ਪ੍ਰਿੰਸੀਪਲ ਇਕਬਾਲ ਸਿੰਘ ਯਾਦਗਾਰੀ ਭਾਸ਼ਣ
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 19 ਮਾਰਚ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਐਨ ਵਿਭਾਗ ਵਲੋਂ ਪ੍ਰਿੰਸੀਪਲ ਇਕਬਾਲ ਸਿੰਘ ਯਾਦਗਾਰੀ ਭਾਸ਼ਣ ਕਰਾਇਆ ਗਿਆ। ਉਦਘਾਟਨੀ ’ਤੇ ਸਵਾਗਤੀ ਸ਼ਬਦ ਗੁਰੂ ਨਾਨਕ ਅਧਿਐਨ ਵਿਭਾਗ ਦੇ ਮੁਖੀ ਪ੍ਰੋ. ਅਮਰਜੀਤ ਸਿੰਘ ਨੇ ਪ੍ਰਿੰਸੀਪਲ ਇਕਬਾਲ ਸਿੰਘ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਵਲੋਂ ਕੀਤੇ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਿੱਖਿਆ ਦੇ ਖੇਤਰ, ਦੇਸ਼ ਦੀ ਆਜ਼ਾਦੀ, ਸਾਕਾ ਨਨਕਾਣਾ ਸਾਹਿਬ, ਸਾਕਾ ਪੰਜਾ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਸੰਘਰਸ਼ ਲਈ ਨਿਭਾਈ ਗਈ ਭੂਮਿਕਾ ਬਾਰੇ ਦੱਸਿਆ।ਪ੍ਰੋ. ਬਿਕਰਮਜੀਤ ਸਿੰਘ ਬਾਜਵਾ ਡੀਨ ਅਕਾਦਮਿਕ ਮਾਮਲੇ ਨੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਨਸ਼ਿਆਂ ਦੇ ਪਰਿਵਾਰ, ਸਮਾਜ, ਬੱਚਿਆਂ, ਵਿਦਿਆਰਥੀਆਂ ਆਦਿ ’ਤੇ ਪਏ ਮਾੜੇ ਪ੍ਰਭਾਵਾਂ ਦਾ ਜ਼ਿਕਰ ਕਰਦਿਆਂ ਇਸ ਨੂੰ ਮਨੁੱਖੀ ਸਮਾਜ ਅਤੇ ਦੇਸ਼ ਲਈ ਇਕ ਗੰਭੀਰ ਖਤਰਾ ਦੱਸਿਆ। ਇਸ ਯਾਦਗਰੀ ਭਾਸ਼ਣ ਦੇ ਮੁੱਖ ਵਕਤਾ ਡਾ. ਮਨਮੋਹਨ ਸਿੰਘ ਆਈ.ਪੀ.ਐਸ ਨੇ ਨਸ਼ਿਆਂ ਦੀ ਸਮੱਸਿਆ ਦੇ ਮੂਲ ਕਾਰਨਾ ਅਤੇ ਨਸ਼ਿਆਂ ਦੇ ਸੇਵਨ ਦੀ ਜੜ੍ਹ ਨੂੰ ਹਰੀ ਕ੍ਰਾਂਤੀ ਵਿੱਚੋਂ ਲੱਭਣ ਦਾ ਯਤਨ ਕੀਤਾ। ਉਨ੍ਹਾਂ ਨੇ ਪੰਜਾਬ ਦੇ ਵਰਤਮਾਨ ਹਾਲਾਤ, ਹੱਦ ਤੋਂ ਵੱਧ ਵਿਆਹਾਂ ’ਤੇ ਖਰਚਾ, ਵਿਖਾਵਾ, ਪਾਣੀ ਦੇ ਪੱਧਰ ਦਾ ਨੀਵਾਂ ਜਾਣਾ, ਤਲਾਕ ਦੀ ਸਮੱਸਿਆ ਆਦਿ ਦਾ ਜ਼ਿਕਰ ਕੀਤਾ।