ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਫੁਟਬਾਲ ਟੂਰਨਾਮੈਂਟ ਸ਼ੁਰੂ
ਜੰਗ ਬਹਾਦਰ ਸਿੰਘ ਸੇਖੋ
ਗੜ੍ਹਸ਼ੰਕਰ, 15 ਫਰਵਰੀ
ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਖੇਡ ਮੈਦਾਨਾਂ ਵਿੱਚ 61ਵਾਂ ਆਲ ਇੰਡੀਆ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਫੁਟਬਾਲ ਟੂਰਨਾਮੈਂਟ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਸ਼ਾਨੋ-ਸ਼ੌਕਤ ਸ਼ੌਕਤ ਨਾਲ ਸ਼ੁਰੂ ਹੋ ਗਿਆ। ਅੱਜ ਦੇ ਉਦਘਾਟਨੀ ਮੈਚਾਂ ਵਿੱਚ ਟਾਟਾ ਟਿਸਕੋਨ ਦੇ ਸੀਨੀਅਰ ਸੇਲਜ਼ ਮੈਨੇਜਰ ਅਭਿਸ਼ੇਕ ਕੁਮਾਰ ਅਤੇ ਡਿਸਟਰੀਬਿਊਟਰ (ਪੰਜਾਬ) ਅਰੁਨ ਹਾਂਡਾ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ਜਦਕਿ ਸਿੱਖ ਵਿੱਦਿਅਕ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ, ਸਰਪ੍ਰਸਤ ਡਾ. ਜੰਗ ਬਹਾਦਰ ਸਿੰਘ ਰਾਏ, ਅਰਜੁਨ ਐਵਾਰਡੀ ਗੁਰਦੇਵ ਸਿੰਘ ਗਿੱਲ, ਸ਼ਵਿੰਦਰਜੀਤ ਸਿੰਘ ਬੈਂਸ ਸੇਵਾ ਮੁਕਤ ਐੱਸਪੀ ਨੇ ਵਿਸ਼ੇਸ਼ ਮਹਿਮਾਨਾਂ ਵੱਜੋਂ ਹਾਜ਼ਰੀ ਭਰੀ। ਇਸ ਮੌਕੇ ਹਾਜ਼ਰ ਪਤਵੰਤੇ ਮਹਿਮਾਨਾਂ ਵੱਲੋਂ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਗਈ ਅਤੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਪ੍ਰੇਰਨਾ ਦਿੱਤੀ। ਟੂਰਨਾਮੈਂਟ ਦਾ ਪਹਿਲਾ ਮੈਚ ਕਾਲਜ ਵਰਗ ਅਧੀਨ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਅਤੇ ਖਾਲਸਾ ਕਾਲਜ ਮਾਹਿਲਪੁਰ ਦੀਆਂ ਟੀਮਾਂ ਵਿਚਕਾਰ ਹੋਇਆ ਜਿਸ ਵਿੱਚ ਖਾਲਸਾ ਕਾਲਜ ਮਾਹਿਲਪੁਰ ਦੀ ਟੀਮ ਨੇ ਵਿਰੋਧੀ ਟੀਮ ਨੂੰ 2-1 ਦੇ ਅੰਤਰ ਨਾਲ ਹਰਾਇਆ। ਟੂਰਨਾਮੈਂਟ ਦੇ ਕਲੱਬ ਵਰਗ ਦੇ ਦੂਜੇ ਮੈਚ ਵਿੱਚ ਫੁਟਬਾਲ ਅਕੈਡਮੀ, ਦਿੱਲੀ ਨੇ ਜੇਸੀਟੀ ਅਕੈਡਮੀ, ਫਗਵਾੜਾ ਨੂੰ 3-1 ਦੇ ਫਰਕ ਨਾਲ ਹਰਾਇਆ। ਇਸ ਮੌਕੇ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਨੇ ਦੱਸਿਆ 22 ਫਰਵਰੀ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਦੇਸ਼ ਭਰ ਦੇ ਚੋਟੀ ਦੇ ਕਲੱਬ, ਅਕੈਡਮੀਆਂ ਅਤੇ ਕਾਲਜਾਂ ਦੀਆਂ ਟੀਮਾਂ ਦੇ ਫਸਵੇਂ
ਮੁਕਾਬਲੇ ਇਲਾਕੇ ਦੇ ਫੁੱਟਬਾਲ ਪ੍ਰੇਮੀਆਂ ਨੂੰ ਦੇਖਣ ਨੂੰ ਮਿਲਣਗੇ। ਇਸ ਮੌਕੇ ਗੁਰਪ੍ਰੀਤ ਸਿੰਘ ਬੈਂਸ, ਅਨੂਪ ਸਿੰਘ ਲੱਡੂ, ਹਰਜਿੰਦਰ ਸਿੰਘ ਗਿੱਲ, ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ, ਦਲਜੀਤ ਸਿੰਘ ਬੈਂਸ, ਨਛੱਤਰ ਸਿੰਘ ਗਿੱਲ, ਸੇਵਕ ਸਿੰਘ ਬੈਂਸ, ਕੋਚ ਹਰਨੰਦਨ ਖਾਬੜਾ, ਤਰਲੋਚਨ ਸਿੰਘ, ਲੇਖਕ ਬਲਜਿੰਦਰ ਮਾਨ, ਵਰਿੰਦਰ ਸਿੰਘ ਭੰਵਰਾ, ਮਾਸਟਰ ਬਨਿੰਦਰ ਸਿੰਘ, ਡਾ. ਪਰਮਪ੍ਰੀਤ ਕੈਂਡੋਵਾਲ ਤੇ ਅੱਛਰ ਜੋਸ਼ੀ ਆਦਿ ਹਾਜ਼ਰ ਸਨ।