ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਮਾਰੋਹ
ਕੇਪੀ ਸਿੰਘ
ਗੁਰਦਾਸਪੁਰ, 18 ਨਵੰਬਰ
ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸਥਾਨਕ ਰਾਮ ਸਿੰਘ ਦੱਤ ਯਾਦਗਾਰੀ ਭਵਨ ਵਿੱਚ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਾਲਾਨਾ ਸਨਮਾਨ ਸਮਾਰੋਹ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਮੁੱਖ ਬੁਲਾਰੇ ਪ੍ਰਮੁੱਖ ਚਿੰਤਕ, ਸਮਾਜਕ ਤੇ ਰਾਜਨੀਤਕ ਮਸਲਿਆਂ ਦੇ ਵਿਸ਼ਲੇਸ਼ਕ ਡਾ. ਪਿਆਰਾ ਲਾਲ ਗਰਗ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ, ਸੀਨੀਅਰ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ, ਮੀਤ ਪ੍ਰਧਾਨ ਸ਼ੈਲਿੰਦਰਜੀਤ ਸਿੰਘ ਰਾਜਨ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ (ਸਾਰੇ ਕੇਂਦਰੀ ਪੰਜਾਬੀ ਲੇਖਕ ਸਭਾ), ਉੱਘੇ ਵਿਦਵਾਨ ਡਾ. ਕੁਲਦੀਪ ਪੁਰੀ, ਜ਼ਿਲ੍ਹਾ ਸਾਹਿਤ ਕੇਂਦਰ ਦੇ ਪ੍ਰਧਾਨ ਡਾ. ਲੇਖ ਰਾਜ, ਸੰਯੋਜਕ ਮੱਖਣ ਕੁਹਾੜ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਅਤੇ ਕਹਾਣੀਕਾਰ ਲਾਲ ਸਿੰਘ ਦਸੂਆ ਸ਼ਾਮਲ ਹੋਏ। ਸਮਾਰੋਹ ਦੌਰਾਨ ਪ੍ਰਮੁੱਖ ਬੁਲਾਰੇ ਡਾ. ਪਿਆਰਾ ਲਾਲ ਗਰਗ ਨੇ ਪੰਜਾਬ ਖ਼ੁਸ਼ਹਾਲੀ ਤੋਂ ਬਦਹਾਲੀ ਵੱਲ ਵਧਣ ਦੇ ਕਾਰਨ ਬਾਰੇ ਜਾਣਕਾਰੀ ਦਿੰਦਿਆਂ ਗੁਰੂ ਨਾਨਕ ਦੇਵ ਅਤੇ ਕਾਰਲ ਮਾਰਕਸ ਦੇ ਸਿਧਾਂਤਾਂ ਬਾਰੇ ਪ੍ਰਮੁੱਖ ਤੌਰ ’ਤੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਸਰਕਾਰਾਂ ਲੋਕਾਂ ਲਈ ਰੁਜ਼ਗਾਰ ਪੈਦਾ ਕਰਨ ਦੀ ਬਜਾਏ ਕਾਰਪੋਰੇਟ ਸੈਕਟਰ ਦਾ ਪੱਖ ਪੂਰ ਰਹੀਆਂ ਹਨ। ਪੰਜਾਬ ਨੂੰ ਮਾਰਨ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਜ਼ਿਲ੍ਹਾ ਸਾਹਿਤ ਕੇਂਦਰ ਵੱਲੋਂ ਕਹਾਣੀਕਾਰ ਰਤਨ ਸਿੰਘ ਕੰਵਲ ਵਾਸੀ ਅਨੰਤਨਾਗ (ਜੰਮੂ -ਕਸ਼ਮੀਰ) ਨੂੰ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਐਵਾਰਡ ਅਤੇ ਕਹਾਣੀਕਾਰ ਅਲਫਾਜ਼ ਨੂੰ ਉਤਸ਼ਾਹ ਵਰਧਕ ਸਨਮਾਨ ਅਤੇ ਵਿਸ਼ਵ ਪ੍ਰਸਿੱਧ ਲੇਖਕ ਡਾ. ਧਰਮ ਸਿੰਘ ਗੁਰਾਇਆ (ਯੂਐੱਸਏ) ਨੂੰ ਡਾ. ਨਿਰਮਲ ਸਿੰਘ ਆਜ਼ਾਦ ਯਾਦਗਾਰੀ ਐਵਾਰਡ ਨਾਲ ਸਨਮਾਨਿਆ ਗਿਆ। ਸੀਤਲ ਗੁੰਨੋਪੁਰੀ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖ਼ੂਬੀ ਨਿਭਾਈ। ਇਸ ਮੌਕੇ ਜ਼ਿਲ੍ਹਾ ਸਾਹਿਤ ਕੇਂਦਰ ਦੇ ਪ੍ਰਧਾਨ ਡਾ ਲੇਖ ਰਾਜ, ਨੁਮਾਇੰਦੇ ਡਾ.ਰਾਜਵਿੰਦਰ ਕੌਰ ਨਾਗਰਾ, ਸੁੱਚਾ ਸਿੰਘ ਪਸਨਾਵਾਲ, ਸੁਖਵਿੰਦਰ ਸਿੰਘ ਰੰਧਾਵਾ, ਗੁਰਮੀਤ ਸਿੰਘ ਬਾਜਵਾ, ਗੁਰਪ੍ਰੀਤ ਰੰਗੀਲਪੁਰ, ਬੂਟਾ ਰਾਮ ਆਜ਼ਾਦ, ਸੋਹਣ ਸਿੰਘ ਹਾਜ਼ਰ ਸਨ।