ਪੀਏਯੂ ਦੇ ਵਿਦਿਆਰਥੀ ਨੂੰ ਪ੍ਰਧਾਨ ਮੰਤਰੀ ਫੈਲੋਸ਼ਿਪ
ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਨਵੰਬਰ
ਪੀਏਯੂ ਦੇ ਫਸਲ ਵਿਗਿਆਨ ਵਿਭਾਗ ਵਿੱਚ ਪੀਐੱਚਡੀ ਦੇ ਵਿਦਿਆਰਥੀ ਹਰਵੀਰ ਸਿੰਘ ਨੂੰ ਪ੍ਰਧਾਨ ਮੰਤਰੀ ਫੈਲੋਸ਼ਿਪ ਨਾਲ ਨਿਵਾਜ਼ਿਆ ਗਿਆ ਹੈ। ਇਹ ਫੈਲੋਸ਼ਿਪ ਉਸ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਵਿਗਿਆਨ ਅਤੇ ਇੰਜਨੀਅਰਿੰਗ ਖੋਜ ਬੋਰਡ ਵੱਲੋਂ ਭਾਰਤੀ ਉਦਯੋਗ ਸੰਘ ਦੇ ਸਹਿਯੋਗ ਨਾਲ ਦਿੱਤੀ ਗਈ ਜਿਸ ਵਿੱਚ ਇਕ ਨਿੱਜੀ ਭਾਗੀਦਾਰ ਧਾਲੀਵਾਲ ਐਗਰੋ ਵੀ ਸ਼ਾਮਲ ਹੈ। ਇਹ ਫੈਲੋਸ਼ਿਪ 4 ਸਾਲ ਦੇ ਵਕਫੇ ਲਈ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਹਰਵੀਰ ਸਿੰਘ ਵਿਭਾਗ ਦੇ ਮੁੱਖ ਫਸਲ ਵਿਗਿਆਨੀ ਡਾ. ਅਜਮੇਰ ਸਿੰਘ ਬਰਾੜ ਦੀ ਨਿਗਰਾਨੀ ਹੇਠ ਕਣਕ-ਝੋਨਾ ਅਤੇ ਬਸੰਤ ਰੁੱਤ ਦੀ ਮੱਕੀ ਦੇ ਫਸਲੀ ਚੱਕਰ ਵਿੱਚ ਸਿੰਜਾਈ ਅਤੇ ਰਹਿੰਦ-ਖੂੰਹਦ ਦੇ ਪ੍ਰਬੰਧਨ ਨੂੰ ਆਧਾਰ ਬਣਾ ਕੇ ਫਸਲ ਅਤੇ ਪਾਣੀ ਦੀ ਉਤਪਾਦਕਤਾ ਦਾ ਵਿਸ਼ਲੇਸ਼ਣ ਕਰ ਰਿਹਾ ਹੈ। ਪੀ.ਏ.ਯੂ. ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਫਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰੀ ਰਾਮ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਸ੍ਰੀ ਹਰਵੀਰ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।