For the best experience, open
https://m.punjabitribuneonline.com
on your mobile browser.
Advertisement

ਪ੍ਰਿੰਸੀਪਲ ’ਤੇ ਮਹਿਲਾ ਅਧਿਆਪਕਾਂ ਨਾਲ ਦੁਰਵਿਹਾਰ ਦਾ ਦੋਸ਼

11:08 AM Mar 09, 2024 IST
ਪ੍ਰਿੰਸੀਪਲ ’ਤੇ ਮਹਿਲਾ ਅਧਿਆਪਕਾਂ ਨਾਲ ਦੁਰਵਿਹਾਰ ਦਾ ਦੋਸ਼
ਪੁਲੀਸ ਅਧਿਕਾਰੀ ਨੂੰ ਮਿਲਣ ਬਠਿੰਡਾ ਪਹੁੰਚੇ ਵਫ਼ਦ ਦੇ ਮੈਂਬਰ ਤੇ ਉਨ੍ਹਾਂ ਦੇ ਸਹਿਯੋਗੀ।
Advertisement

ਸ਼ਗਨ ਕਟਾਰੀਆ
ਬਠਿੰਡਾ, 8 ਮਾਰਚ
ਡੈਮੋਕਰੈਟਿਕ ਟੀਚਰਜ਼ ਫਰੰਟ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਵਫ਼ਦ ਨੇ ਇੱਥੇ ਐੱਸਪੀ (ਐੱਚ) ਨੂੰ ਮਿਲ ਕੇ ਆਦਰਸ਼ ਸਕੂਲ ਪਿੰਡ ਚਾਉਕੇ ਦੇ ਪ੍ਰਿੰਸੀਪਲ ’ਤੇ ਮਹਿਲਾ ਅਧਿਆਪਕਾਂ ਨਾਲ ਕਥਿਤ ਦੁਰਵਿਹਾਰ ਕਰਨ ਦਾ ਦੋਸ਼ ਲਾਉਂਦਿਆਂ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਵਫ਼ਦ ’ਚ ਸ਼ਾਮਲ ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਵੱਲੋਂ ਸਕੂਲ ਅਧਿਆਪਕਾਵਾਂ ਨੂੰ ਨਿਯਮਾਂ ਦੇ ਉਲਟ ਘੱਟ ਤਨਖਾਹ ਦੇ ਕੇ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਪ੍ਰਿੰਸੀਪਲ ’ਤੇ ਪੰਜ ਮਹਿਲਾ ਅਧਿਆਪਕਾਵਾਂ ਨਾਲ ਕਥਿਤ ਇਤਰਾਜ਼ਯੋਗ ਹਰਕਤਾਂ ਅਤੇ ਝੂਠੀਆਂ ਸ਼ਿਕਾਇਤਾਂ ਵਿੱਚ ਉਲਝਾ ਕੇ ਨੌਕਰੀ ਤੋਂ ਕੱਢਣ ਲਈ ਮਾਹੌਲ ਪੈਦਾ ਕਰਨ ਦੇ ਗੰਭੀਰ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਕਰੀਬ ਛੇ ਮਹੀਨੇ ਪਹਿਲਾਂ ਵੀ ਅਜਿਹੇ ਮਾਹੌਲ ਦੌਰਾਨ ਕੁਝ ਮਹਿਲਾ ਅਧਿਆਪਕਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਸੀ। ਆਗੂ ਨੇ ਦੱਸਿਆ ਕਿ ਵਫ਼ਦ ਨੇ ਪੁਲੀਸ ਅਧਿਕਾਰੀ ਤੋਂ ਪ੍ਰਿੰਸੀਪਲ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੀੜਤ ਅਧਿਆਪਕਾਵਾਂ ਨੂੰ ਇਨਸਾਫ਼ ਦੁਆਉਣ ਤੱਕ ਲੜਾਈ ਜਾਰੀ ਰੱਖੀ ਜਾਵੇਗੀ। ਵਫ਼ਦ ’ਚ ਰੇਸ਼ਮ ਸਿੰਘ ਤੋਂ ਇਲਾਵਾ ਜਸਵਿੰਦਰ ਸਿੰਘ, ਨਵਚਰਨਪ੍ਰੀਤ ਕੌਰ, ਹਰਪ੍ਰੀਤ ਸਿੰਘ, ਅਨਿਲ ਭੱਟ, ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਜਵੰਧਾ, ਬਲਦੇਵ ਸਿੰਘ, ਅਰਸ਼ਦੀਪ ਸਿੰਘ, ਨਿਰਮਲ ਸਿੰਘ ਸ਼ਾਮਲ ਸਨ।

Advertisement

ਪ੍ਰਿੰਸੀਪਲ ਨੇ ਦੋਸ਼ ਮਨਘੜਤ ਤੇ ਬੇਬੁਨਿਆਦ ਦੱਸੇ

ਪ੍ਰਿੰਸੀਪਲ ਬਘੇਲ ਸਿੰਘ ਨੇ ਆਪਣੇ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਮਨਘੜਤ ਅਤੇ ਬੇਬੁਨਿਆਦ ਕਰਾਰ ਦਿੰਦਿਆਂ ਇਸ ਦੇ ਪਿਛੋਕੜੀ ਕਾਰਨ ਗਿਣਾਏ। ਉਨ੍ਹਾਂ ਦੱਸਿਆ ਕਿ ਕੁਝ ਸਕੂਲ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਡੰਡਿਆਂ ਨਾਲ ਕੁੱਟਣ ਦੇ ਮਾਮਲੇ ਦੀ ਹਾਲ ’ਚ ਹੀ ਡੀਈਓ ਦਫ਼ਤਰ ਨੇ ਪੜਤਾਲ ਕੀਤੀ ਹੈ। ਇੰਜ ਹੀ ਅਯੋਗ ਭਰਤੀ ਹੋਏ ਕੁੱਝ ਟੀਚਰਾਂ ਨੂੰ ਆਪਣੇ ਯੋਗਤਾ ਸਰਟੀਫਿਕੇਟ ਪੇਸ਼ ਕਰਨ ਲਈ ਉਨ੍ਹਾਂ ਨੋਟਿਸ ਜਾਰੀ ਕੀਤੇ ਹਨ। ਇਸੇ ਤਰ੍ਹਾਂ ਸਕੂਲ ਪੇਂਡੂ ਖੇਤਰ ਦਾ ਹੋਣ ਕਰਕੇ ਅਧਿਆਪਕਾਂ ਨੂੰ ਸਾਦਾ ਪਹਿਰਾਵਾ ਪਹਿਨਣ ਲਈ ਕਿਹਾ ਜਾਂਦਾ ਹੈ। ਪ੍ਰਿੰਸੀਪਲ ਨੇ ਕਿਹਾ ਕਿ ਇਨ੍ਹਾਂ ਮਦਾਂ ਨੂੰ ਟਿੱਚ ਜਾਨਣ ਵਾਲੇ ਅਧਿਆਪਕ ਹੁਣ ਆਨੇ-ਬਹਾਨੇ ਉਲਟਾ ਉਨ੍ਹਾਂ ’ਤੇ ਝੂਠੀ ਦੂਸ਼ਣਬਾਜ਼ੀ ਕਰ ਕੇ ਖੁਦ ਨੂੰ ਬਚਾਉਣਾ ਚਾਹੁੰਦੇ ਹਨ। ਉਨ੍ਹਾਂ ਇੱਕ ਅਧਿਆਪਕ ਜਥੇਬੰਦੀ ਦੇ ਆਗੂਆਂ ’ਤੇ ਫ਼ੋਨ ਕਰ ਕੇ ਧਮਕਾਉਣ ਦਾ ਦੋਸ਼ ਲਾਉਂਦਿਆਂ ਦੱਸਿਆ ਕਿ ਇੰਜ ਸਕੂਲ ਦਾ ਮਾਹੌਲ ਖਰਾਬ ਕਰ ਕੇ ਬੱਚੇ ਹੋਰ ਸਕੂਲਾਂ ’ਚ ਲਿਜਾਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।

Advertisement
Author Image

sukhwinder singh

View all posts

Advertisement
Advertisement
×