ਪ੍ਰਿੰਸੀਪਲ ਖੁਦਕੁਸ਼ੀ ਮਾਮਲਾ: ਡੀਈਓ ਨੇ ਰਿਪੋਰਟ ਮੁੱਖ ਦਫ਼ਤਰ ਨੂੰ ਭੇਜੀ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 4 ਜੁਲਾਈ
ਜ਼ਿਲ੍ਹਾ ਸੰਗਰੂਰ ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖੋਰਾਂ ਕਲਾਂ ਦੇ ਇੰਚਾਰਜ ਪ੍ਰਿੰਸੀਪਲ ਧਰਮਵੀਰ ਸੈਣੀ ਜਿਨ੍ਹਾਂ ਲੰਘੇ ਦਿਨ ਖੁਦਕੁਸ਼ੀ ਕਰ ਲਈ ਸੀ, ਦਾ ਅੱਜ ਖਨੌਰੀ ਨੇੜਲੇ ਜੱਦੀ ਪਿੰਡ ਭੂਲਨ ਵਿੱਚ ਸਸਕਾਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਸਰਕਾਰੀ ਹਸਪਤਾਲ ਮੂਨਕ ਵਿੱਚ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਹੋਇਆ, ਇਸ ਮਗਰੋਂ ਪਿੰਡ ਭੂਲਣ ਵਿੱਚ ਸਸਕਾਰ ਹੋਇਆ। ਖੁਦਕੁਸ਼ੀ ਮਾਮਲੇ ’ਚ ਮੂਨਕ ਪੁਲੀਸ ਨੇ ਮ੍ਰਿਤਕ ਪ੍ਰਿੰਸੀਪਲ ਧਰਮਵੀਰ ਸੈਣੀ ਦੀ ਪਤਨੀ ਰਣਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਪੰਜ ਅਧਿਆਪਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਉੱਧਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸੰਗਰੂਰ ਵੱਲੋਂ ਘਟਨਾ ਨਾਲ ਸਬੰਧਤ ਮਾਮਲੇ ਦੀ ਰਿਪੋਰਟ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਡੀਈਓ ਸੈਕੰਡਰੀ ਬਲਜਿੰਦਰ ਕੌਰ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਬਖੋਰਾਂ ਕਲਾਂ ਦੇ ਇੰਚਾਰਜ ਤੋਂ ਰਿਪੋਰਟ ਪ੍ਰਾਪਤ ਕਰਕੇ ਮੁੱਖ ਦਫ਼ਤਰ ਨੂੰ ਭੇਜੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੇ ਪੰਜ ਅਧਿਆਪਕਾਂ ਖ਼ਿਲਾਫ਼ ਪੁਲੀਸ ਕੇਸ ਦਰਜ ਹੋਇਆ ਹੈ, ਉਨ੍ਹਾਂ ਵਲੋਂ ਅੱਜ ਛੁੱਟੀ ਭੇਜੀ ਗਈ ਸੀ ਪਰੰਤੂ ਛੁੱਟੀ ਰੱਦ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਰਿਪੋਰਟ ਵੀ ਮੁੱਖ ਦਫਤਰ ਨੂੰ ਭੇਜ ਦਿੱਤੀ ਗਈ ਹੈ।
ਥਾਣਾ ਮੂਨਕ ਦੇ ਐਸ.ਐਚ.ਓ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਅੱਜ ਮ੍ਰਿਤਕ ਅਧਿਆਪਕ ਦਾ ਮੂਨਕ ਵਿੱਚ ਪੋਸਟ ਮਾਰਟਮ ਕਰਵਾ ਕੇ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਖੁਦਕੁਸ਼ੀ ਕੇਸ ਵਿਚ ਸ਼ਾਮਲ ਪੰਜ ਅਧਿਆਪਕਾਂ ਦੀ ਗ੍ਰਿਫ਼ਤਾਰੀ ਹਾਲੇ ਨਹੀਂ ਹੋਈ ਕਿਉਂਕਿ ਉਹ ਘਰ ਨਹੀਂ ਹਨ।