For the best experience, open
https://m.punjabitribuneonline.com
on your mobile browser.
Advertisement

ਪ੍ਰਿੰਸ ਸੁਖਦੇਵ ਦੀ ਸੰਗੀਤਕ ਮਹਿਫ਼ਿਲ ਨੇ ਸਰੋਤੇ ਕੀਲੇ

10:51 AM Oct 04, 2023 IST
ਪ੍ਰਿੰਸ ਸੁਖਦੇਵ ਦੀ ਸੰਗੀਤਕ ਮਹਿਫ਼ਿਲ ਨੇ ਸਰੋਤੇ ਕੀਲੇ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਸਰੀ: ਪੰਜਾਬੀ ਬੋਲੀ, ਕਲਾ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਯਤਨਸ਼ੀਲ ਬੀ.ਸੀ. ਦੀ ਉੱਘੀ ਸ਼ਖ਼ਸੀਅਤ ਜਤਿੰਦਰ ਜੇ ਮਨਿਹਾਸ ਵੱਲੋਂ ਰਿਫਲੈਕਸ਼ਨ ਬੈਂਕੁਇਟ ਐਂਡ ਕਨਵੈਨਸ਼ਨ ਸੈਂਟਰ, ਸਰੀ ਵਿਖੇ ਗ਼ਜ਼ਲ ਗਾਇਕ ਪ੍ਰਿੰਸ ਸੁਖਦੇਵ ਨਾਲ ਸੰਗੀਤਕ ਸ਼ਾਮ ਮਨਾਈ ਗਈ। ਇਸ ਮਹਿਫ਼ਿਲ ਦਾ ਆਗਾਜ਼ ਪ੍ਰਮੋਟਰ ਇੰਦਰਜੀਤ ਸਿੰਘ ਬੈਂਸ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ।
ਪ੍ਰਿੰਸ ਸੁਖਦੇਵ ਨੇ ਸੂਫ਼ੀਆਨਾ ਕਲਾਮ ਤੋਂ ਮਹਿਫ਼ਿਲ ਦੀ ਸ਼ੁਰੂਆਤ ਕੀਤੀ ਅਤੇ ਫਿਰ ਇੱਕ ਤੋਂ ਬਾਅਦ ਇੱਕ ‘ਸਾਹਿਬ ਤੇਰੀ ਬੰਦੀ ਹਾਂ, ਚੰਗੀ ਹਾਂ ਜਾਂ ਮੰਦੀ ਹਾਂ’, ‘ਤੁਮਾਰ੍ਹੇ ਸ਼ਹਿਰ ਕਾ ਮੌਸਮ ਬੜਾ ਸੁਹਾਣਾ ਲਗੇ, ਮੈਂ ਏਕ ਸ਼ਾਮ ਚੁਰਾ ਲੂੰ ਅਗਰ ਬੁਰਾ ਨਾ ਲਗੇ’, ‘ਹਾੜ੍ਹਾ ਓਏ ਰੱਬਾ ਵੇ ਮੈਂ ਦਿਲ ਬਦਲਾਉਣਾ’, ‘ਸੋਹਣੀਏ ਜੇ ਤੇਰੇ ਨਾਲ ਦਗ਼ਾ ਮੈਂ ਕਮਾਵਾਂ ਤੇ ਰੱਬ ਦੀ ਸਹੁੰ ਮੈਂ ਮਰ ਜਾਵਾਂ’, ‘ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦੈ’, ‘ਦਿਲ ਤੇਰੀ ਜਾਨ ਨੂੰ ਰੋਵੇ’, ‘ਹਮ ਤੇਰੇ ਸ਼ਹਿਰ ਮੇਂ ਆਏ ਹੈਂ ਮੁਸਾਫ਼ਿਰ ਕੀ ਤਰਹ’, ‘ਤੋੜ ਤਸਵੀ ਤੇ ਭੰਨ ਸੁੱਟ ਲੋਟਾ ਐਵੇਂ ਨ੍ਹੀਂ ਤੈਨੂੰ ਰੱਬ ਲੱਭਣਾ’, ‘ਮਾਏ ਨੀਂ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ ਬਿਰਹੋਂ ਦੀ ਰੜਕ ਪਵੇ’, ‘ਤਾਰਿਆਂ ’ਚ ਰਹਿੰਦੀ ਮੇਰੀ ਮਾਂ ਨੂੰ ਸਲਾਮ’ ਆਦਿ ਗੀਤਾਂ, ਗ਼ਜ਼ਲਾਂ ਨੂੰ ਆਪਣੀ ਸੁਰੀਲੀ ਤੇ ਬੁਲੰਦ ਆਵਾਜ਼ ਵਿੱਚ ਪੇਸ਼ ਕੀਤਾ।
ਇਸ ਮਹਿਫ਼ਿਲ ਵਿੱਚ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਅਸ਼ੋਕ ਬਾਂਸਲ ਮਾਨਸਾ ਨੇ ਗੀਤਾਂ ਦੀ ਗੱਲ ਕਰਦਿਆਂ ਕਿਹਾ ਕਿ ਸਾਡੇ ਗੀਤ ਲੋਰੀਆਂ ਤੋਂ ਵੈਣਾਂ ਤੱਕ ਸਾਡਾ ਸਾਥ ਨਿਭਾਉਂਦੇ ਹਨ। ਉਨ੍ਹਾਂ ਅਫ਼ਸੋਸ ਵੀ ਜ਼ਾਹਰ ਕੀਤਾ ਕਿ ਅਸੀਂ ਬਹੁਤ ਸਾਰੇ ਮਹਾਨ ਗੀਤਕਾਰਾਂ ਨੂੰ ਵਿਸਾਰ ਚੁੱਕੇ ਹਾਂ। ਉਨ੍ਹਾਂ ਭੁੱਲੇ ਵਿਸਰੇ ਪੰਜਾਬੀ ਗੀਤਕਾਰਾਂ ਬਾਰੇ ਆਪਣੀ ਖੋਜ ਪੁਸਤਕ ‘ਮਿੱਟੀ ਨੂੰ ਫਰੋਲ ਜੋਗੀਆਂ’ ਦੇ ਖੋਜ ਕਾਰਜ ਬਾਰੇ ਵੀ ਵਿਚਾਰ ਸਾਂਝੇ ਕੀਤੇ। ਮਹਿਫ਼ਿਲ ਦੇ ਮੇਜ਼ਬਾਨ ਜਤਿੰਦਰ ਜੇ ਮਨਿਹਾਸ ਨੇ ਮਾਂ ਬੋਲੀ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਪਣੀ ਮਾਂ ਬੋਲੀ ਭੁਲਾਉਣ ਵਾਲੇ ਲੋਕਾਂ ਦੇ ਕਈ ਦੇਸ਼ ਆਪਣੀ ਹੋਂਦ ਗੁਆ ਚੁੱਕੇ ਹਨ।

Advertisement

ਸ਼ਾਇਰਾਨਾ ਸ਼ਾਮ 7 ਨੂੰ

ਗ਼ਜ਼ਲ ਮੰਚ ਸਰੀ ਵੱਲੋਂ 7 ਅਕਤੂਬਰ ਨੂੰ ਸ਼ਾਮ 3.30 ਵਜੇ ਸਰੀ ਆਰਟ ਸੈਂਟਰ (13750 88 ਐਵੀਨਿਊ, ਸਰੀ) ਵਿਖੇ ਸ਼ਾਇਰਾਨਾ ਸ਼ਾਮ ਮਨਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰਧਾਨ ਜਸਵਿੰਦਰ ਅਤੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਦੱਸਿਆ ਕਿ ਇਹ ਸ਼ਾਮ ਦਿਲਾਂ ਨੂੰ ਛੋਹ ਲੈਣ ਵਾਲੀ ਸ਼ਾਇਰੀ ਨਾਲ ਸਜੀ ਹੋਵੇਗੀ ਜਿਸ ਵਿੱਚ ਸਥਾਨਕ ਗ਼ਜ਼ਲਗੋਆਂ ਤੋਂ ਇਲਾਵਾ ਅਮਰੀਕਾ ਅਤੇ ਜਰਮਨੀ ਤੋਂ ਵੀ ਪੰਜਾਬੀ ਗ਼ਜ਼ਲਗੋ ਸ਼ਾਮਲ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਹਿਤ ਪ੍ਰੇਮੀ ਇਸ ਵਿੱਚ ਸ਼ਮੂਲੀਅਤ ਕਰਕੇ ਪੰਜਾਬੀ ਸ਼ਾਇਰੀ ਦਾ ਆਨੰਦ ਮਾਣ ਸਕਣਗੇ।

Advertisement

Advertisement
Author Image

Advertisement