ਲੋਕਾਂ ਨੂੰ ਮੁਸ਼ਕਲਾਂ ਤੋਂ ਬਚਾਉਣਾ ਪ੍ਰਧਾਨ ਮੰਤਰੀ ਦੀ ਗਾਰੰਟੀ: ਰਾਜਨਾਥ
ਸਿੰਗਰੌਲੀ, 6 ਅਪਰੈਲ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਜਪਾ ਆਪਣੀ ਗੱਲ ’ਤੇ ਚੱਲਦੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਾਰੰਟੀ ਨਾਗਰਿਕਾਂ ਨੂੰ ਮੁਸ਼ਕਲਾਂ ਤੋਂ ਬਚਾਉਣ ਦੀ ਹੈ ਜਦਕਿ ‘ਬੇਕਾਰ’ ਵਿਰੋਧੀ ਗੱਠਜੋੜ ਨਫ਼ਰਤ ਫੈਲਾਅ ਰਿਹਾ ਹੈ।
ਸਿੱਧੀ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਡਾ. ਰਾਜੇਸ਼ ਮਿਸ਼ਰਾ ਦੇ ਹੱਕ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲਾ ਯੂਪੀਏ ਸ਼ਾਸਨ ਭ੍ਰਿਸ਼ਟਾਚਾਰ ’ਚ ਡੁੱਬਿਆ ਹੋਇਆ ਸੀ ਜਿਸ ਕਾਰਨ ਉਸ ਸਮੇਂ ਕੁਝ ਮੰਤਰੀਆਂ ਨੂੰ ਜੇਲ੍ਹ ਵੀ ਹੋਈ ਸੀ। ਸਿੱਧੀ ਹਲਕੇ ਤੋਂ ਮਿਸ਼ਰਾ ਖ਼ਿਲਾਫ਼ ਕਾਂਗਰਸ ਵੱਲੋਂ ਕਮਲੇਸ਼ ਪਟੇਲ ਉਮੀਦਵਾਰ ਹਨ ਅਤੇ ਇਸ ਸੀਟ ਲਈ ਵੋਟਾਂ 19 ਅਪਰੈਲ ਨੂੰ ਪੈਣੀਆਂ ਹਨ। ਉਨ੍ਹਾਂ ਆਖਿਆ, ‘‘ਪ੍ਰਧਾਨ ਮੰਤਰੀ ਮੋਦੀ ਸੱਚ ਬੋਲਦੇ ਹਨ। ਮੋਦੀ ਦੀ ਗਾਰੰਟੀ ਲੋਕਾਂ ਨੂੰ ਪ੍ਰੇਸ਼ਾਨੀ ਅਤੇ ਮੁਸ਼ਕਲਾਂ ਤੋਂ ਬਚਾਉਣਾ ਹੈ। ਭਾਜਪਾ ਜੋ ਕਹਿੰਦੀ ਹੈ, ਉਹ ਕਰਦੀ ਹੈ। ਉਹ ਜੋ ਕਹਿੰਦੀ ਹੈ ਉਸ ’ਤੇ ਚੱਲਦੀ ਹੈ। ਭਾਰਤੀ ਜਨ ਸੰਘ ਦੇ ਸਮੇਂ ਤੋਂ ਹੀ ਅਸੀਂ ਆਪਣੀ ਗੱਲ ਰੱਖੀ ਹੈ।’’ ਉਨ੍ਹਾਂ ਦਾਅਵਾ ਕੀਤਾ, ‘‘ਭਾਜਪਾ ਆਪਣੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦੇ ਪੂਰੇ ਕਰਦੀ ਹੈ। ਵਿਰੋਧੀ ਗੱਠਜੋੜ ‘ਬੇਕਾਰ’ ਹੋ ਗਿਆ ਹੈ। ਇਹ ਨਫ਼ਰਤ ਅਤੇ ਗਲਤ ਜਾਣਕਾਰੀ ਫੈਲਾਅ ਰਿਹਾ ਹੈ।’’ ਕੇਂਦਰੀ ਮੰਤਰੀ ਨੇ ਆਖਿਆ ਕਿ ਭਾਜਪਾ ਲੋਕਾਂ ’ਤੇ ਰਾਜ ਨਹੀਂ ਕਰਦੀ ਬਲਕਿ ਉਨ੍ਹਾਂ ਦੀ ਸੇਵਾ ਕਰਦੀ ਹੈ। ਪਿਛਲੇ ਦਸ ਸਾਲਾਂ ’ਚ ਐੱਨਡੀਏ ਸਰਕਾਰ ’ਤੇ ਭ੍ਰਿਸ਼ਟਾਚਾਰ ਦਾ ਕੋਈ ਵੀ ਦੋਸ਼ ਨਹੀਂ ਲੱਗਾ। -ਪੀਟੀਆਈ
ਕ੍ਰਿਕਟ ਵਿੱਚ ਧੋਨੀ ਵਾਂਗ ਰਾਹੁਲ ਸਿਆਸਤ ਵਿੱਚ ‘ਬੈਸਟ ਫਿਨਿਸ਼ਰ’
ਭੋਪਾਲ: ਰਾਜਨਾਥ ਸਿੰਘ ਨੇ ਰਾਹੁਲ ਗਾਂਧੀ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਕ੍ਰਿਕਟ ’ਚ ਮਹਿੰਦਰ ਸਿੰਘ ਧੋਨੀ ਵਾਂਗ ਰਾਹੁਲ ਭਾਰਤੀ ਰਾਜਨੀਤੀ ਵਿੱਚ ‘ਬੈਸਟ ਫਿਨਿਸ਼ਰ’’ (ਖੇਡ ਖਤਮ ਕਰਨ ਵਾਲੇ) ਹਨ। ਸਿੱਧੀ ’ਚ ਰੈਲੀ ਦੌਰਾਨ ਉਨ੍ਹਾਂ ਆਖਿਆ ਕਿ ਜਿਹੜੀ ਕਾਂਗਰਸ ਦਾ ਕਿਸੇ ਸਮੇਂ ਭਾਰਤੀ ਸਿਆਸਤ ’ਤੇ ਦਬਦਬਾ ਸੀ ਉਹ ਅੱਜ ਸਿਰਫ ਇੱਕ ਦੋ ਸੂਬਿਆਂ ’ਚ ਹੀ ਉਸ ਦੀ ਸਰਕਾਰ ਰਹਿ ਗਈ ਹੈ। ਭਾਜਪਾ ਨੇਤਾ ਨੇ ਕਿਹਾ, ‘‘ਮੈਨੂੰ ਕਈ ਵਾਰ ਹੈਰਾਨੀ ਹੁੰਦੀ ਹੈ ਕਿ ਇਹ ਕੀ ਹੋ ਰਿਹਾ ਹੈ ਅਤੇ ਮੈਂ ਇਸ ਸਿੱਟੇ ’ਤੇ ਪਹੁੰਚਿਆ। ਕ੍ਰਿਕਟ ’ਚ ਸਰਵੋਤਮ ਫਿਨਿਸ਼ਰ ਕੌਣ ਹੈੈੈ? (ਲੋਕਾਂ ਦੇ ਜਵਾਬ ਮਗਰੋਂ) ਧੋਨੀ। ਜੇਕਰ ਮੈਨੂੰ ਕੋਈ ਪੁੱਛੇ ਕਿ ਭਾਰਤੀ ਰਾਜਨੀਤੀ ’ਚ ‘‘ਬੈਸਟ ਫਿਨਿਸ਼ਰ’’ ਕੌਣ ਹੈ ਤਾਂ ਮੈਂ ਕਹਾਂਗਾ ਕਿ ਇਹ ਰਾਹੁਲ ਗਾਂਧੀ ਹਨ। ਉਨ੍ਹਾਂ ਆਖਿਆ, ‘‘ਰਾਹੁਲ ਨੇ ਸਹੁੰ ਖਾਧੀ ਹੈ ਕਿ ਸਭ ਤੋਂ ਪੁਰਾਣੀ ਪਾਰਟੀ (ਕਾਂਗਰਸ) ਦੇ ਖਤਮ ਹੋਣ ਤੱਕ ਉਹ ਨਹੀਂ ਰੁਕਣਗੇ।’’