ਘੁੰਮਣ ਨੂੰ ‘ਪ੍ਰਿੰਸੀਪਲ ਆਫ਼ ਦਿ ਈਯਰ’ ਪੁਰਸਕਾਰ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 23 ਨਵੰਬਰ
ਇੱਥੋਂ ਦੇ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਦਾ ਪ੍ਰਿੰਸੀਪਲ ਆਫ਼ ਦਿ ਈਯਰ ਐਵਾਰਡ ਨਾਲ ਸਨਮਾਨਿਆ ਗਿਆ। ਇਹ ਪੁਰਸਕਾਰ ਉਨ੍ਹਾਂ ਨੂੰ ਚੰਡੀਗੜ੍ਹ ਵਿਚ ਪਲਸ ਮੀਡੀਆ ਯੂਨੀਵਰਸਲ ਮੈਂਟਰਜ ਐਸੋਸ਼ੀਏਸ਼ਨ ਵਲੋਂ ਸੀਬੀਐਸਈ ਦੇ ਰਿਜਨਲ ਅਫਸਰ ਚੰਦਰ ਸ਼ੇਖਰ ਹਰਿਆਣਾ, ਹਿਮਾਚਲ, ਸਕੂਲ ਸਿੱਖਿਆ ਵਿਭਾਗ ਦੇ ਸਟੇਟ ਪ੍ਰੋਗਰਾਮ ਅਫਸਰ ਡਾ. ਪ੍ਰਮੋਦ ਕੁਮਾਰ ਤੇ ਸੈਕੰਡਰੀ ਸਕੂਲ ਸਿੱਖਿਆ ਵਿਭਾਗ ਹਰਿਆਣਾ ਦੇ ਸਹਾਇਕ ਡਾਇਰੈਕਟਰ ਅਕੈਡਮਿਕ ਕੁਲਦੀਪ ਮਹਿਤਾ ਦੀ ਮੌਜੂਦਗੀ ਵਿਚ ਦਿੱਤਾ ਗਿਆ।
ਚੰਦਰ ਸ਼ੇਖਰ ਨੇ ਇਸ ਮੌਕੇ ਕਿਹਾ ਕਿ ਮੌਜੂਦਾ ਦੌਰ ਵਿਚ ਸਿੱਖਿਆ ਦੇ ਖੇਤਰ ’ਚ ਕੰਮ ਕਰਨ ਵਾਲੀਆਂ ਸਖਸ਼ੀਅਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਅਕਾਦਮਿਕ ਖੇਤਰ ਵਿਚ ਕਾਰਜ ਕਰਨ ਲਈ ਅੱਗੇ ਆਉਣ। ਜ਼ਿਕਰਯੋਗ ਹੈ ਕਿ ਡਾ. ਆਰਐਸ ਘੁੰਮਣ ਪਿਛਲੇ 42 ਸਾਲਾਂ ਤੋਂ ਸਿੱਖਿਆ ਦੇ ਖੇਤਰ ਨਾਲ ਜੁੜੇ ਹੋਏ ਹਨ ਤੇ ਉਨ੍ਹਾਂ ਵੱਲੋਂ ਸਿੱਖਿਅਤ ਵਿਦਿਆਰਥੀ ਅੱਜ ਕਈ ਉੱਚ ਅਹੁਦਿਆਂ ’ਤੇ ਦੇਸ਼ ਤੇ ਸਮਾਜ ਦੀ ਸੇਵਾ ਲਈ ਕੰਮ ਕਰ ਰਹੇ ਹਨ। ਡਾ. ਘੁੰਮਣ ਵੱਲੋਂ ਸੰਚਾਲਿਤ ਸਿੱਖਿਆ ਸੰਸਥਾਵਾਂ ਸਮਾਜ ਵਿਚ ਅਹਿਮ ਸਥਾਨ ਰਖੱਦੀਆਂ ਹਨ।
ਕਿਉਂਕਿ ਇਨ੍ਹਾਂ ਸੰਸਥਾਵਾਂ ’ਚ ਅਨੁਸ਼ਾਸਨ, ਸਿੱਖਿਆ, ਖੇਡ ਤੇ ਸੰਸਕ੍ਰਿਤੀ ਗਤੀਵਿਧੀਆਂ ਦਾ ਸੰਗਮ ਦੇਖਣ ਨੂੰ ਮਿਲਦਾ ਹੈ। ਡਾ. ਘੁੰਮਣ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਪਰਿਵਾਰ, ਅਧਿਆਪਕਾਂ ਤੇ ਸਿੱਖਿਆ ਦੇ ਖੇਤਰ ਨਾਲ ਜੁੜੇ ਹਰ ਵਿਅਕਤੀ ਦੇ ਸਿਰ ਬੰਨ੍ਹਿਆ। ਇਸ ਮੌਕੇ ਕੈਬਨਿਟ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ, ਵਿਧਾਇਕ ਰਾਮ ਕਰਣ ਕਾਲਾ, ਭਾਜਪਾ ਆਗੂ ਸੁਭਾਸ਼ ਕਲਸਾਣਾ ਤੇ ਡਾ. ਐੱਸਐਸ ਆਹੂਜਾ ਆਦਿ ਨੇ ਉਨ੍ਹਾਂ ਨੂੰ ਪੁਰਸਕਾਰ ਮਿਲਣ ’ਤੇ ਵਧਾਈ ਦਿੱਤੀ ਹੈ।