇ ਵਿਦਿਆਰਥੀ ਚਾਅ ਨਾਲ ਸੁਣਦੇ। ਉਹ ਪੜ੍ਹਾਈ ਦੀ ਗੱਲ ਕਰਦੇ, ਚੰਗੀ ਜੀਵਨ ਜਾਚ ਤੇ ਉੱਚੀ-ਸੁੱਚੀ ਨੈਤਿਕਤਾ ਦਾ ਪਾਠ ਪੜ੍ਹਾਉਂਦੇ। ਵਿਦਿਆਰਥਣਾਂ ਨੂੰ ਆਪਣੇ ਮਾਪਿਆਂ ਦੀ ਪੱਗ ਦਾ ਖਿਆਲ ਰੱਖਣ ਲਈ ਕਹਿੰਦੇ। ਵਿਦਿਆਰਥੀਆਂ ਨੂੰ ਸੰਸਥਾ ਦਾ ਮਾਹੌਲ ਸੁਖਦ ਰੱਖਣ ਅਤੇ ਆਪਣੀਆਂ ਸਮੱਸਿਆਵਾਂ ਬੇਝਿਜਕ ਦੱਸਣ ਲਈ ਕਹਿੰਦੇ। ਉਹ ਵਿਦਿਆਰਥੀਆਂ ਨੂੰ ਆਪਣੀਆਂ ਸਮੱਸਿਆਵਾਂ ਖੁਦ ਆਪ ਦਫ਼ਤਰ ਆ ਕੇ ਦੱਸਣ ਲਈ ਵੀ ਕਹਿੰਦੇ ਤੇ ਮਾੜੇ ਮਾੜੇ ਕੰਮ ਲਈ ਯੂਨੀਅਨ ਵਾਲਿਆਂ ਨੂੂੰ ਨਾ ਘੜੀਸੀ ਫਿਰਨ ਲਈ ਆਖਦੇ। ਕਦੇ ਕਦੇ ਤਾਂ ਇਹ ਵੀ ਆਖ ਦਿੰਦੇ: “ਯੂਨੀਅਨ ਵਾਲਿਆਂ ਦੀ ਗੱਲ ਵੀ ਸੁਣਿਆ
ਕਰੋ, ਥੋਡੇ ਲਈ ਹੀ ਪੜ੍ਹਾਈ ਛੱਡੀ ਫਿਰਦੇ ਨੇ।”
ਇੱਕ ਗੱਲ ਹੋਰ, ਉਹ ਜਿਹੜੀ ਵੀ ਆਈਟੀਆਈ ਵਿਚ ਜਾਂਦੇ, ਪ੍ਰਕਾਸ਼ ਸਿੰਘ ਨਾਂ ਦੇ ਭਲੇਮਾਣਸ ਜਿਹੇ ਬੰਦੇ ਨੂੰ ਨਾਲ ਰੱਖਦੇ ਜਿਸ ਨੂੰ ਸਾਰੇ ‘ਬਾਦਲ ਸਾਹਿਬ’ ਕਹਿੰਦੇ। ਉਨ੍ਹਾਂ ਦਾ ਉਹ ਸਾਥੀ ਕੰਟੀਨ ਚਲਾਉਂਦਾ, ਕੋਆਪ੍ਰੇਟਿਵ ਕੰਟੀਨ। ਉਸ ਕੰਟੀਨ ਵਿਚ ਵਧੀਆ ਚਾਹ ਦਾ ਗਲਾਸ, ਮੱਠੀ, ਕਰੀਮ-ਲੋਡ ਵਗੈਰਾ ਸਭ ਚੀਜ਼ ਇੱਕੋ ਰੇਟ ਮਿਲਦੀ, ਸਿਰਫ਼ 25 ਪੈਸੇ ਦੀ। ਜਦੋਂ ਕੰਟੀਨ ਮੁਨਾਫ਼ੇ ਵਿਚ ਹੋ ਜਾਂਦੀ ਤਾਂ 20 ਪੈਸ ਦੀ। ਇਸੇ ਲਈ ਲੋਕ ਬਾਹਰੋਂ ਵੀ ਚਾਹ ਪੀਣ ਆ ਜਾਂਦੇ।
ਸਭ ਤੋਂ ਅਹਿਮ ਗੱਲ ਇਹ ਕਿ ਉਨ੍ਹਾਂ ਦੀ ਆਈਟੀਆਈ ਉਸ ਪੰਜਾਬ ਸਟੂਡੈਂਟਸ ਯੂਨੀਅਨ (ਪੀਐੱਸਯੂ) ਦਾ ਗੜ੍ਹ ਸੀ ਜਿਹੜੀ ਖੁੱਲ੍ਹੇਆਮ ਨਾਸਤਿਕਤਾ ਦੀ ਪ੍ਰਚਾਰਕ ਸੀ ਪਰ ਇਹਦੇ ਬਾਵਜੂਦ ਕਦੇ ਵੀ ਯੂਨੀਅਨ ਨੇ ਪ੍ਰਿੰਸੀਪਲ ਖਿਲਾਫ਼ ਮੁਰਦਾਬਾਦ ਦਾ ਨਾਅਰਾ ਨਹੀਂ ਸੀ ਲਾਇਆ; ਹਾਲਾਂਕਿ ਉੱਥੇ ਨਿੱਤ ਰੈਲੀਆਂ-ਮੁਜ਼ਾਹਰੇ ਹੁੰਦੇ, ਕਦੇ ਪੁਲੀਸ ਖਿਲਾਫ਼, ਕਦੇ ਰੋਡਵੇਜ਼ ਦੇ ਅਫਸਰਾਂ ਖਿਲਾਫ਼, ਕਦੇ ਪੰਜਾਬ ਤੇ ਕਦੇ ਕੇਂਦਰ ਸਰਕਾਰਾਂ ਖਿਲਾਫ਼। ਵੀਅਤਨਾਮ ਤੋਂ ਲੈ ਕੇ ਅਫਗਾਨਿਸਤਾਨ ’ਤੇ ਸਾਮਰਾਜੀਆਂ ਦੇ ਹਮਲਿਆਂ ਖਿਲਾਫ਼ ਵੱਡੇ ਵੱਡੇ ਮੁਜ਼ਾਹਰੇ ਹੁੰਦੇ ਪਰ ਪ੍ਰਿੰਸੀਪਲ ਜਰਨੈਲ ਸਿੰਘ ਖਿਲਾਫ਼ ਕਦੇ ਕੁਝ ਨਹੀਂ ਸੀ ਹੋਇਆ; ਭਾਵੇਂ ਵਿਚਾਰਾਂ ਦੇ ਪੱਖ ਤੋਂ ਪ੍ਰਿੰਸੀਪਲ ਸਾਹਿਬ ਅਤੇ ਪੀਐੱਸਯੂ ਵਿਚਕਾਰ ਜ਼ਮੀਨ-ਆਸਮਾਨ ਦਾ ਫਰਕ ਸੀ। ਵਿਦਿਆਰਥੀਆਂ ’ਚ ਰੋਜ਼ਾਨਾ ਰੱਬ ਦੀ ਹੋਂਦ ਨੂੰ ਲੈ ਕੇ ਖੱਦੂ-ਖਾੜਾ ਭਖਿਆ ਰਹਿੰਦਾ, ਫਿਰ ਵੀ ਸਿੱਖ ਬਨਾਮ ਕਾਮਰੇਡ ਦਾ ਮੁੱਦਾ ਕਦੇ ਨਹੀਂ ਸੀ ਖੜ੍ਹਾ ਹੋਇਆ।
ਇਸ ਦਾ ਸਭ ਤੋਂ ਵੱਡਾ ਕਾਰਨ ਦੋਵਾਂ ਪਾਸਿਆਂ ਦੀ ਸਮਝਦਾਰੀ ਅਤੇ ਮਨੁੱਖਤਾਵਾਦੀ ਪਹੁੰਚ ਸੀ; ਦੂਜਾ ਕਾਰਨ ਪੀਐੱਸਯੂ ਦੀ ਲੀਡਰਸਿ਼ਪ ਦਾ ਬਾਜ਼ਾਬਤਾ ਹੋਣਾ ਸੀ। ਪ੍ਰਿੰਸੀਪਲ ਜਰਨੈਲ ਸਿੰਘ ਤਾਂ ਅਕਸਰ ਆਪਣੇ ਸੰਬੋਧਨ ਵਿਚ ਸਾਡੇ (ਯੂਨੀਅਨ ਵਾਲਿਆਂ) ਬਾਰੇ ਕਹਿ ਦਿਆ ਕਰਦੇ ਸਨ ਕਿ ਮੈਨੂੰ ਸਭ ਤੋਂ ਚੰਗੇ ਵਿਦਿਆਰਥੀ ਤੁਸੀਂ ਯੂਨੀਅਨ ਵਾਲੇ ਹੀ ਲੱਗਦੇ ਹੋ ਪਰ ਦੁੱਖ ਹੈ ਕਿ ਤੁਸੀਂ ਰੱਬ ਨੂੰ ਨਹੀਂ ਮੰਨਦੇ। ਇਹ ਉਨ੍ਹਾਂ ਦੇ ਵਿਚਾਰ ਸਨ, ਅਸੀਂ ਉਨ੍ਹਾਂ ਦੇ ਕਹਿਣ ’ਤੇ ਕਦੇ ਉਜ਼ਰ ਨਹੀਂ ਸੀ ਕੀਤਾ। ਉਂਝ ਉਨ੍ਹਾਂ ਨੂੰ ਸਾਡੇ ’ਤੇ ਰੱਬ ਵਰਗਾ ਭਰੋਸਾ ਸੀ। ਕਦੇ ਪੁਲੀਸ ਨਾਲ ਝੜਪ ਹੋ ਜਾਂਦੀ ਜਾਂ ਬੱਸਾਂ ਵਾਲਿਆਂ ਨਾਲ ਲੜਾਈ ਹੋ ਜਾਂਦੀ ਤਾਂ ਉਹ ਸਾਡੇ ਹੱਕ ਵਿਚ ਹੀ ਡੱਕਾ ਸੁੱਟਦੇ। ਲੜਕੀਆਂ ਖਿਲਾਫ਼ ਬੁਰਛਾਗਰਦੀ ਦੇ ਮਾਮਲੇ ’ਤੇ ਤਾਂ ਹੋਰ ਵੀ ਡਟ ਕੇ ਖੜ੍ਹਦੇ। ਇੱਥੋਂ ਤੱਕ ਕਿ ਜਦੋਂ ਪੀਐੱਸਯੂ ਨੇ ਐਲਾਨੀਆ ਰੂਪ ਵਿਚ ਜੇਬੀਟੀ ਦੇ ਪ੍ਰਿੰਸੀਪਲ ਨੂੰ (ਕੁੜੀਆਂ ਨੂੰ ਬਲੈਕਮੇਲ ਕਰਨ ਕਰ ਕੇ) ਆਈਟੀਆਈ ਚੌਕ ਵਿਚ ਕੁੱਟਿਆ ਤਾਂ ਉਦੋਂ ਵੀ ਉਨ੍ਹਾਂ ਇਹ ਕਹਿੰਦਿਆਂ ਸਾਡੇ ਹੱਕ ’ਚ ਡੱਕਾ ਸੁੱਟਿਆ ਕਿ ਮੈਂ ਉਹਨੂੰ ਸਮਝਾਇਆ ਸੀ ਕਿ ਪ੍ਰਿੰਸੀਪਲ ਸਾਹਿਬ, ਬੁਰੇ ਕੰਮਾਂ ਦਾ ਨਤੀਜਾ ਬੁਰਾ ਹੀ ਹੁੰਦਾ ਪਰ ਉਹ ਸਮਝਿਆ ਹੀ ਨਹੀਂ। ਬੱਸ ਕਿਰਾਇਆ ਘੋਲ ਦੌਰਾਨ ਗੁਪਤਵਾਸ ਰਹਿਣ ਅਤੇ ਫਿਰ ਜੇਲ੍ਹਾਂ ਵਿਚ ਰਹਿਣ ਕਰ ਕੇ ਸਾਡੀਆਂ ਘਟੀਆਂ ਹਾਜ਼ਰੀਆਂ ਪੂਰਾ ਕਰਾਉਣ ਲਈ ਉਨ੍ਹਾਂ ਤਕਨੀਕੀ ਸਿੱਖਿਆ ਡਾਇਰੈਕਟਰ ਤੋਂ ਮਨਜ਼ੂਰੀ ਲੈਣ ਲਈ ਫੋਨ ’ਤੇ ਕਿਹਾ ਕਿ ਮੇਰਾ ਘਿਰਾਓ ਕਰ ਰੱਖਿਆ, ਮੈਨੂੰ ਦੱਸੋ ਕੀ ਕਰਾਂ? ਹਾਲਾਂਕਿ ਅਸੀਂ ਅਜਿਹਾ ਕੁਝ ਨਹੀਂ ਸੀ ਕੀਤਾ।
ਅੱਜ ਜਦੋਂ ਵਿੱਦਿਅਕ ਸੰਸਥਾਵਾਂ ਵਿਚ ਹਰ ਛੋਟੀ-ਮੋਟੀ ਗੱਲ ਨੂੰ ਕੁਝ ਲੋਕਾਂ ਵੱਲੋਂ ਸਿੱਖ ਬਨਾਮ ਕਾਮਰੇਡ ਬਣਾ ਦਿੱਤਾ ਜਾਂਦਾ ਹੈ ਤਾਂ ਪ੍ਰਿੰਸੀਪਲ ਜਰਨੈਲ ਸਿੰਘ ਦੀ ਯਾਦ ਸਕੂਨ ਦੇਣ ਵਾਲੀ ਹੈ। ਦੁੱਖ ਦੀ ਗੱਲ ਇਹ ਕਿ ਕਦੇ ਵੀ ਕਿਸੇ ਦਾ ਬੁਰਾ ਨਾ ਕਰਨ ਵਾਲੇ ਉਹ ਭਲੇ ਪੁਰਸ਼ ‘ਆਪਣਿਆਂ’ ਦੇ ਦਿੱਤੇ ਕੰਡੇ ਦਾ ਜ਼ਖ਼ਮ ਨਾ ਸਹਾਰ ਸਕੇ ਅਤੇ 28 ਜੁਲਾਈ 1991 ਨੂੰ 52 ਕੁ ਸਾਲ ਦੀ ਉਮਰ ਵਿਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।
ਸੰਪਰਕ: 94175-88616